![]()
ਈਰਾਨ ਬੇਸ਼ੱਕ ਇਕ ਮੁਸਲਿਮ ਮੁਲਕ ਹੈ ਪਰ ਪੰਜਾਬੀਆਂ ਦੀ ਤੇ ਖ਼ਾਸ ਕਰਕੇ ਸਿੱਖ ਕੌਮ ਦੀ ਇਸ ਧਰਤੀ ਨਾਲ ਗੂੜ੍ਹੀ ਧਾਰਮਿਕ ਸਾਂਝ ਹੈ। ਈਰਾਨ ਦੇ ਮਸ਼ਾਦ ਇਲਾਕੇ 'ਚ ਹਜ਼ਰਤ ਮੁਹੰਮਦ ਸਾਹਿਬ ਦੇ ਵੰਸ਼ਜ ਤੇ ਇਮਾਮ ਰਜ਼ਾ ਦੀ ਇਬਾਦਤਗਾਹ ਹੈ, ਜੋ ਮੱਕਾ, ਮਦੀਨਾ ਤੇ ਦੁਨੀਆ ਦੇ ਹੋਰ ਸਭ ਤੋਂ ਵਿਸ਼ਾਲ ਸਥਾਨਾਂ 'ਚ ਸ਼ੁਮਾਰ ਹੈ। ਇਸੇ ਮਸ਼ਾਦ ਵਿਖੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕਰਨ ਪਿੱਛੋਂ ਆਪਣੇ ਚਰਨ ਪਾਏ ਸਨ। ਉਹ ਮੱਕਾ ਤੋਂ ਵਾਪਸ ਪਰਤਦੇ ਸਮੇਂ ਬਗ਼ਦਾਦ, ਈਰਾਨ, ਬਸਰਾ ਤੇ ਕਰਬਲਾ ਵਿਖੇ ਠਹਿਰੇ ਸਨ। ਇਮਾਮ ਰਜ਼ਾ ਦੀ ਇਬਾਦਤਗਾਹ 'ਤੇ ਅੱਜ ਵੀ ਦੁਨੀਆ ਭਰ ਤੋਂ ਹਰ ਸਾਲ ਤਿੰਨ ਕਰੋੜ ਦੇ ਕਰੀਬ ਸ਼ਰਧਾਲੂ ਜ਼ਿਆਰਤ (ਤੀਰਥ ਦਰਸ਼ਨ) ਲਈ ਆਉਂਦੇ ਹਨ। ਇਸੇ ਤਰ੍ਹਾਂ ਈਰਾਨ ਵਿਖੇ ਸਥਿਤ ਇਕ ਹਿੰਦੂ ਧਰਮ ਅਸਥਾਨ 'ਤੇ ਸੰਨ 1892 'ਚ ਬਣਾਏ ਗਏ ਕੰਧ-ਚਿੱਤਰਾਂ ਵਿਚ ਨਿਹੰਗ ਬਾਣੇ ਵਿਚ ਦੋ ਸਿੱਖ ਦੁਆਰਪਾਲਾਂ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਹਨ। ਇਤਿਹਾਸ ਦੱਸਦਾ ਹੈ ਕਿ ਸੰਨ 1900 ਦੇ ਆਸ-ਪਾਸ ਜਦੋਂ ਬਰਤਾਨਵੀ ਹਕੂਮਤ ਨੇ ਈਰਾਨ ਆਪਣੇ ਕਬਜ਼ੇ ਹੇਠ ਲੈ ਲਿਆ, ਉਦੋਂ ਕਈ ਸਿੱਖ ਸੈਨਿਕ ਤੇ ਵਪਾਰੀ ਵੀ ਇੱਥੇ ਪੁੱਜੇ ਸਨ। 1920 ਦੇ ਕਰੀਬ ਬਰਤਾਨਵੀ ਹਾਕਮਾਂ ਨੇ ਇੱਥੇ 'ਟ੍ਰਾਂਸ ਈਰਾਨਿਅਨ ਰੇਲਵੇ' ਪ੍ਰੋਜੈਕਟ ਸ਼ੁਰੂ ਕਰ ਦਿੱਤਾ ਸੀ ਤੇ ਇਸ ਪ੍ਰੋਜੈਕਟ ਨਾਲ ਜੁੜ ਕੇ ਕਈ ਸਿੱਖ ਪਰਿਵਾਰ ਦੋਜ਼ਦੇਬ ਨਾਮੀ ਇਲਾਕੇ 'ਚ ਵਸਣੇ ਸ਼ੁਰੂ ਹੋ ਗਏ ਸਨ। ਬੜੀ ਦਿਲਚਸਪ ਗੱਲ ਹੈ ਕਿ ਰਜ਼ਾ ਸ਼ਾਹ ਜੋ ਵੱਡਾ ਮਿਲਟਰੀ ਅਧਿਕਾਰੀ ਸੀ ਤੇ ਬਾਅਦ 'ਚ ਈਰਾਨ ਦਾ ਪ੍ਰਧਾਨ ਮੰਤਰੀ ਵੀ ਬਣਿਆ, ਇਕ ਵਾਰ ਦੇਜ਼ਦੇਬ ਇਲਾਕੇ 'ਚ ਆਇਆ, ਜਿੱਥੇ ਉਸ ਨੇ ਸਿੱਖਾਂ ਨੂੰ ਦੁੱਧ ਚਿੱਟੇ ਲਿਬਾਸ 'ਚ ਘੁੰਮਦਿਆਂ ਵੇਖਿਆ ਤੇ ਬੜਾ ਖ਼ੁਸ਼ ਹੋਇਆ। ਉਸ ਨੇ ਤੁਰੰਤ ਹੀ ਦੋਜ਼ਦੇਬ ਸ਼ਹਿਰ ਦਾ ਨਾਂਅ ਬਦਲ ਕੇ ਜ਼ਾਹੇਦ ਰੱਖ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਦੋਜ਼ਦੇਬ ਦਾ ਅਰਥ ਹੁੰਦਾ ਸੀ 'ਚੋਰਾਂ ਦਾ ਨਗਰ', ਜੋ ਉੱਥੇ ਵਸਦੇ ਪਾਕ-ਪਵਿੱਤਰ ਬਾਣੇ ਤੇ ਚੰਗੇ ਜੀਵਨ ਵਾਲੇ ਸਿੱਖਾਂ ਲਈ ਰਜ਼ਾ ਸ਼ਾਹ ਨੂੰ ਵਾਜਿਬ ਨਾ ਜਾਪਿਆ। ਜ਼ਾਹੇਦ ਦੇ ਅਰਥ ਸਨ ਪਾਵਨ ਬੰਦਿਆਂ ਦੀ ਧਰਤੀ। ਨਗਰ ਦੇ ਨਾਂਅ 'ਚ ਇਹ ਤਬਦੀਲੀ ਈਰਾਨ ਵਿਚ ਵਸਦੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਸੁੱਚਮ ਤੇ ਸ਼ਾਨ ਦਾ ਸਨਮਾਨ ਸੀ।
ਸੰਨ 1930 ਤੋਂ ਬਾਅਦ ਜ਼ਾਹੇਦ ਨਗਰ 'ਚ ਇਕ ਸਕੂਲ ਸ਼ੁਰੂ ਕੀਤਾ ਗਿਆ ਸੀ, ਜੋ ਇੱਥੇ ਵਸਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ। 1952 'ਚ ਇਹ ਸਕੂਲ ਤਹਿਰਾਨ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ 2004 ਵਿਚ ਇਸ ਦਾ ਨਾਂਅ ਬਦਲ ਕੇ ਕੇਂਦਰੀ ਵਿਦਿਆਲਾ ਕਰ ਦਿੱਤਾ ਗਿਆ। 1979 'ਚ ਇਸ ਨਗਰ ਵਿਚ 250 ਦੇ ਕਰੀਬ ਅਜਿਹੇ ਪੰਜਾਬੀ ਪਰਿਵਾਰ ਸਨ, ਜਿਨ੍ਹਾਂ ਕੋਲ ਮੋਟਰ-ਪਾਰਟਸ ਦੀ ਡਿਸਟ੍ਰੀਬਿਊਟਰਸ਼ਿਪ, ਇਮਾਰਤਸਾਜ਼ੀ ਦੀਆਂ ਫ਼ਰਮਾਂ ਅਤੇ ਬਰਾਮਦ-ਦਰਾਮਦ ਕੰਪਨੀਆਂ ਦੀ ਮਾਲਕੀ ਸੀ, ਪਰ ਇਸੇ ਸਾਲ ਆਈ ਈਰਾਨੀ ਜਾਂ ਮੁਸਲਿਮ ਕ੍ਰਾਂਤੀ ਦੇ ਚਲਦਿਆਂ ਬਹੁਤ ਸਾਰੇ ਪੰਜਾਬੀ ਪਰਿਵਾਰ ਈਰਾਨ ਛੱਡ ਕੇ ਜਾਂ ਤਾਂ ਭਾਰਤ ਵਾਪਸ ਚਲੇ ਗਏ ਜਾਂ ਫਿਰ ਯੂਰਪ ਵੱਲ ਹੋ ਤੁਰੇ ਅਤੇ ਕੁਝ ਕੁ ਪਰਿਵਾਰ ਤਹਿਰਾਨ ਵਿਖੇ ਜਾ ਵਸੇ। 2011 ਦੇ ਅੰਕੜਿਆਂ ਅਨੁਸਾਰ ਈਰਾਨ 'ਚ ਅੰਦਾਜ਼ਨ ਸੌ ਕੁ ਪੰਜਾਬੀ ਪਰਿਵਾਰ ਰਹਿ ਰਹੇ ਸਨ, ਜੋ ਆਪਸ 'ਚ ਪੰਜਾਬੀ ਭਾਸ਼ਾ ਵਿਚ ਤੇ ਬਾਕੀਆਂ ਨਾਲ ਫ਼ਾਰਸੀ ਜਾਂ ਬਲੋਚੀ ਵਿਚ ਗੱਲਬਾਤ ਕਰਦੇ ਸਨ। ਉਸ ਸਮੇਂ ਇੱਥੇ ਵਸਣ ਵਾਲੇ ਅਧਿਕਤਰ ਪੰਜਾਬੀਆਂ ਕੋਲ ਈਰਾਨ ਦੀ ਹੀ ਨਾਗਰਿਕਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤਹਿਰਾਨ ਵਿਖੇ ਸਥਿਤ ਇਕਲੌਤੇ ਗੁਰਦੁਆਰਾ ਸਾਹਿਬ ਭਾਈ ਗੰਗਾ ਸਿੰਘ ਸਭਾ ਵਿਖੇ ਕਰਵਾਏ ਸਮਾਗਮ ਵਿਚ ਤਹਿਰਾਨ ਵਿਚ ਵਸਦੇ ਕੁੱਲ 60 ਦੇ ਕਰੀਬ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਸੀ। 2015 'ਚ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ ਈਰਾਨ 'ਚ 175 ਪੰਜਾਬੀ ਪਰਿਵਾਰ ਰਹਿੰਦੇ ਸਨ, ਜਦਕਿ ਕਿਸੇ ਸਮੇਂ ਉੱਥੇ ਇਕ ਹਜ਼ਾਰ ਤੋਂ ਵੀ ਵੱਧ ਸਿੱਖ ਪੰਜਾਬੀ ਪਰਿਵਾਰ ਸਨ। ਉਸ ਵਕਤ ਤਹਿਰਾਨ ਤੇ ਜ਼ਾਹੇਦ ਨਗਰਾਂ ਵਿਚ ਦੋ-ਦੋ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਸਨ।
ਇਤਿਹਾਸ ਦੇ ਗਰਭ 'ਚ ਲੁਕੀ ਇਕ ਕੌੜੀ ਗੱਲ ਇਹ ਹੈ ਕਿ ਇਕ ਵਾਰ ਤਹਿਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਵਿਖੇ ਪ੍ਰਬੰਧਕਾਂ ਨੇ ਇਕ ਅਜਿਹੀ ਵਿਵਸਥਾ ਕਰ ਦਿੱਤੀ ਕਿ ਕਿਸੇ ਪ੍ਰਲੋਕ ਸਿਧਾਰ ਗਏ ਸਿੱਖ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਗੁਰਦੁਆਰੇ ਦੇ ਅੰਦਰ ਹੀ ਇਸ਼ਨਾਨ ਕਰਾਇਆ ਜਾਣ ਲੱਗਾ। ਉਕਤ ਪ੍ਰਬੰਧਕ ਕਮੇਟੀ ਦੇ ਇਸ ਕਾਰਜ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਹੋਰ ਸਿੱਖ ਸੰਗਠਨਾਂ ਨੇ ਇਹ ਕਹਿ ਕੇ ਵਿਰੋਧਤਾ ਕੀਤੀ ਕਿ ਇਹ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਤਹਿਰਾਨ ਦੇ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਈਰਾਨ ਦੇ ਜਨਮਾਨਸ ਤੇ ਉੱਥੋਂ ਦੀਆਂ ਰਵਾਇਤਾਂ ਮੁਤਾਬਿਕ ਇਸ ਕਾਰਜ ਨੂੰ ਸਹੀ ਐਲਾਨ ਰਹੇ ਸਨ। ਇਸ ਵਿਚਾਰਧਾਰਕ ਵਿਰੋਧ ਕਰਕੇ ਕਾਫ਼ੀ ਵਿਵਾਦ ਪੈਦਾ ਹੋ ਗਿਆ ਸੀ, ਜੋ ਮੀਡੀਆ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਇਤਿਹਾਸ ਦੇ ਖੋਜਕਾਰਾਂ ਦਾ ਇਹ ਮੰਨਣਾ ਹੈ ਕਿ ਈਰਾਨ ਦੇ ਕੁਝ ਕਬੀਲੇ ਜਿਵੇਂ ਕਿ ਕੁਰਦ, ਬਲੋਚ ਅਤੇ ਕੁਝ ਹੋਰਾਂ ਦੀ ਪੰਜਾਬੀਆਂ ਨਾਲ ਸਦੀਆਂ ਪੁਰਾਣੀ ਸਾਂਝ ਹੈ। ਇਨ੍ਹਾਂ ਦੇ ਕੱਦ-ਕਾਠ, ਰੰਗ, ਸ਼ਕਲਾਂ ਅਤੇ ਆਪਣੇ ਹੱਕਾਂ ਲਈ ਲੜ-ਮਰਨ ਦੇ ਜਜ਼ਬੇ ਸਮੇਤ ਕਈ ਹੋਰ ਗੁਣ ਅੱਜ ਵੀ ਆਪਸ 'ਚ ਮੇਲ ਖਾਂਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀਆਂ ਭਾਸ਼ਾਈ ਜੜ੍ਹਾਂ ਵੀ ਮੂਲ ਰੂਪ 'ਚ ਕਿਤੇ ਨਾ ਕਿਤੇ ਆਪਸ ਵਿਚ ਜੁੜਦੀਆਂ ਹਨ। ਭਾਰਤੀਆਂ ਦੀ ਹਿੰਦੀ ਵਿਚ ਫ਼ਾਰਸੀ ਭਾਸ਼ਾ ਦੇ ਕਈ ਲਫ਼ਜ਼ ਪਾਏ ਜਾਂਦੇ ਹਨ ਤੇ ਪੰਜਾਬੀ ਭਾਸ਼ਾ ਦੀ ਵਰਣਮਾਲਾ ਵਿਚ ਫ਼ਾਰਸੀ ਅੱਖਰਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।
2019 'ਚ ਭਾਰਤੀ ਪੰਜਾਬ ਦੀ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਸੰਬੰਧੀ ਖੋਜ ਕਾਰਜ ਲਈ ਕੁੱਲ 11 ਯੂਨੀਵਰਸਿਟੀਆਂ ਵਿਚ 'ਗੁਰੂ ਨਾਨਕ ਚੇਅਰ' ਸਥਾਪਤ ਕੀਤੀਆਂ ਜਾਣਗੀਆਂ, ਜਿਨ੍ਹਾ 'ਚੋਂ ਸੱਤ ਭਾਰਤੀ ਪੰਜਾਬ 'ਚ, ਤਿੰਨ ਪੰਜਾਬ ਤੋਂ ਬਾਹਰ ਦੇ ਸੂਬਿਆਂ 'ਚ ਅਤੇ ਇਕ ਈਰਾਨ ਦੀ 'ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡਿਨੋਮੀਨੇਸ਼ਨਜ਼' ਵਿਖੇ ਸਥਾਪਤ ਕੀਤੀ ਜਾਵੇਗੀ। ਇਸ ਦਾ ਭਾਵ ਹੈ ਕਿ ਈਰਾਨ ਨੂੰ ਮਹੱਤਵ ਦਿੰਦਿਆਂ ਹੋਇਆਂ ਇੱਥੇ ਵੀ ਗੁਰੂ ਨਾਨਕ ਸਾਹਿਬ ਸਬੰਧੀ ਖੋਜ ਕਾਰਜਾਂ ਲਈ ਚੇਅਰ ਕਾਇਮ ਕਰਨ ਦੀ ਗੱਲ ਕੀਤੀ ਗਈ ਸੀ।
-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008