![]()
ਖੰਨਾ-ਦੋਰਾਹਾ ਜੀ.ਟੀ. ਰੋਡ ਦੇ ਵਿਚਕਾਰ ਸਥਿਤ ਕਸਬਾ ਬੀਜਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਛੇਵੀਂ, ਕੋਟਾਂ (ਲੁਧਿਆਣਾ) ਸਥਿਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਆਪਣੇ ਸਫ਼ਰ ਦੌਰਾਨ ਉਨ੍ਹਾਂ ਨੇ ਇਸ ਅਸਥਾਨ 'ਤੇ ਕੁਝ ਸਮਾਂ ਗੁਜ਼ਾਰਿਆ ਸੀ। ਜਿੱਥੇ ਬਾਅਦ ਵਿਚ ਗੁਰਸਿੱਖਾਂ ਨੇ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਅਤੇ ਗੁਰੂ ਸਾਹਿਬ ਦੇ ਨਿਵਾਸ ਸਥਾਨ ਨੂੰ ਮੰਜੀ ਸਾਹਿਬ ਦਾ ਨਾਂਅ ਦਿੱਤਾ। ਗੁਰੂ ਹਰਿਗੋਬਿਦ ਸਾਹਿਬ ਜੀ ਦੀ ਚਰਨ ਛੋਹ ਇਸ ਅਸਥਾਨ ਦੇ ਇਤਿਹਾਸ ਬਾਰੇ ਉਮਰ ਦਰਾਜ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਪਾਲ ਸਿੰਘ ਅਤੇ ਉਨ੍ਹਾਂ ਦਾ ਸੀਰੀ ਗੁਰਦੇਵ ਸਿੰਘ ਆਪਣੇ ਖੇਤਾਂ ਵਿਚ ਹਰ ਰੋਜ਼ ਦੀ ਤਰ੍ਹਾਂ 12 ਅਗਸਤ 1953 'ਚ ਕੰਮ ਕਰ ਰਹੇ ਸਨ। ਗੁਰਦੇਵ ਸਿੰਘ ਸੀਰੀ ਵਲੋਂ ਚਲਾਏ ਜਾ ਰਹੇ ਹਲ਼ ਦਾ ਫਾਲ਼ਾ ਦੋ-ਤਿੰਨ ਵਾਰ ਪੱਥਰ ਵਰਗੀ ਚੀਜ਼ ਵਿਚ ਫਸ ਗਿਆ। ਕੁਝ ਪਲ ਸੋਚਣ ਤੋਂ ਬਾਅਦ ਜਦੋਂ ਗੁਰਦੇਵ ਸਿੰਘ ਨੇ ਉਕਤ ਸਥਾਨ ਨੂੰ ਪੁੱਟ ਕੇ ਦੇਖਿਆ ਤਾਂ ਮੰਜੀ ਸਾਹਿਬ ਦੇ ਦਰਸ਼ਨ ਹੋਏ। ਬਾਬਾ ਕਿਰਪਾਲ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਗੁਰੂਘਰ ਵਿਚ ਅਥਾਹ ਵਿਸ਼ਵਾਸ ਰੱਖਣ ਵਾਲਾ ਸੀ। 14 ਅਗਸਤ ਦੀ ਸਵੇਰੇ ਨੂੰ ਦੂਰ-ਨੇੜਿਓਂ ਸੰਗਤ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀ ਹੋਈ। ਚਾਰੇ ਕੋਟਾਂ (ਮੰਡਿਆਲਾ ਕਲਾਂ, ਮੰਡਿਆਲਾ ਖ਼ੁਰਦ, ਕੋਟ ਪਨੈਚ ਤੇ ਕੋਟ ਸ਼ੇਖੋਂ) ਨੇ ਉਪਰਾਲਾ ਕਰਕੇ ਇਸ ਅਸਥਾਨ 'ਤੇ ਇਮਾਰਤ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ। ਦੂਰ-ਦੁਰਾਡਿਓਂ ਆ ਕੇ ਸੰਗਤਾਂ ਇੱਥੇ ਸੇਵਾ ਵਿਚ ਜੁਟ ਗਈਆਂ। ਅੱਜ ਜਗਤ ਪੱਧਰ 'ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਇਸ ਰੂਹਾਨੀਅਤ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲੰਮੇ ਸਮੇਂ ਤੋਂ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਹਰਪਾਲ ਸਿੰਘ ਜੱਲ੍ਹਾ, ਨਵਤੇਜ ਸਿੰਘ ਖੱਟੜਾ ਤੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਦੱਸਿਆ ਕਿ 12, 13 ਤੇ 14 ਅਗਸਤ ਨੂੰ ਇੱਥੇ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇੱਥੇ 12 ਅਗਸਤ ਨੂੰ ਅਖੰਡ ਪਾਠ ਆਰੰਭ ਹੋਣਗੇ, 13 ਅਗਸਤ ਨੂੰ ਸਵੇਰੇ 10 ਤੋਂ ਰਾਤ 12 ਵਜੇ ਤੱਕ ਪੰਥ ਪ੍ਰਸਿੱਧ ਰਾਗੀ, ਢਾਡੀ ਕਥਾਵਾਚਕ, ਕਵੀਸ਼ਰ ਅਤੇ ਸਿੱਖ ਵਿਦਵਾਨ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਅਤੇ ਜੋੜ ਮੇਲੇ ਦੇ ਅਖ਼ੀਰਲੇ ਦਿਨ 14 ਅਗਸਤ ਨੂੰ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਰਾਗੀ, ਢਾਡੀ, ਕਥਾਵਾਚਕ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
-ਪੱਤਰ ਪ੍ਰੇਰਕ, ਬੀਜਾ (ਖੰਨਾ)।
ਮੋਬਾਈਲ : 98721-72563