ਸਿੱਖ ਧਾਰਮਿਕ ਗ੍ਰੰਥਾਂ, ਦੂਜੇ ਧਰਮਾਂ ਦੇ ਧਾਰਮਿਕ ਗ੍ਰੰਥਾਂ, ਅਧਿਆਤਮਕ ਵਿਚਾਰਧਾਰਾ ਨੂੰ ਅਸਲ ਰੂਪ ਵਿਚ ਜਾਨਣ ਲਈ ਜਿਹੜਾ ਕਾਰਜ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ, ਉਸ ਦਾ ਅੱਜ ਤੱਕ ਕੋਈ ਬਦਲ ਨਹੀਂ | ਇਹ ਸਮੁੱਚਾ ਕਾਰਜ ਉਨ੍ਹਾਂ 20ਵੀਂ ਸਦੀ ਦੇ ਪਹਿਲੇ ਅੱਧ ਵਿਚ ਸੰਪੂਰਨ ਕੀਤਾ | ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 'ਚ ਪਟਿਆਲਾ ਰਿਆਸਤ ਦੇ ਪਿੰਡ ਸਬਜ਼-ਬਨੇਰਾ ਵਿਚ ਭਾਈ ਨਾਰਾਇਣ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਹੋਇਆ | ਉਨ੍ਹਾਂ ਦੇ ਪਿਤਾ ਨਾਭਾ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਅਜੈਪਾਲ ਸਿੰਘ ਦੇ ਪ੍ਰਬੰਧਕ ਵਜੋਂ ਡਿਊਟੀ ਨਿਭਾਉਂਦੇ ਸਨ | ਪਿਤਾ ਜੀ ਦੇ ਪ੍ਰਭਾਵ ਕਾਰਨ ਉਨ੍ਹਾਂ ਮੁੱਢਲੀ ਗੁਰਮਤਿ ਵਿੱਦਿਆ ਭਾਈ ਰੂਪ ਸਿੰਘ ਤੋਂ ਅਤੇ ਸੰਸਕ੍ਰਿਤ ਬਾਬਾ ਕਲਿਆਣ ਦਾਸ ਤੋਂ ਪ੍ਰਾਪਤ ਕੀਤੀ | 15 ਕੁ ਸਾਲ ਦੀ ਉਮਰ ਵਿਚ ਹੀ ਘਰ ਆਉਣ-ਜਾਣ ਵਾਲੇ ਵਿਦਵਾਨ ਦੀ ਸੰਗਤ ਕਰ ਕੇ ਉਹ ਵਿਦਵਾਨਾਂ ਵਿਚ ਸਤਿਕਾਰੇ ਜਾਣ ਲੱਗੇ | ਇਸ ਤੋਂ ਅਗਲੇ ਦੋ ਤਿੰਨ ਸਾਲ ਉਨ੍ਹਾਂ ਦਿੱਲੀ, ਲਖਨਊ ਤੇ ਲਾਹੌਰ ਰਹਿ ਕੇ ਫ਼ਾਰਸੀ ਤੇ ਅੰਗਰੇਜ਼ੀ ਦੀ ਤਾਲੀਮ ਹਾਸਲ ਕੀਤੀ | ਭਾਈ ਕਾਨ੍ਹ ਸਿੰਘ ਨਾਭਾ ਨੇ ਭਰ ਜਵਾਨੀ ਤੱਕ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ ਤੇ ਅੰਗਰੇਜ਼ੀ 'ਚ ਮੁਹਾਰਤ ਹਾਸਲ ਕਰ ਲਈ ਸੀ | ਉਨ੍ਹਾਂ ਦੇ ਜਵਾਨੀ ਦੇ ਦਿਨਾਂ 'ਚ ਸਿੰਘ ਸਭਾ ਲਹਿਰ ਦੀ ਸਰਗਰਮੀ ਸ਼ੁਰੂ ਹੋ ਗਈ | 1883 'ਚ ਉਨ੍ਹਾਂ ਪ੍ਰੋ. ਗੁਰਮੁੱਖ ਸਿੰਘ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਰਚਨਾਵਾਂ 'ਚ ਸਿੱਖ ਧਰਮ ਨੂੰ ਨਿਵੇਕਲੇ ਧਰਮ ਵਜੋਂ ਪ੍ਰਚਾਰਨਾ ਆਰੰਭ ਕੀਤਾ | 1884 'ਚ ਜਦੋਂ ਉਹ ਵਾਪਸ ਨਾਭਾ ਪੁੱਜੇ ਤਾਂ ਮਹਾਰਾਜਾ ਨਾਭਾ ਨੇ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰਾਜ ਸਰਕਾਰ ਦੇ ਪ੍ਰਬੰਧਕੀ ਢਾਂਚੇ 'ਚ ਲਿਆਂਦਾ | ਉਹ ਨਾਭਾ ਹਾਈ ਕੋਰਟ ਦੇ ਜੱਜ, ਮੈਂਬਰ ਜੁਡੀਸ਼ੀਅਲ ਕੌਂਸਲ ਨਾਭਾ, ਪੁਲਿਟੀਕਲ ਏਜੰਸੀ ਦੇ ਵਕੀਲ ਵਜੋਂ ਪਟਿਆਲਾ 'ਚ ਤਾਇਨਾਤ ਰਹੇ | ਇਕ ਸਮੇਂ ਭਾਈ ਸਾਹਿਬ ਟਿੱਕਾ ਰਿਪੁਦਮਨ ਸਿੰਘ ਦੇ ਉਸਤਾਦ ਵੀ ਰਹੇ |
ਭਾਈ ਕਾਨ੍ਹ ਸਿੰਘ ਨਾਭਾ ਦੇ ਕੋਸ਼ ਨੂੰ ਸੰਪੂਰਨਤਾ ਦੇਣ ਵਾਲੇ ਮਹਾਨ ਵਿਦਵਾਨਾਂ 'ਚ ਮਹੰਤ ਭਾਈ ਬਿਸ਼ਨ ਸਿੰਘ, ਪੰਡਿਤ ਕ੍ਰਿਸ਼ਨ ਦਾਸ ਉਦਾਸੀ, ਪ੍ਰੋ. ਤੇਜਾ ਸਿੰਘ, ਪਿ੍ੰ. ਧਰਮਾਨੰਤ ਸਿੰਘ, ਮਹਾਰਾਜਾ ਦਲਜੀਤ ਸਿੰਘ ਕਪੂਰਥਲਾ, ਸ. ਮੁਕੰਦ ਸਿੰਘ ਇੰਜੀਨੀਅਰ ਸ਼ਿਮਲਾ, ਭਾਈ ਮੋਹਨ ਸਿੰਘ ਵੈਦ ਤਰਨ ਤਾਰਨ, ਭਾਈ ਧਰਮ ਸਿੰਘ ਵੈਦ, ਸ. ਨੰਦ ਸਿੰਘ ਸ਼ਿਮਲਾ, ਮੌਲਵੀ ਹਕੀਮ ਮਿਰਜ਼ਾ ਮੁਹੰਮਦ ਧਨÏਲਾ, ਸ. ਕਰਮ ਸਿੰਘ ਹਿਸਟੋਰੀਅਨ, ਲਾਲਾ ਧਨੀ ਰਾਮ ਚਾਤਿ੍ਕ ਵਰਗੇ ਮਹਾਂਪੁਰਸ਼ਾਂ ਦੀ ਨੇਕ ਨੀਤੀ ਨਾਲ ਕੀਤੀ ਸਖ਼ਤ ਮਿਹਨਤ ਦਾ ਜ਼ਿਕਰ ਕੀਤਾ ਹੈ | ਕੋਸ਼ ਨੂੰ ਸੰਪੂਰਨਤਾ ਦੇਣ ਲਈ ਭਾਈ ਸਾਹਿਬ ਦਾ ਆਪਣਾ ਸਕੱਤਰੇਤ ਸੀ | ਇਸ ਦੀ ਛਪਾਈ ਦੀ ਜ਼ਿੰਮੇਵਾਰੀ ਮਹਾਰਾਜਾ ਫ਼ਰੀਦਕੋਟ ਰਾਜਾ ਬਿ੍ਜ ਇੰਦਰ ਸਿੰਘ ਨੇ ਲਈ, ਪਰ ਉਹ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ | ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਗੱਦੀ ਤੋਂ ਲਹਿ ਜਾਣ ਕਾਰਨ ਨਾਭਾ ਸਰਕਾਰ ਨੇ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ | ਢੇਰ ਯਤਨਾਂ ਪਿੱਛੋਂ ਮਹਾਨ ਕੋਸ਼ ਨੂੰ ਛਾਪਣ ਲਈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ 51 ਹਜ਼ਾਰ ਰੁ. ਦੇਣਾ ਪ੍ਰਵਾਨ ਕੀਤਾ | ਅਕਤੂਬਰ 1927 'ਚ ਅੰਮਿ੍ਤਸਰ ਦੀ ਇਕ ਪ੍ਰੈੱਸ ਤੋਂ ਮਹਾਨ ਕੋਸ਼ ਛਪਣਾ ਸ਼ੁਰੂ ਹੋਇਆ ਤੇ ਅਪ੍ਰੈਲ 1930 ਵਿਚ ਇਹ ਕਾਰਜ ਮੁਕੰਮਲ ਹੋਇਆ | ਇਸ ਪਿੱਛੋਂ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿਚ ਤਿਆਰ ਕੀਤਾ ਗਿਆ, ਜਿਸ ਦੀ ਕੀਮਤ 110 ਰੁਪਏ ਰੱਖੀ ਗਈ | 30 ਸਾਲਾਂ ਪਿੱਛੋਂ 1960 ਵਿਚ ਇਕੋ ਜਿਲਦ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਇਸ ਨੂੰ ਮੁੜ ਛਾਪਿਆ ਤੇ 3335 ਪੰਨਿਆਂ ਦੀ ਸਮੁੱਚੀ ਜਾਣਕਾਰੀ ਨੂੰ 835 ਪੰਨਿਆਂ 'ਚ ਸਮੋ ਦਿੱਤਾ |
ਇਸ ਮਹਾਨ ਵਿਦਵਾਨ ਦੀ ਇਸ ਖੋਜ ਭਰਪੂਰ ਰਚਨਾ ਮਹਾਨ ਕੋਸ਼ ਨੂੰ ਅੱਜ ਤੱਕ ਅਧਿਕਾਰਤ ਰਚਨਾ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ, ਕਿਉਂਕਿ ਸਿੱਖ ਧਰਮ, ਸਾਹਿਤ, ਇਤਿਹਾਸ ਵਿਚ ਕੌਮ ਦੀਆਂ ਰੀਤੀ ਰਿਵਾਜ਼ਾਂ, ਸੱਭਿਆਚਾਰਕ ਦੇਣ ਸਬੰਧੀ ਇਸ ਤੋਂ ਪਹਿਲਾਂ ਕੋਈ ਵੀ ਇਨਸਾਈਕਲੋਪੀਡੀਆ ਨਹੀਂ ਸੀ ਮਿਲਦਾ | ਭਾਈ ਕਾਨ੍ਹ ਸਿੰਘ ਨਾਭਾ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ 'ਚ ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਗੁਰਚੰਦ ਦਿਵਾਕਰ, ਗੁਰਸ਼ਬਦਲੰਕਾਰ, ਚੰਡੀ ਦੀ ਵਾਰ ਸਟੀਕ, ਗੁਰਮਤਿ ਮਾਰਤੰਡ, ਸ੍ਰੀ ਗੁਰੂ ਮਹਿਮਾ ਰਚਨਾਵਲੀ ਵੀ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ 'ਤੇ ਰੌਸ਼ਨੀ ਪਾਉਂਦੀਆਂ ਹਨ | ਭਾਈ ਕਾਨ੍ਹ ਸਿੰਘ ਨਾਭਾ ਨੂੰ ਚੀਫ਼ ਖ਼ਾਲਸਾ ਦੀਵਾਨ ਵਲੋਂ 21ਵੀਂ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦੀ ਪ੍ਰਧਾਨਗੀ ਵੀ ਸੌਂਪੀ ਗਈ ਸੀ | 1932 'ਚ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਨੂੰ 'ਸਰਦਾਰ ਬਹਾਦਰ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਸਿੱਖ ਕੌਮ ਦਾ ਇਹ ਨਾਮਵਰ ਸ਼੍ਰੋਮਣੀ ਵਿਦਵਾਨ 23 ਨਵੰਬਰ 1938 'ਚ ਨਾਭਾ ਵਿਖੇ ਸਦੀਵੀ ਵਿਛੋੜਾ ਦੇ ਗਿਆ, ਪਰ ਉਹ ਸਿੱਖ ਸਾਹਿਤ, ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਦਿੱਤੇ ਨਿੱਗਰ ਯੋਗਦਾਨ ਸਦਕਾ ਹਮੇਸ਼ਾ ਅਮਰ ਰਹਿਣਗੇ |
-ਈਮੇਲ : bhagwansinghjohal0gmail.com