ਸਿੱਖ ਇਤਿਹਾਸ ਦਾ ਵੱਡਾ ਹਿੱਸਾ ਅੱਜ ਵੀ ਪਾਕਿਸਤਾਨ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ ਅਤੇ ਹੋਰ ਅਨੇਕਾਂ ਇਤਿਹਾਸਕ ਗੁਰਧਾਮ ਸਿੱਖ ਧਰਮ ਦੇ ਸੁਨਹਿਰੀ ਇਤਿਹਾਸ ਦੇ ਗਵਾਹ ਹਨ। ਵੰਡ ਤੋਂ ਬਾਅਦ ਲੰਬੇ ਸਮੇਂ ਤੱਕ ਅਣਗੌਲੇ ਰਹੇ ਇਨ੍ਹਾਂ ਗੁਰਧਾਮਾਂ ਦੀ ਸੰਭਾਲ ਤੇ ਬਹਾਲੀ ਲਈ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇੰਗਲੈਂਡ ਦੌਰੇ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰੋ. ਸਤਵੰਤ ਕੌਰ ਨੇ ਦੱਸਿਆ ਕਿ ਪਾਕਿਸਤਾਨ 'ਚ ਸਿੱਖ ਵਿਰਾਸਤ ਦੀ ਸੰਭਾਲ ਸਿਰਫ਼ ਇਮਾਰਤਾਂ ਦੀ ਮੁਰੰਮਤ ਤੱਕ ਸੀਮਤ ਨਹੀਂ, ਸਗੋਂ ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸ, ਧਾਰਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰੱਖਿਅਤ ਪਹੁੰਚਾਉਣ ਦਾ ਇਕ ਵੱਡਾ ਮਿਸ਼ਨ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਾਕਿਸਤਾਨ ਦੇ 21 ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੈ, ਜਦਕਿ 18 ਹੋਰ ਇਤਿਹਾਸਕ ਗੁਰਧਾਮਾਂ ਦੀ ਸੰਭਾਲ, ਮੁਰੰਮਤ ਤੇ ਬਹਾਲੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਗੁਰਧਾਮਾਂ ਦੇ ਮੂਲ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਣਾ ਕਮੇਟੀ ਦੀ ਪਹਿਲੀ ਤਰਜੀਹ ਹੈ ਤੇ ਹਰ ਬਹਾਲੀ ਕਾਰਜ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਇਤਿਹਾਸਕ ਪਛਾਣ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1971 'ਚ ਪਾਕਿਸਤਾਨ ਜਾ ਕੇ ਵਸਿਆ ਸੀ। ਉਸ ਸਮੇਂ ਸਿੱਖ ਭਾਈਚਾਰੇ ਨੂੰ ਧਾਰਮਿਕ ਸਹੂਲਤਾਂ ਦੀ ਕਾਫ਼ੀ ਘਾਟ ਸੀ ਤੇ ਗਿਣਤੀ ਦੇ ਗੁਰਦੁਆਰਿਆਂ 'ਚ ਹੀ ਧਾਰਮਿਕ ਸਰਗਮੀਆਂ ਹੁੰਦੀਆਂ ਸਨ। 1999 ਤੱਕ ਪਾਕਿਸਤਾਨ 'ਚ ਸਿਰਫ਼ ਤਿੰਨ ਗੁਰਦੁਆਰਿਆਂ ਵਿਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਤੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ਹਾਲਾਤ ਵਿਚ ਵੱਡਾ ਬਦਲਾਅ ਆਇਆ। ਕਈ ਸਾਲਾਂ ਤੋਂ ਬੰਦ ਪਏ ਇਤਿਹਾਸਕ ਗੁਰਦੁਆਰਿਆਂ ਨੂੰ ਮੁੜ ਖੋਲ੍ਹਿਆ ਗਿਆ ਤੇ ਅੱਜ ਇਹ ਗਿਣਤੀ ਵਧ ਕੇ 21 ਹੋ ਗਈ ਹੈ।
ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪੰਜਾਬ 'ਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਪਰ ਸਿੱਖਿਆ ਪ੍ਰਣਾਲੀ 'ਚ ਇਸ ਨੂੰ ਬਣਦਾ ਸਥਾਨ ਨਹੀਂ ਮਿਲਿਆ। ਪੰਜਾਬੀ ਨੂੰ ਨਰਸਰੀ ਤੇ ਪ੍ਰਾਇਮਰੀ ਜਮਾਤਾਂ ਤੋਂ ਲਾਜ਼ਮੀ ਤੌਰ 'ਤੇ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ 'ਚ ਪੰਜਾਬੀ ਮੁੱਖ ਤੌਰ 'ਤੇ ਸ਼ਾਹਮੁਖੀ ਲਿਪੀ 'ਚ ਲਿਖੀ ਜਾਂਦੀ ਹੈ, ਜਦਕਿ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਵੀ ਦਿੰਦੇ ਹਨ। ਵੱਖ-ਵੱਖ ਗੁਰਦੁਆਰਿਆਂ ਵਿਚ ਹਫ਼ਤੇ ਦੇ ਅੰਤਲੇ ਦਿਨਾਂ 'ਚ ਬੱਚਿਆਂ ਲਈ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚ ਗੁਰਮੁਖੀ, ਗੁਰਬਾਣੀ, ਕੀਰਤਨ, ਸਿੱਖ ਇਤਿਹਾਸ ਤੇ ਰਹਿਤ-ਮਰਿਆਦਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਨ੍ਹਾਂ ਦੀ ਸ਼ਮੂਲੀਅਤ ਦਾ ਇਕ ਮਹੱਤਵਪੂਰਨ ਉਦੇਸ਼ ਸਿੱਖ ਔਰਤਾਂ ਦੀ ਸਿੱਖਿਆ, ਸੁਰੱਖਿਆ, ਧਾਰਮਿਕ ਭਾਗੀਦਾਰੀ ਤੇ ਸਮਾਜਿਕ ਸਸ਼ਕਤੀਕਰਨ ਨਾਲ ਜੁੜੇ ਮਸਲਿਆਂ ਨੂੰ ਅੱਗੇ ਲਿਆਉਣਾ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਕਿਸੇ ਇਕ ਦੇਸ਼ ਜਾਂ ਸੰਸਥਾ ਦੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦੀ ਸਾਂਝੀ ਵਿਰਾਸਤ ਹੈ, ਜਿਸ ਦੀ ਰਾਖੀ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਵਿਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਸਮੇਤ ਦੁਨੀਆ ਭਰ ਤੋਂ ਹਜ਼ਾਰਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਇਹ ਯਾਤਰਾਵਾਂ ਨਾ ਸਿਰਫ਼ ਆਸਥਾ ਦਾ ਪ੍ਰਤੀਕ ਹਨ, ਸਗੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਵੀ ਹੋਰ ਮਜ਼ਬੂਤ ਕਰਦੀਆਂ ਹਨ।
ਗੱਲਬਾਤ ਦੇ ਅੰਤ 'ਚ ਪ੍ਰੋ. ਸਤਵੰਤ ਕੌਰ ਨੇ ਕਿਹਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ 'ਚ ਭਾਸ਼ਾ, ਸੱਭਿਆਚਾਰ, ਰਹਿਣ-ਸਹਿਣ ਅਤੇ ਇਤਿਹਾਸ ਦੀ ਡੂੰਘੀ ਸਾਂਝ ਅੱਜ ਵੀ ਕਾਇਮ ਹੈ। ਪੰਜਾਬੀ ਭਾਸ਼ਾ ਤੇ ਸਿੱਖ ਵਿਰਾਸਤ ਦੀ ਸੰਭਾਲ ਲਈ ਆਪਸੀ ਸਹਿਯੋਗ, ਸੰਵਾਦ ਅਤੇ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂ ਜੋ ਗੁਰੂ ਸਾਹਿਬਾਨ ਦੀ ਇਹ ਅਨਮੋਲ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਣੀ ਅਸਲੀ ਸ਼ਾਨ ਤੇ ਸਰੂਪ ਨਾਲ ਸੁਰੱਖਿਅਤ ਪਹੁੰਚ ਸਕੇ।
-ਪ੍ਰਤੀਨਿਧ, ਲੈਸਟਰ (ਇੰਗਲੈਂਡ)।
ਸੰਪਰਕ : 00447984961005
ਪਾਕਿਸਤਾਨ 'ਚ 21 ਗੁਰਦੁਆਰਿਆਂ ਵਿਚ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਪਾਕਿਸਤਾਨ 'ਚ 21 ਗੁਰਦੁਆਰਿਆਂ ਵਿਚ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਅਜੀਤ ਡੈਸਕ
03-08-2026