ਬੇਸਹਾਰਾ ਪਿੰਗਲਿਆਂ, ਲੂਲਿਆਂ, ਅਪਾਹਜਾਂ ਨੂੰ ਸਹੀ ਇਲਾਜ ਸਹਿਤ ਅਰੋਗਤਾ ਬਖ਼ਸ਼ਣ, ਉਨ੍ਹਾਂ ਦਾ ਨਿਰਸੁਆਰਥ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਦਾ ਦਿਆਲਤਾ ਭਰਿਆ ਅਸਥਾਨ ਹੈ ਪਿੰਗਲਾਵਾੜਾ, ਜੋ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਦੇ ਸਾਹਮਣੇ ਪਾਸੇ ਆਬਾਦੀ ਤਹਿਸੀਲਪੁਰਾ ਵਿਖੇ ਸਥਿਤ ਹੈ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਸਨ। ਪਿੰਗਲਵਾੜਾ ਦੀ ਸ਼ੁਰੂਆਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ ਤੋਂ ਹੋਈ, ਜਦੋਂ 1934 'ਚ ਅੰਮ੍ਰਿਤ ਵੇਲੇ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਕ ਚਾਰ ਕੁ ਸਾਲਾਂ ਦੇ ਪੇਟ ਦੀ ਬਿਮਾਰੀ ਤੋਂ ਪੀੜਤ, ਮਲ-ਮੂਤਰ ਨਾਲ ਲਿੱਬੜੇ ਤੇ ਲੂਲੇ ਪਿੰਗਲੇ ਬਾਲ ਨੂੰ ਪਾਲਣ-ਪੋਸ਼ਣ ਲਈ ਭਗਤ ਪੂਰਨ ਸਿੰਘ ਦੇ ਹਵਾਲੇ ਕਰ ਦਿੱਤਾ। ਉਸ ਲੂਲੇ ਤੇ ਗੂੰਗੇ ਬਾਲ ਨੂੰ ਉਸ ਦੇ ਲਾਚਾਰ ਮਾਈ ਬਾਪ ਮੂੰਹ ਹਨੇਰੇ ਹੀ ਗੁਰੂ ਆਸਰੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ 'ਚ ਛੱਡ ਗਏ ਸਨ। ਭਗਤ ਜੀ ਨੇ ਬਿਨਾਂ ਕੋਈ ਕੁਰਹਿਤ ਕੀਤਿਆਂ ਬਾਲਕ ਦੀ ਸਾਫ਼ ਸਫ਼ਾਈ ਕੀਤੀ, ਸਾਫ਼ ਕੱਪੜਿਆਂ ਦਾ ਪ੍ਰਬੰਧ ਕਰਕੇ ਨਿੱਘ ਦਿੱਤਾ ਅਤੇ ਉਸ ਦੀ ਦਵਾ-ਦਾਰੂ ਕਰਕੇ ਅਰੋਗ ਕਰ ਦਿੱਤਾ। ਭਗਤ ਪੂਰਨ ਸਿੰਘ ਦੇ ਮਨ 'ਚ ਜਨ-ਹਿਤੈਸ਼ੀ ਸੇਵਾ ਭਾਵਨਾ ਦਾ ਸੰਚਾਰ ਉਨ੍ਹਾਂ ਦੀ ਮਾਤਾ ਮਹਿਤਾਬ ਕੌਰ ਨੇ ਅਮਲੀ ਰੂਪ 'ਚ ਕਰ ਦਿੱਤਾ ਸੀ। ਤੁਰਨ ਫ਼ਿਰਨ ਪੱਖੋਂ ਅਪਾਹਜ ਬਾਲਕ ਨੂੰ ਭਗਤ ਜੀ ਕਦੇ ਕੁੱਛੜ ਤੇ ਕਦੇ ਕੰਧਾੜੇ ਚੁੱਕੀ ਰੱਖਦੇ ਤੇ ਲਾਡ ਨਾਲ ਉਸ ਦਾ ਨਾਂਅ ਪਿਆਰਾ ਸਿੰਘ ਰੱਖ ਦਿੱਤਾ।
ਸੰਨ '47 ਦੇ ਰੌਲਿਆਂ ਵੇਲੇ ਭਗਤ ਪੂਰਨ ਸਿੰਘ ਦੇ ਮੋਢਿਆਂ 'ਤੇ ਵਾਹਗਾ ਪਾਰ ਲੰਘਣ ਵੇਲੇ ਕੇਵਲ ਪਿਆਰਾ ਸਿੰਘ ਸੀ। ਪਿਆਰੇ ਨੂੰ ਗਲ਼ ਨਾਲ ਲਾਈ ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ 'ਚ ਸਥਾਪਤ ਪਨਾਹਗੀਰ ਕੈਂਪ 'ਚ ਸ਼ਰਨ ਲਈ। ਇੱਥੇ ਵੀ ਭਗਤ ਜੀ ਬਿਮਾਰ ਪਨਾਹਗੀਰਾਂ ਦੀ ਦਵਾ-ਦਾਰੂ ਦਾ ਪ੍ਰਬੰਧ ਮੰਗ ਕੇ ਕਰਦੇ ਤੇ ਜ਼ਖ਼ਮੀਆਂ ਦੇ ਮੱਲ੍ਹਮ ਪੱਟੀ ਕਰਦੇ। ਜਦੋਂ ਕੈਂਪ ਹਟਾ ਦਿੱਤਾ ਗਿਆ ਤਾਂ ਉਸ ਵੇਲੇ ਭਗਤ ਪੂਰਨ ਸਿੰਘ 8 ਅਨਾਥ ਰੋਗੀਆਂ ਦੀ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਕਾਲਜ ਦੇ ਸਾਹਮਣੇ ਸ਼ੰਭੂ ਨਾਥ ਦੀ ਸਲਫਿਊਰਿਕ ਐਸਿਡ ਦੀ ਫੈਕਟਰੀ ਦੇ ਬਾਹਰਲੇ ਸ਼ੈੱਡ ਹੇਠਾਂ ਠੰਢ ਤੇ ਗਰਮੀ ਦਾ ਡੇਢ ਕੁ ਸਾਲ ਲੰਘਾਇਆ। ਉਨ੍ਹਾਂ ਕੁਝ ਸਮਾਂ ਚੀਫ਼ ਖ਼ਾਲਸਾ ਦੀਵਾਨ ਦੇ ਬਾਹਰ ਤੇ ਕੁਝ ਮਹੀਨੇ ਰੇਲਵੇ ਸਟੇਸ਼ਨ ਦੇ ਬਾਹਰ ਪਿੱਪਲ ਹੇਠ ਫੁੱਟਪਾਥ 'ਤੇ ਗੁਜ਼ਾਰਿਆ। ਕੁਝ ਸਮੇਂ ਬਾਅਦ ਉਹ ਅਨਾਥ ਰੋਗੀਆਂ ਨੂੰ ਲੈ ਕੇ ਵਿਕਟੋਰੀਆ ਜੁਬਲੀ (ਵੀ.ਜੇ.) ਹਸਪਤਾਲ ਨਜ਼ਦੀਕ ਆ ਗਏ। ਹੁਣ ਤੱਕ ਉਨ੍ਹਾਂ ਦੇ ਡੇਰੇ 'ਚ ਸ਼ਰਨ ਲੈਣ ਲਈ 22 ਬੇਸਹਾਰਾ ਬਿਮਾਰ ਤੇ ਅਪਾਹਜ ਮਰੀਜ਼ ਆ ਚੁੱਕੇ ਸਨ। ਹੌਲੀ-ਹੌਲੀ ਇਹ ਗਿਣਤੀ ਵਧ ਕੇ 90 ਹੋ ਗਈ। ਏਨੇ ਮਰੀਜ਼ਾਂ ਨੂੰ ਸਾਂਭਣ ਲਈ ਵੱਧ ਥਾਂ ਦੀ ਲੋੜ ਸੀ, ਜੋ ਬੰਦ ਪਏ ਸਿਨੇਮਾਘਰ ਇੰਦਰ ਪੈਲੇਸ ਦੇ ਹਾਲ ਕਮਰਿਆਂ ਨੇ ਪੂਰੀ ਕਰ ਦਿੱਤੀ। ਪਿੰਗਲਵਾੜੇ ਦੀ ਚਰਚਾ ਸ਼ਹਿਰ ਵਾਸੀਆਂ 'ਚ ਸ਼ੁਰੂ ਹੋ ਗਈ। ਇਕ ਦਿਨ ਜਨ-ਸੇਵਕ ਤੇ ਸਿਆਸੀ ਆਗੂ ਸ੍ਰੀ ਮਿਹਰ ਚੰਦ ਖੰਨਾ ਆਪਣੀ ਪਤਨੀ ਨਾਲ ਭਗਤ ਜੀ ਦੇ ਦਰਸ਼ਨਾਂ ਨੂੰ ਆਏ ਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਨਿਰਸੁਆਰਥ, ਨਿਸ਼ੁਲਕ ਤੇ ਮਾਨਵੀ ਪ੍ਰੇਮ 'ਚ ਭਿੱਜੀ ਸੇਵਾ ਵੇਖੀ ਤਾਂ ਉਨ੍ਹਾਂ ਨੇ ਤਹਿਸੀਲਪੁਰਾ ਵਿਖੇ ਆਪਣੀ ਮਾਲਕੀ ਵਾਲੀ ਜ਼ਮੀਨ ਭਗਤ ਪੂਰਨ ਸਿੰਘ ਦੇ ਨਾਂਅ ਕਰ ਦਿੱਤੀ ਅਤੇ ਨਾਲ ਹੀ ਪਿੰਗਲਵਾੜਾ ਦੀ ਇਮਾਰਤ ਉਸਾਰਨ ਲਈ 40 ਹਜ਼ਾਰ ਰੁਪਏ ਭੇਟ ਕੀਤੇ। 6 ਮਾਰਚ 1957 ਨੂੰ ਪਿੰਗਲਵਾੜਾ ਸੰਸਥਾ ਦੀ ਇਮਾਰਤ ਦੀ ਉਸਾਰੀ ਸੰਪੂਰਨ ਹੋਣ 'ਤੇ ਇਸ ਨੂੰ 'ਆਲ ਇੰਡੀਆ ਪਿੰਗਲਵਾੜਾ ਸੁਸਾਇਟੀ' ਵਜੋਂ ਰਜਿਸਟਰਡ ਕਰਾਇਆ ਗਿਆ। ਭਗਤ ਜੀ ਦੇ ਪਿਆਰਾ ਸਿੰਘ ਤੋਂ ਆਰੰਭ ਹੋ ਕੇ ਇਹ ਪਿੰਗਲਵਾੜਾ ਇਕ ਮਾਨਵੀ ਭਲਾਈ ਤੇ ਉਪਚਾਰ ਦੀ ਸੰਸਥਾ ਵਜੋਂ ਅਨਾਥ ਬਿਮਾਰਾਂ, ਅਪਾਹਜਾਂ, ਪਾਗਲਾਂ, ਪਿੰਗਲਿਆਂ ਦਾ ਰੱਬੀ ਆਸਰਾ ਬਣ ਗਿਆ। ਵੱਖ-ਵੱਖ ਬਿਮਾਰੀਆਂ ਤੋਂ ਪੀੜਤਾਂ ਨੂੰ ਬਿਮਾਰੀ ਮੁਤਾਬਕ ਵੱਖ-ਵੱਖ ਹਸਪਤਾਲਾਂ 'ਚ ਲਿਜਾਣ ਲਈ ਭਗਤ ਜੀ ਨੇ ਇਕ ਸਾਈਕਲ ਰੇੜ੍ਹੀ ਤਿਆਰ ਕਰਾਈ, ਜਿਸ 'ਚ ਪੀੜਤਾਂ ਨੂੰ ਪਾ ਕੇ ਉਹ ਆਪ ਲਿਜਾਂਦੇ।
ਅਨਾਥ ਬਿਮਾਰਾਂ ਦੀ ਸੇਵਾ ਦੇ ਨਾਲ-ਨਾਲ ਭਗਤ ਜੀ ਨੇ ਪਾਣੀ ਦੀ ਸੁਚੱਜੀ ਵਰਤੋਂ ਸੰਬੰਧੀ ਚੇਤਨਾ ਪ੍ਰਦਾਨ ਕਰਨ ਅਤੇ ਵਾਤਾਵਰਨ ਨੂੰ ਸਵੱਛ ਰੱਖਣ ਦੇ ਉਦੇਸ਼ ਦੀ ਪੂਰਤੀ ਲਈ ਸਕੂਲਾਂ, ਹਸਪਤਾਲਾਂ ਦੀਆਂ ਖ਼ਾਲੀ ਥਾਵਾਂ, ਸੜਕਾਂ, ਨਾਲਿਆਂ ਦੇ ਕੰਢੇ ਹਜ਼ਾਰਾਂ ਰੁੱਖ ਲਾਏ ਤੇ ਤਾਉਮਰ ਇਹ ਮੁਹਿੰਮ ਜਾਰੀ ਰੱਖੀ। ਪੰਜਾਬ 'ਚ ਝੋਨੇ ਕਾਰਨ ਪਾਣੀ ਦੇ ਸੰਕਟ ਬਾਰੇ ਉਨ੍ਹਾਂ ਨੇ 1970-75 ਦਰਮਿਆਨ ਸਾਵਧਾਨ ਕਰ ਦਿੱਤਾ ਸੀ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ 'ਪਦਮਸ੍ਰੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਪਰ ਜੂਨ '84 ਦੇ ਘੱਲੂਘਾਰੇ ਕਾਰਨ ਉਨ੍ਹਾਂ ਨੇ ਇਹ ਪੁਰਸਕਾਰ ਭਾਰਤੀ ਹਕੂਮਤ ਨੂੰ ਵਾਪਸ ਕਰ ਦਿੱਤਾ। 1991 'ਚ ਉਨ੍ਹਾਂ ਦਾ ਨਾਂਅ 'ਨੋਬਲ ਸ਼ਾਂਤੀ ਪੁਰਸਕਾਰ' ਲਈ ਨਾਮਜ਼ਦ ਕੀਤਾ ਗਿਆ, ਪਰ ਉਹ ਪੁਰਸਕਾਰ ਵੰਡਣ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ।
ਲਗਾਤਾਰ ਸੇਵਾ ਸਿਮਰਨ ਕਰਦਿਆਂ ਭਗਤ ਜੀ ਦਾ ਮੇਲ ਸੰਗਰੂਰ ਵਾਸੀ ਅਤੇ ਭਗਤ ਜੀ ਦੀ ਰੱਬੀ ਸ਼ਖ਼ਸੀਅਤ ਨੂੰ ਸਮਰਪਿਤ ਡਾ. ਬੀਬੀ ਇੰਦਰਜੀਤ ਕੌਰ ਨਾਲ ਹੋਇਆ। ਭਗਤ ਜੀ ਦੀ ਲਾਸਾਨੀ ਤੇ ਲਾਮਿਸਾਲ ਮਾਨਵੀ ਸੇਵਾ ਤੋਂ ਪ੍ਰਭਵਿਤ ਬੀਬੀ ਇੰਦਰਜੀਤ ਕੌਰ ਵੀ ਪਿੰਗਲਵਾੜੇ ਦੇ ਮਰੀਜ਼ਾਂ ਦੀ ਸੇਵਾ-ਸੰਭਾਲ ਜੋਗੇ ਹੀ ਰਹਿ ਗਏ। 20 ਜੂਨ 1992 ਨੂੰ ਭਗਤ ਜੀ ਨੂੰ ਗਦੂਦਾਂ ਦੀ ਸ਼ਿਕਾਇਤ ਹੋ ਗਈ। ਮਾਨਵਵਾਦੀ ਡਾ. ਹਰਚਰਨ ਸਿੰਘ ਤੇ ਹੋਰ ਡਾਕਟਰਾਂ ਦੀ ਦੇਖਰੇਖ ਹੇਠ ਬੀਬੀ ਇੰਦਰਜੀਤ ਕੌਰ ਨੇ ਇਕ ਧੀ ਵਾਂਗ ਦਿਨ-ਰਾਤ ਭਗਤ ਜੀ ਦੀ ਸੇਵਾ ਕੀਤੀ, ਪਰ ਬਿਮਾਰੀ ਵਧਦੀ ਗਈ। ਪਿੰਡ ਰਾਜੇਵਾਲ 'ਚ 4 ਜੂਨ 1904 ਨੂੰ ਪਿਤਾ ਸ਼ਿਬੂ ਮੱਲ ਤੇ ਮਾਤਾ ਮਹਿਤਾਬ ਕੌਰ ਦੇ ਘਰ ਜਨਮੇ ਭਗਤ ਪੂਰਨ ਸਿੰਘ 5 ਅਗਸਤ 1992 ਨੂੰ ਸਦੀਵੀ ਵਿਛੋੜਾ ਦੇ ਗਏ। ਭਗਤ ਪੂਰਨ ਸਿੰਘ ਨੇ ਦੂਰ-ਅੰਦੇਸ਼ ਨਜ਼ਰੀਏ ਤੋਂ ਆਪਣੀ ਵਸੀਅਤ ਵਿਚ ਡਾ. ਬੀਬੀ ਇੰਦਰਜੀਤ ਕੌਰ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਸੀ। 'ਪਦਮਸ੍ਰੀ' ਡਾ. ਬੀਬੀ ਇੰਦਰਜੀਤ ਕੌਰ ਜੀ ਤੇ ਉਨ੍ਹਾਂ ਦੇ ਸੁਹਿਰਦ, ਸਿਦਕਵਾਨ ਤੇ ਇਮਾਨਦਾਰ ਸਹਿਯੋਗੀ ਸਪੈਸ਼ਲਿਸਟ ਡਾ. ਜਗਦੀਪਕ ਸਿੰਘ, ਕੁਦਰਤੀ ਖੇਤੀ ਮਾਹਿਰ ਮਾਸਟਰ ਰਾਜਬੀਰ ਸਿੰਘ ਗਿੱਲ, ਨਿਸ਼ਕਾਮ ਇਮਾਰਤਸਾਜ਼ ਸ. ਮੁਖਤਾਰ ਸਿੰਘ ਗੋਰਾਇਆ, ਯੋਗੇਸ਼ ਸੂਰੀ, ਸ. ਅਮਰਜੀਤ ਸਿੰਘ ਅਤੇ ਹੋਰ ਨੇਕਨੀਅਤ ਮਾਹਿਰਾਂ ਦੀ ਦਿਆਨਤਦਾਰੀ ਸਦਕਾ ਭਗਤ ਪੂਰਨ ਸਿੰਘ ਵਲੋਂ ਲਾਇਆ ਬੂਟਾ ਅੱਜ ਹਰਿਆ-ਭਰਿਆ ਬਾਗ਼ ਬਣ ਚੁੱਕਾ ਹੈ। ਬੇਸਹਾਰਾ ਬਿਮਾਰਾਂ ਨੂੰ ਆਸਰਾ ਪ੍ਰਦਾਨ ਕਰਨ ਵਾਲੇ ਪਿੰਗਲਵਾੜਾ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੇ ਮਹਾਨ ਕਾਰਜਾਂ ਦਾ ਅੱਜ ਵਿਸ਼ਵ ਭਰ ਦੇ ਮਾਨਵ ਪ੍ਰੇਮੀ ਗੁਣਗਾਨ ਕਰ ਰਹੇ ਹਨ।
-ਬੀ-1152, ਨਿਊ ਪ੍ਰਤਾਪ ਨਗਰ, ਅੰਮ੍ਰਿਤਸਰ-143006
ਈਮੇਲ : ankhiEC@gmail.com
ਮੋਬਾਈਲ : 98158-40755