15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਭਗਤ ਸਿੰਘ ਢਢੋਗਲ

ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਭਗਤ ਸਿੰਘ ਢਢੋਗਲ

Ad Position 21
No active advertisement
ਅਜੀਤ ਡੈਸਕ 17-08-2026

ਅਣਖੀ ਦੇਸ਼ ਭਗਤਾਂ, ਸੂਰਮਿਆਂ ਤੇ ਸ਼ਹੀਦਾਂ ਦੀ ਜੀਵਨ ਗਾਥਾ ਕੌਮਾਂ ਵਿਚ ਚੜ੍ਹਦੀ ਕਲਾ ਦਾ ਉਦੇਸ਼ ਤੇ ਜਿੰਦ-ਜਾਨ ਬਖ਼ਸਦੀ ਹੈ | ਪੰਜਾਬ ਦੀ ਧਰਤੀ ਨੂੰ  ਆਪਣੇ ਸ਼ਹੀਦ ਸੂਰਬੀਰਾਂ 'ਤੇ ਮਾਣ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ | ਇਨ੍ਹਾਂ ਕੌਮੀ ਪਰਵਾਨਿਆਂ 'ਚੋਂ ਹੀ ਇਕ ਸਨ ਅਮਰ ਸ਼ਹੀਦ ਭਾਈ ਭਗਤ ਸਿੰਘ ਢਢੋਗਲ, ਪ੍ਰਧਾਨ ਰਿਆਸਤੀ ਪਰਜਾ ਮੰਡਲ, ਰਿਆਸਤ ਪਟਿਆਲਾ | ਉਨ੍ਹਾਂ ਨੇ ਰਿਆਸਤਾਂ ਦੀ ਦੂਹਰੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਮੌਕੇ ਦੀਆਂ ਸਰਕਾਰਾਂ ਨਾਲ ਸਿਰੜੀ ਟੱਕਰ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ | ਪੋਹ ਸੰਮਤ 1950 ਬਿ੍ਕਮੀ (ਸੰਨ 1893 ਈ.) ਨੂੰ  ਰਿਆਸਤ ਪਟਿਆਲਾ ਇਲਾਕਾ ਧੂਰੀ ਦੇ ਪਿੰਡ ਢਢੋਗਲ ਵਿਖੇ ਬਲਿੰਗ ਪਰਿਵਾਰ ਵਿਚ ਸ. ਵਰਿਆਮ ਸਿੰਘ ਤੇ ਮਾਤਾ ਮਹਾਂ ਕੌਰ ਦੇ ਘਰ ਜਨਮੇ ਇਸ ਬਾਲਕ ਨੇ ਮੁਢਲੀ ਵਿੱਦਿਆ ਪਿੰਡ ਦੇ ਡੇਰੇ 'ਚੋਂ ਭਾਈ ਕਾਹਨ ਸਿੰਘ ਤੋਂ ਪ੍ਰਾਪਤ ਕੀਤੀ | ਧਾਰਮਿਕ ਸਿੱਖਿਆ ਕਾਰਨ ਉਹ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਮਾਨਵਵਾਦੀ ਬਣ ਗਏ ਸਨ |
ਚੜ੍ਹਦੀ ਜਵਾਨੀ 'ਚ ਉਹ ਰਿਆਸਤ ਪਟਿਆਲਾ ਦੀ ਫੌਜ, ਪਲਟਨ ਨੰ. 1 ਵਿਚ ਭਰਤੀ ਹੋ ਗਏ | ਅਗਲੇ ਹੀ ਸਾਲ 12 ਅਕਤੂਬਰ 1914 ਈ. ਨੂੰ  ਪਹਿਲੀ ਸੰਸਾਰ ਜੰਗ ਵਿਚ ਸ਼ਾਮਿਲ ਹੋਣ ਲਈ ਯੂਰਪ ਚਲੇ ਗਏ ਤੇ 27 ਜਨਵਰੀ 1919 ਈ. ਨੂੰ  ਵਾਪਸ ਆਏ | ਇਸ ਸਮੇਂ ਦੌਰਾਨ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਉਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਕੀਰਤਨ ਸਭਾ ਬਣਾਈ, ਜਿਸ 'ਚ ਅੰਗਰੇਜ਼ਾਂ ਖ਼ਿਲਾਫ਼ ਦੇਸ਼ ਦੀ ਆਜ਼ਾਦੀ ਲਈ ਵਿਚਾਰਾਂ ਹੁੰਦੀਆਂ ਰਹੀਆਂ | ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ 'ਤੇ ਕੀਰਤਨ ਸਭਾ ਦੇ ਸਾਰੇ ਮੈਂਬਰਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਤੇ ਕਾਲੇ ਬਿੱਲੇ ਲਾਏ | ਇਹ ਹਕੂਮਤ ਖ਼ਿਲਾਫ਼ ਸਿੱਧੀ ਬਗਾਵਤ ਸਮਝ ਕੇ ਉਨ੍ਹਾਂ 'ਤੇ ਝੂਠਾ ਕੇਸ ਬਣਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ  10 ਸਾਲ ਕੈਦ ਤੇ 2000 ਰੁਪਏ ਜੁਰਮਾਨਾ ਕਰ ਕੇ 16 ਚੇਤ 1979 ਬਿਕ੍ਰਮੀ  (1922) ਨੂੰ  ਅਕਾਲੀ ਬੈਰਕ ਦੇ ਸਾਹਮਣੇ 14 ਕੋਠੀਆਂ 'ਚ ਬੰਦ ਕਰ ਦਿੱਤਾ | ਉਸ ਸਮੇਂ ਉਨ੍ਹਾਂ ਦੇ ਵਿਆਹ 'ਚ ਥੋੜ੍ਹੇ ਹੀ ਦਿਨ ਬਾਕੀ ਸਨ, ਪਰ ਉਨ੍ਹਾਂ ਨੇ ਪੈਰੋਲ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ | ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਉਨ੍ਹਾਂ ਨੂੰ  23 ਚੇਤ 1982 ਬਿਕਰਮੀ (1925) ਨੂੰ  ਰਿਹਾਅ ਕਰ ਦਿੱਤਾ ਗਿਆ | ਫਿਰ ਉਹ ਪੱਕੇ ਤੌਰ 'ਤੇ ਹੀ ਆਜ਼ਾਦੀ ਸੰਘਰਸ਼ ਵਿਚ ਲੱਗ ਗਏ | ਕਿਲ੍ਹਾ ਹਕੀਮਾਂ ਤੇ ਕਠਾਲੇ ਦੇ ਸਾਕੇ ਦਾ ਉਨ੍ਹਾਂ ਡਟਵਾਂ ਵਿਰੋਧ ਕੀਤਾ | ਆਜ਼ਾਦੀ ਲਹਿਰ ਨੂੰ  ਹੋਰ ਪਚੰਡ ਕਰਨ ਲਈ 1928 ਈ. ਨੂੰ  ਪਰਜਾ ਮੰਡਲ ਦੀ ਨੀਂਹ ਰੱਖੀ ਗਈ | ਸੇਵਾ ਸਿੰਘ ਠੀਕਰੀਵਾਲਾ ਨੂੰ  ਪ੍ਰਧਾਨ ਬਣਾਇਆ ਗਿਆ, ਜੋ ਕਿ ਜੇਲ੍ਹ ਵਿਚ ਸਨ | ਉਹ ਪਰਜਾ ਮੰਡਲ ਵਿਚ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਮੁੱਖ ਆਗੂ ਤੇ ਬੁਲਾਰੇ ਦੇ ਤੌਰ 'ਤੇ ਮਸ਼ਹੂਰ ਹੋਏ |

ਸਾਲ 1931 'ਚ ਬੰਬਈ ਬੰਦਰਗਾਹ 'ਤੇ ਹਿੰਦੁਸਤਾਨੀ ਨੇਤਾਵਾਂ ਦੇ ਪ੍ਰੋਗਰਾਮ ਦੇ ਉਲਟ ਦੂਜੀ ਗੋਲਮੇਜ਼ ਕਾਨਫਰੰਸ ਵਿਚ ਸ਼ਾਮਿਲ ਹੋਣ ਜਾ ਰਹੇ ਮਹਾਰਾਜਾ ਦਾ ਉਨ੍ਹਾਂ ਨੇ ਸਾਥੀਆਂ ਸਮੇਤ ਜ਼ਬਰਦਸਤ ਵਿਰੋਧ ਕੀਤਾ | ਇਸੇ ਹੀ ਸਾਲ ਉਨ੍ਹਾਂ ਨੂੰ  ਚਾਰ ਹੋਰ ਸਾਥੀਆਂ ਸਮੇਤ ਧੂਰੀ ਕਾਨਫਰੰਸ ਤੋਂ ਗਿ੍ਫ਼ਤਾਰ ਕਰ ਕੇ 5 ਸਾਲ ਕੈਦ ਤੇ 1000 ਰੁਪੈ ਜੁਰਮਾਨਾ ਕਰ ਕੇ ਨਾਰਨੈਲ (ਮਹਿੰਦਰਗੜ੍ਹ) ਦੇ ਕਿਲ੍ਹੇ 'ਚ ਬੰਦ ਕਰ ਦਿੱਤਾ ਗਿਆ | ਅਖੀਰਲੇ ਸਮੇਂ ਜੇਲ੍ਹ ਦੇ ਭੈੜੇ ਵਤੀਰੇ ਕਾਰਨ ਉਨ੍ਹਾਂ ਨੇ ਤਨ ਦੇ ਕੱਪੜੇ ਉਤਾਰ ਦਿੱਤੇ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜੋ 13 ਮਹੀਨੇ ਤੱਕ ਚੱਲੀ | ਸਖ਼ਤ ਸਰਦੀ 'ਚ ਵੀ ਉਹ ਇਕੱਲੇ ਕਛਹਿਰੇ 'ਚ ਰਹੇ  | ਉਨ੍ਹਾਂ ਨੂੰ  ਜਬਰੀ ਨਲਕੀਆਂ ਨਾਲ ਦੁੱਧ ਪਿਲਾਇਆ ਜਾਂਦਾ, ਪਰ ਉਹ ਮੂੰਹੋਂ ਬਾਹਰ ਕੱਢ ਦਿੰਦੇ | ਸਰੀਰ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ | ਹਕਮੂਤ ਨੇ ਉਨ੍ਹਾਂ ਦੇ ਸ਼ਹੀਦ ਹੋਣ ਤੋਂ ਡਰਦਿਆਂ ਇਕ ਰਾਤ ਨੀਮ-ਬੇਹੋਸ਼ੀ ਹਾਲਤ ਵਿਚ ਧੂਰੀ ਰੇਲਵੇ ਸਟੇਸ਼ਨ 'ਤੇ ਇਕ ਫੱਟੇ 'ਤੇ ਲਿਟਾ ਗਏ | ਪਤਾ ਲੱਗਣ 'ਤੇ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ  ਮੋਦਨ ਸਿੰਘ ਖੇੜੀ ਵਾਲੇ ਦੇ ਘਰ ਲੈ ਆਏ | ਸ. ਠੀਕਰੀਵਾਲਾ ਦੀ ਸ਼ਹੀਦੀ ਤੋਂ ਬਾਅਦ ਇਨ੍ਹਾਂ ਨੂੰ  ਪਰਜਾ ਮੰਡਲ ਦਾ ਪ੍ਰਧਾਨ ਚੁਣਿਆ ਗਿਆ |
ਅਨੇਕਾਂ ਸਖ਼ਤੀਆ ਦੇ ਬਾਵਜੂਦ ਉਹ ਦੇਸ਼ ਦੀ ਆਜ਼ਾਦੀ ਲਈ ਡਟੇ ਰਹੇ | ਦੇਸ਼ ਆਜ਼ਾਦੀ ਤੇ ਰਾਜਾਸ਼ਾਹੀ ਨੂੰ  ਖ਼ਤਮ ਕਰ ਲੋਕਤੰਤਰ ਦੀ ਸਥਾਪਤੀ ਲਈ ਰਿਆਸਤੀ ਜੇਲ੍ਹਾਂ ਦੇ ਤਸੀਹੇ ਝਲਦਿਆਂ 10 ਅਗਸਤ 1938 ਨੂੰ  ਉਹ ਸ਼ਹਾਦਤ ਦਾ ਜਾਮ ਪੀ ਗਏ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 8, 9 ਤੇ 10 ਅਗਸਤ ਨੂੰ  ਉਨ੍ਹਾਂ ਦੀ ਬਰਸੀ ਸ਼ਰਧਾ-ਸਤਿਕਾਰ ਨਾਲ ਮਨਾਈ ਗਈ |

-ਮੋਬਾਈਲ : 94643-46205

Ad Position 22
No active advertisement
ਪਿਛਲੀ ਖ਼ਬਰ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਸਹਿਜ ਭਗਤੀ ਅਗਲੀ ਖ਼ਬਰ ਸਿੱਖਾਂ ਦੇ ਇਤਿਹਾਸਕ ਜ਼ਖ਼ਮ ਭਰਨ ਲਈ ਨਿਆਂ ਤੇ ਅਪਣੱਤ ਦੀ ਲੋੜ
Ad Position 24