ਗੁਰੂ ਘਰ ਦੇ ਅਣਥੱਕ ਨਿਸ਼ਕਾਮ ਸੇਵਕ, ਸਿਮਰਨ ਤੇ ਸੇਵਾ ਦੇ ਪੁੰਜ ਸੰਤ ਬਾਬਾ ਖੜਕ ਸਿੰਘ ਦਾ ਜਿੱਥੇ ਗੁਰਧਾਮਾਂ ਦੀ ਸੇਵਾ 'ਚ ਬਹੁਤ ਵੱਡਾ ਯੋਗਦਾਨ ਹੈ, ਉੱਥੇ ਉਨ੍ਹਾਂ ਨੇ ਸਿੱਖਿਆ, ਸੜਕਾਂ, ਪੁਲ ਨਿਰਮਾਣ ਆਦਿ ਸਮਾਜਿਕ ਕੰਮਾਂ 'ਚ ਵੀ ਵੱਡੀ ਸੇਵਾ ਨਿਭਾਈ ਹੈ। ਉਨ੍ਹਾਂ ਨੇ ਲੋਕ ਹਿਤਾਂ ਦੇ ਮਹਾਨ ਤੇ ਇਤਿਹਾਸਕ ਕਾਰਜ ਕਰਵਾਏ। ਉਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਸੋਚ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਉਹ ਕਾਰਜ ਵੀ ਕਰਵਾਏ, ਜੋ ਉਸ ਸਮੇਂ ਦੀਆਂ ਸਰਕਾਰਾਂ ਕਰਨ ਲਈ ਕੰਨੀ ਕਤਰਾਉਂਦੀਆਂ ਸਨ। ਬਾਬਾ ਖੜਕ ਸਿੰਘ ਦਾ ਜਨਮ ਪਿੰਡ ਬਰਕੀ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ 'ਚ) ਵਿਖੇ 1895 ਈ. ਨੂੰ ਹੋਇਆ। ਕੁਝ ਸਮਾਂ ਬਾਅਦ ਉਹ ਆਪਣੇ ਨਾਨਕਾ ਪਿੰਡ ਮਰਗਿੰਦਪੁਰਾ (ਮੱਖੀ) ਨੇੜੇ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਆ ਗਏ। ਉਨ੍ਹਾਂ ਨੇ ਕੁਝ ਸਮਾਂ ਫ਼ੌਜ 'ਚ ਨੌਕਰੀ ਵੀ ਕੀਤੀ। ਉਨ੍ਹਾਂ ਨੇ ਜੈਤੋ ਦੇ ਮੋਰਚੇ ਅਧੀਨ ਜੇਲ੍ਹ ਵੀ ਕੱਟੀ। ਉੱਥੇ ਵੀ ਉਹ ਕੈਦੀਆਂ ਦੀ ਸੇਵਾ ਕਰਦੇ ਰਹੇ। ਜੀਵਨ ਕਾਲ ਦੌਰਾਨ ਉਹ ਦੀਨ-ਦੁਖੀਆਂ ਤੇ ਲੋੜਵੰਦਾਂ ਦੀ ਵੀ ਸੇਵਾ ਕਰਦੇ ਰਹੇ। ਉਹ ਹਰ ਕਾਰਜ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਸ਼ੁਰੂ ਕਰਦੇ। ਉਨ੍ਹਾਂ ਨੂੰ ਗੁਰੂ ਘਰ ਦੇ ਮਹਾਨ ਸੇਵਕ ਬਾਬਾ ਗੁਰਮੁਖ ਸਿੰਘ ਤੇ ਬਾਬਾ ਸਾਧੂ ਸਿੰਘ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਆਪ ਹਮੇਸ਼ਾ ਸਿਮਰਨ ਤੇ ਸੇਵਾ 'ਚ ਜੁਟੇ ਰਹੇ। ਉਨ੍ਹਾਂ ਨੇ ਜਿੱਥੇ ਬਾਬਾ ਬੁੱਢਾ ਸਾਹਿਬ ਦੇ ਪਵਿੱਤਰ ਤੇ ਇਤਿਹਾਸਕ ਸਥਾਨ ਬੀੜ ਸਾਹਿਬ (ਠੱਠਾ) ਸਮੇਤ ਬਹੁਤ ਸਾਰੇ ਗੁਰਧਾਮਾਂ ਦੀਆਂ ਇਮਾਰਤਾਂ ਦੀ ਸੇਵਾ ਕਰਵਾਈ, ਉੱਥੇ ਉਨ੍ਹਾਂ ਪ੍ਰਤੀ ਸੰਗਤ ਦਾ ਪਿਆਰ ਇੰਨਾ ਸੀ ਕਿ ਸਕੂਲ, ਕਾਲਜ, ਸੜਕ ਆਦਿ ਬਣਾਉਣ ਲਈ ਬਾਬਾ ਜੀ ਨੂੰ ਪੂਰਨ ਸਹਿਯੋਗ ਦਿੰਦੇ। ਬੀੜ ਸਾਹਿਬ ਵਿਖੇ ਉਨ੍ਹਾਂ ਵਲੋਂ ਤਿਆਰ ਕਰਾਇਆ ਗਿਆ ਵਿਸ਼ਾਲ ਦੀਵਾਨ ਹਾਲ ਏਸ਼ੀਆ ਦਾ ਸਭ ਤੋਂ ਵੱਡਾ ਬਿਨਾਂ ਥੰਮ੍ਹਾਂ ਤੋਂ ਆਪਣੀ ਕਿਸਮ ਦਾ ਨਿਵੇਕਲਾ ਤੇ ਇਕਲੌਤਾ ਹਾਲ ਹੈ। ਉਨ੍ਹਾਂ ਗੁਰਦੁਆਰਾ ਗੁਰੂ ਕੀ ਵਡਾਲੀ, ਗੁਰਦੁਆਰਾ ਸੰਨ੍ਹ ਸਾਹਿਬ ਸਮੇਤ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਇਮਾਰਤਾਂ ਤੇ ਸਰੋਵਰਾਂ ਦਾ ਨਿਰਮਾਣ ਕਰਵਾਇਆ। ਜਿਸ ਜਗ੍ਹਾ 'ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਵਾਈ, ਉਸ ਜਗ੍ਹਾ 'ਤੇ ਬਾਬਾ ਖੜਕ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਭਵਨ ਦੀ ਉਸਾਰੀ ਕਰਵਾਈ। ਭਵਨ ਨਿਰਮਾਣ ਕਲਾ 'ਚ ਉਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਇੰਜੀਨੀਅਰ ਵੀ ਇਨ੍ਹਾਂ ਤੋਂ ਸਲਾਹ ਲੈ ਕੇ ਕੰਮ ਕਰਦੇ ਰਹੇ। ਸ਼੍ਰੋਮਣੀ ਕਮੇਟੀ ਨੇ ਬਾਬਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਤੇ ਉਸ ਸਮੇਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਾਰੀ ਦੀ ਸੇਵਾ ਇਨ੍ਹਾਂ ਨੂੰ ਸੌਂਪੀ। ਦੇਸ਼ ਦੇ ਵੱਡੇ-ਵੱਡੇ ਸਿਆਸਤਦਾਨ ਉਨ੍ਹਾਂ ਤੋਂ ਸਮੇਂ-ਸਮੇਂ ਸਲਾਹ ਲੈਂਦੇ ਰਹੇ। ਉਹ ਪੰਥਕ ਮਸਲੇ ਵੀ ਸੁਲਝਾਉਂਦੇ ਰਹੇ ਪਰ ਉਹ ਹਮੇਸ਼ਾ ਸਿਆਸਤ ਤੋਂ ਨਿਰਲੇਪ ਰਹੇ ਤੇ ਖ਼ੁਦ ਹੱਥੀਂ ਕੰਮ ਕਰਕੇ ਲੋਕਾਂ ਦੀ ਅਗਵਾਈ ਕਰਦੇ। ਉਨ੍ਹਾਂ ਵਲੋਂ ਨਿਭਾਈਆਂ ਨਿਸ਼ਕਾਮ ਸੇਵਾਵਾਂ ਬਦਲੇ ਬਾਬਾ ਜੀ ਦੇ ਨਾਂਹ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ 'ਉਜਲ ਦੀਦਾਰ, ਨਿਰਮਲ ਆਚਾਰ' ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ।
ਬਾਬਾ ਖੜਕ ਸਿੰਘ ਨੇ ਆਪਣਾ ਉੱਤਰਾਧਿਕਾਰੀ ਆਪਣੇ ਸੇਵਕ ਬਾਬਾ ਦਰਸ਼ਨ ਸਿੰਘ ਨੂੰ ਚੁਣਿਆ। ਅੱਜ-ਕੱਲ੍ਹ ਬਾਬਾ ਦਰਸ਼ਨ ਸਿੰਘ ਦੇ ਸਪੁੱਤਰ ਬਾਬਾ ਸੰਤੋਖ ਸਿੰਘ ਸੇਵਾਵਾਂ ਨਿਭਾਅ ਰਹੇ ਹਨ। ਜਿਸ ਥਾਂ 'ਤੇ ਸੰਨ 1986 ਈ. ਨੂੰ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਸ ਥਾਂ 'ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ, ਜੋ ਗੁਰਦੁਆਰਾ ਬੀੜ ਸਾਹਿਬ (ਠੱਠਾ) ਜ਼ਿਲ੍ਹਾ ਤਰਨ ਤਾਰਨ ਦੇ ਨਜ਼ਦੀਕ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ 31 ਮਈ (17 ਜੇਠ) ਨੂੰ ਉਨ੍ਹਾਂ ਦੀ ਬਰਸੀ ਮਨਾਈ ਜਾ ਰਹੀ ਹੈ।
-ਹੈੱਡ ਟੀਚਰ, ਸ.ਐ.ਸ. ਦੋਦੇ, ਬਲਾਕ ਗੰਡੀਵਿੰਡ (ਤਰਨ ਤਾਰਨ)।
ਮੋਬਾਈਲ : 98151-99101