ਲੰਗਰ ਸ਼ਬਦ ਨੂੰ ਆਮ ਤੌਰ 'ਤੇ ਸਿੱਖ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੇ ਮੌਜੂਦਾ ਸਮੇਂ 'ਚ ਇਹ ਸਿੱਖਾਂ ਦੀ ਵੱਖਰੀ ਪਛਾਣ ਨੂੰ ਵੀ ਪਰਿਭਾਸ਼ਿਤ ਕਰ ਰਿਹਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਜਦੋਂ ਵੀ ਇਸ ਧਰਤੀ ਦੇ ਕਿਸੇ ਕੋਨੇ 'ਚ ਕੋਈ ਕੁਦਰਤੀ ਆਫ਼ਤ ਜਾਂ ਮਹਾਂਮਾਰੀ ਆਉਂਦੀ ਹੈ, ਜਦੋਂ ਆਮ ਲੋਕ ਨਿੱਜੀ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਫਿਕਰਮੰਦ ਹੋ ਜਾਂਦੇ ਹਨ ਤੇ ਵਪਾਰੀ ਲੋੜੀਂਦੀਆਂ ਵਸਤਾਂ ਦੀ ਕਈ ਗੁਣਾ ਵੱਧ ਕੀਮਤ ਵਸੂਲਣ ਲੱਗਦੇ ਹਨ ਤਾਂ ਸਿੱਖ ਲੋੜਵੰਦਾਂ ਨੂੰ ਉਹੀ ਵਸਤਾਂ ਮੁਫ਼ਤ ਮੁਹੱਈਆ ਕਰਾਉਣ ਲੱਗ ਪੈਂਦੇ ਹਨ। ਭਾਰਤ 'ਚ ਕੋਰੋਨਾ ਮਹਾਂਮਾਰੀ, ਕਿਸਾਨ ਅੰਦੋਲਨ ਤੇ ਕੁਝ ਦਿਨ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਵਿਖੇ ਖ਼ਤਮ ਹੋਏ ਵਿਦਿਆਰਥੀ ਸੰਘਰਸ਼ ਨੂੰ ਆਮ ਲੋਕਾਂ ਨੇ ਬਹੁਤ ਨੇੜਿਓਂ ਦੇਖਿਆ, ਜਿੱਥੇ ਲੋੜਵੰਦਾਂ ਲਈ ਲੰਗਰ ਦੀ ਪੂਰਤੀ ਨੂੰ ਮਹੱਤਵਪੂਰਨ ਦ੍ਰਿਸ਼ਟੀ ਤੋਂ ਦੇਖਿਆ ਗਿਆ। ਭਾਰਤੀ ਪਰੰਪਰਾ ਨਾਲ ਜੁੜੇ ਲੋਕ ਤਾਂ ਇਹ ਜਾਣਦੇ ਹੀ ਹਨ ਕਿ ਸਿੱਖ ਧਰਮ 'ਚ ਲੰਗਰ ਦਾ ਕੀ ਮਹੱਤਵ ਹੈ ਤੇ ਇਸ ਦੀ ਪੂਰਤੀ ਲਈ ਇਸ ਸਿੱਖ ਕਿਵੇਂ ਯਤਨਸ਼ੀਲ ਹੋ ਜਾਂਦੇ ਹਨ, ਪਰ ਹੁਣ ਬਾਹਰਲੇ ਮੁਲਕਾਂ 'ਚ ਵੀ ਸਿੱਖਾਂ ਨੂੰ ਲੋੜਵੰਦਾਂ ਲਈ ਲੰਗਰ ਲਾਉਣ ਵਾਲਿਆਂ ਦੇ ਰੂਪ 'ਚ ਦੇਖਿਆ ਜਾਣ ਲੱਗਾ ਹੈ।
ਕੁਝ ਦਿਨ ਪਹਿਲਾਂ ਦੇਸ਼ 'ਚ ਵਿਦਿਆਰਥੀ ਸੰਘਰਸ਼ ਦੌਰਾਨ ਜੁੜੇ ਬਹੁਤੇ ਸਧਾਰਨ ਵਿਦਿਆਰਥੀ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੂੰ ਸੰਘਰਸ਼ ਦੌਰਾਨ ਕਿਸ ਸਥਿਤੀ 'ਚੋਂ ਗੁਜ਼ਰਨਾ ਪੈ ਸਕਦਾ ਹੈ। ਜਦੋਂ ਸਰਕਾਰ ਨੇ ਵਿਦਿਆਰਥੀਆਂ 'ਤੇ ਸਖ਼ਤੀ ਕੀਤੀ ਤਾਂ ਉਹ ਬਚਾਅ ਲਈ ਇਧਰ-ਉਧਰ ਭੱਜਣ ਲੱਗੇ। ਬਹੁਤੇ ਵਿਦਿਆਰਥੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆ ਗਏ ਸਨ। ਇਹ ਗੁਰਧਾਮ ਧਰਨਾ ਸਥਾਨ ਦੇ ਨੇੜੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ 'ਚ ਸਸ਼ੋਭਿਤ ਹੈ। ਪੁਲਿਸ ਦੇ ਡਰ ਤੇ ਜ਼ਖ਼ਮੀ ਹਾਲਤ 'ਚ ਜਦੋਂ ਬਹੁਤ ਸਾਰੇ ਵਿਦਿਆਰਥੀ ਇਸ ਗੁਰਧਾਮ 'ਚ ਪੁੱਜੇ ਤਾਂ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਿਹਤ ਸਹੂਲਤਾਂ, ਸੁਰੱਖਿਆ ਤੇ ਲੰਗਰ ਪ੍ਰਦਾਨ ਕੀਤਾ ਗਿਆ। ਬਹੁਤ ਸਾਰੇ ਵਿਦਿਆਰਥੀ ਪਹਿਲੀ ਵਾਰੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਏ ਸਨ ਤੇ ਜਦੋਂ ਉਨ੍ਹਾਂ ਨੇ ਇੱਥੋਂ ਦਾ ਪ੍ਰਬੰਧ ਦੇਖਿਆ ਤਾਂ ਉਨ੍ਹਾਂ ਦਾ ਮਨ ਇਸ ਗੁਰਦੁਆਰਾ ਸਾਹਿਬ ਵਿਖੇ ਇੰਨੇ ਵੱਡੇ ਪੱਧਰ 'ਤੇ ਚੱਲ ਰਹੇ ਲੰਗਰ ਪ੍ਰਬੰਧ ਵੱਲ ਖਿੱਚਿਆ ਗਿਆ। ਜਦੋਂ ਹਜ਼ਾਰਾਂ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ 'ਚ ਲੰਗਰ, ਆਰਾਮ, ਇਸ਼ਨਾਨ, ਮੈਡੀਕਲ ਸੇਵਾਵਾਂ ਬਿਨਾਂ ਕੋਈ ਪੈਸਾ ਦਿੱਤੇ ਪ੍ਰਾਪਤ ਕੀਤੀਆਂ ਤਾਂ ਉਹ ਦਾ ਕਹਿਣਾ ਸੀ ਕਿ ਜੇ ਗੁਰਦੁਆਰਾ ਬੰਗਲਾ ਸਾਹਿਬ ਨਾ ਹੁੰਦਾ ਤਾਂ ਪਤਾ ਨਹੀਂ ਉਨ੍ਹਾਂ ਨਾਲ ਕੀ ਹੋਣਾ ਸੀ। ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਲੰਗਰ ਤੇ ਰਿਹਾਇਸ਼ ਦੀ ਵਿਸ਼ਾਲ ਪਰੰਪਰਾ ਨੇ ਉਨ੍ਹਾਂ ਦਾ ਧਿਆਨ ਖਿੱਚਿਆ ਸੀ।
ਸਿੱਖ ਧਰਮ ਦੇ ਸਿਧਾਂਤਾਂ ਦੀ ਜਾਣਕਾਰੀ ਰੱਖਣ ਵਾਲੇ ਜਾਣਦੇ ਹਨ ਕਿ ਲੰਗਰ ਸ਼ਬਦ ਸਿੱਖ ਧਰਮ ਨਾਲ ਰੂੜ੍ਹ ਹੋ ਗਿਆ ਹੈ। ਇਸ ਦਾ ਪਿਛੋਕੜ ਧਾਰਮਿਕ ਭਾਵਨਾ 'ਚੋਂ ਪ੍ਰਗਟ ਹੋਇਆ ਹੈ, ਜਿਸ ਕਰਕੇ ਸੰਗਤ ਲਈ ਸੱਚੀ ਭਾਵਨਾ ਨਾਲ ਤਿਆਰ ਕੀਤੇ ਗਏ ਖਾਣਯੋਗ ਪਦਾਰਥਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਇਹ ਵਿਅਕਤੀਗਤ ਨਹੀਂ ਹੁੰਦਾ, ਬਲਕਿ ਗੁਰੂ ਜੀ ਵਲੋਂ ਦਿੱਤੀ ਗਈ ਦਾਤ ਦੇ ਰੂਪ ਵਿਚ ਦੇਖਿਆ ਜਾਂਦਾ ਹੈ, ਜਿਸ ਕਰਕੇ ਇਸ ਨੂੰ 'ਗੁਰੂ ਕਾ ਲੰਗਰ' ਕਿਹਾ ਜਾਂਦਾ ਹੈ। ਮੁਢਲੇ ਰੂਪ ਵਿਚ ਦਾਲ-ਰੋਟੀ ਨੂੰ ਹੀ ਲੰਗਰ ਕਿਹਾ ਜਾਂਦਾ ਸੀ। ਦਾਲ ਦੇਗ ਵਿਚ ਬਣਾਈ ਜਾਂਦੀ ਸੀ ਤੇ ਰੋਟੀ ਲੋਹੇ ਦੀ ਵੱਡੀ ਤਵੀ 'ਤੇ। ਅਰਦਾਸ ਵਿਚ ਵੀ ਪਰਮਾਤਮਾ ਅੱਗੇ ਰੋਜ਼ਾਨਾ ਬੇਨਤੀ ਕੀਤੀ ਜਾਂਦੀ ਹੈ ਕਿ 'ਲੋਹ-ਲੰਗਰ ਤਪਦੇ ਰਹਿਣ' ਤਾਂ ਕਿ ਹਰ ਜੀਵ ਦੇ ਪੇਟ ਦੀ ਪੂਰਤੀ ਹੁੰਦੀ ਰਹੇ। ਸਿੱਖ ਧਰਮ 'ਚ ਲੰਗਰ ਦੀ ਪ੍ਰਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਪਹਿਲਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਫਿਰ ਕਰਤਾਰਪੁਰ ਵਿਖੇ ਪਰਮਾਤਮਾ ਦੀ ਬੰਦਗੀ ਲਈ ਇਕੱਤਰ ਹੋਣ ਵਾਲੀ ਸੰਗਤ ਨੂੰ ਪੰਗਤ 'ਚ ਬਿਠਾ ਕੇ ਲੰਗਰ ਛਕਾਉਣ ਦੀ ਪ੍ਰਥਾ ਆਰੰਭ ਕੀਤੀ ਸੀ। ਗੁਰੂ ਅਮਰਦਾਸ ਜੀ ਨੇ ਇਸ ਪਰੰਪਰਾ ਨੂੰ ਪੱਕੇ ਪੈਰੀਂ ਕਰਨ ਲਈ 'ਪਹਿਲੇ ਪੰਗਤ ਪਾਛੈ ਸੰਗਤ' ਦਾ ਆਦੇਸ਼ ਦਿੱਤਾ। ਇਸ ਦਾ ਭਾਵ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸੰਗਤ ਪੰਗਤ ਵਿਚ ਬੈਠ ਕੇ ਲੰਗਰ ਛਕੇ। ਇਹ ਪਰੰਪਰਾ ਸਿੱਖ ਧਰਮ ਦਾ ਅਟੁੱਟ ਅੰਗ ਬਣ ਗਈ ਹੈ ਤੇ ਹਰ ਗੁਰਦੁਆਰਾ ਸਾਹਿਬ ਨਾਲ ਲੰਗਰ ਤਿਆਰ ਕਰਨ ਵਾਲੀ ਰਸੋਈ ਪੱਕੇ ਤੌਰ 'ਤੇ ਜੁੜ ਗਈ ਹੈ। ਲੰਗਰ ਦੀ ਇਹ ਪਰੰਪਰਾ ਗੁਰੂ ਸਾਹਿਬਾਨ ਵਲੋਂ 'ਵੰਡ ਛਕਣ' ਦੇ ਸਿਧਾਂਤ 'ਚੋਂ ਪ੍ਰਗਟ ਹੋਈ ਹੈ। ਬੇਈਮਾਨੀ ਤੇ ਭ੍ਰਿਸ਼ਟ ਢੰਗ-ਤਰੀਕਿਆਂ ਨਾਲ ਕਮਾਏ ਹੋਏ ਧਨ ਨੂੰ ਗੁਰੂ ਸਾਹਿਬਾਨ ਨੇ ਪ੍ਰਵਾਨ ਨਹੀਂ ਕੀਤਾ, ਜਿਹੜਾ ਕਿ ਮਲਿਕ ਭਾਗੋ ਵਾਲੇ ਮਾਰਗ ਵੱਲ ਲੈ ਕੇ ਜਾਂਦਾ ਹੈ।
ਉਨ੍ਹਾਂ ਭਾਈ ਲਾਲੋ ਦਾ ਮਾਰਗ ਦੱਸਿਆ ਹੈ, ਜਿਹੜਾ ਕਿ ਮਿਹਨਤ ਤੇ ਇਮਾਨਦਾਰੀ ਦੀ ਕਿਰਤ ਕਮਾਈ 'ਚੋਂ ਪ੍ਰਗਟ ਹੁੰਦਾ ਹੈ। ਅਜਿਹੀ ਕਿਰਤ 'ਚੋਂ ਵੰਡ ਕੇ ਛਕਣ ਨੂੰ ਗੁਰੂ ਨਾਨਕ ਦੇਵ ਜੀ ਨੇ ਸਚਿਆਰਾ ਮਾਰਗ ਦੱਸਿਆ ਹੈ:-
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਅੰਗ:1245)
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਸਿੱਖ ਵਿਸ਼ਵਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।