ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਕੀਤੀ ਗਈ ਰੈਲੀ ਮੌਕੇ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਸ਼ਣ ਦੇਣ ਲੱਗੇ ਤਾਂ 2 ਦਰਜਨ ਤੋਂ ਵਧੇਰੇ ਨੌਜਵਾਨਾਂ ਨੇ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦੇ ਨਾਲ ਹੀ ਚੰਨੀ-ਚੰਨੀ ਦੀ ਰਟ ਲਗਾਈ ਰੱਖੀ। ਜਦੋਂ ਬਾਅਦ ’ਚ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਵਲੋਂ ਚੰਨੀ ਦੇ ਹੱਕ ’ਚ ਨਾਅਰੇ ਲਗਾਉਣ ਸੰਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਵੱਖਰੇ ਅੰਦਾਜ਼ ’ਚ ਕਿਹਾ ਕਿ ਕੁਝ ਲੋਕ ਫ਼ਿਲਮੀ ਅਦਾਕਾਰ ਮਾਧੁਰੀ ਦੀਕਸ਼ਤ ਦੇ ਫੈਨ ਹੁੰਦੇ ਹਨ ਅਤੇ ਕੁਝ ਕਿਸੇ ਗਾਇਕ ਜਾਂ ਖਿਡਾਰੀ ਦੇ।
ਉਨ੍ਹਾਂ ਕਿਹਾ ਕਿ ਅਜਿਹੇ ਨਾਅਰੇ ਲੱਗਣੇ ਕੋਈ ਵੱਡੀ ਗੱਲ ਨਹੀਂ। ਵੜਿੰਗ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ’ਚ ਪਾਰਟੀ ਵਲੋਂ ਹਲਕਾ ਇੰਚਾਰਜ ਨਹੀਂ ਲਗਾਇਆ ਹੋਇਆ ਬਲਕਿ ਕੁਝ ਕਾਂਗਰਸੀ ਖ਼ੁਦ ਨੂੰ ਹਲਕਾ ਇੰਚਾਰਜ ਦੱਸ ਰਹੇ ਹਨ।
ਉਨ੍ਹਾਂ ਸਪਸ਼ਟ ਕਿਹਾ ਕਿ ਪਾਰਟੀ ਦੀਆਂ ਟਿਕਟਾਂ ਹਲਕਿਆਂ ’ਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਇਸ ਲਈ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਦਾਅਵੇਦਾਰ ਨਾ ਸਮਝੇ। ਵੜਿੰਗ ਦਾ ਇਹ ਇਸ਼ਾਰਾ ਮਾਨਸਾ ਜ਼ਿਲੇ੍ ਦੇ 2 ਕਾਂਗਰਸ ਆਗੂਆਂ ਵੱਲ ਸੀ।