02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜਦੋਂ ਸਿੰਘਾਂ ਨੇ ਜੱਲਾਦ ਨੂੰ 'ਮੁਕਤ ਮਿੱਤਰਾ' ਆਖਿਆ

ਜਦੋਂ ਸਿੰਘਾਂ ਨੇ ਜੱਲਾਦ ਨੂੰ 'ਮੁਕਤ ਮਿੱਤਰਾ' ਆਖਿਆ

Ad Position 21
No active advertisement
ਅਜੀਤ ਡੈਸਕ 03-08-2026

ਸਿੱਖ ਇਤਿਹਾਸ ਅਜਿਹਾ ਇਤਿਹਾਸ ਹੈ, ਜੋ ਸ਼ਹੀਦੀਆਂ ਤੇ ਖੂਨੀ ਸਾਕਿਆਂ ਨਾਲ ਭਰਿਆ ਪਿਆ ਹੈ। ਸਿੱਖ ਇਤਿਹਾਸ ਦਾ ਇਕ-ਇਕ ਪੰਨਾ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਤੇ ਅਦਭੁੱਤ ਸ਼ਹੀਦੀਆਂ ਦੀ ਦਾਸਤਾਂ ਬਿਆਨ ਕਰਦਾ ਹੈ। ਕਈ ਪੰਨੇ ਪੜ੍ਹਨ 'ਤੇ ਤਾਂ ਮਨੁੱਖ ਜਾਂ ਕਹਿ ਲਵੋ ਬੁੱਧੀਮਾਨ ਪਾਠਕ ਅਚੰਭਤ ਰਹਿ ਜਾਂਦਾ ਹੈ। ਮੌਤ ਨੂੰ ਮਖੌਲਾਂ ਕਰਨ ਵਾਲੇ ਧਰਮ ਤੇ ਦੇਸ਼ ਪਿਆਰ ਦੀ ਗੂੜ੍ਹ ਰੰਗਤ ਵਿਚ ਰੰਗੇ ਜਵਾਨੀਆਂ ਵਿਚ ਤਾਂ ਕੀ, ਬਚਪਨ ਤੇ ਬੁਢਾਪੇ 'ਚ ਵੀ ਮੌਤ ਨੂੰ ਭੱਜ-ਭੱਜ ਮਿਲਦੇ ਸਨ। ਉਨ੍ਹਾਂ ਦੀਆਂ ਕੁਰਬਾਨੀਆਂ ਨੇ ਹੀ ਤਾਂ ਪੰਜਾਬ ਦੀ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਦਾ ਮਾਣ ਦਿਵਾਇਆ ਹੈ। ਹੁਣ ਅਸੀਂ ਗੱਲ ਕਰਦੇ ਸਿੱਖ ਇਤਿਹਾਸ ਦੇ ਉਸ ਸਮੇਂ ਦੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਨੇਕਾਂ ਸ਼ਾਨਦਾਰ ਜਿੱਤਾਂ ਤੋਂ ਬਾਅਦ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਦੇ ਘੇਰੇ ਵਿਚ ਆ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਕੈਦ ਕਰਕੇ ਅਬਦੁਲ ਸਮੇਦ ਖ਼ਾਂ ਲਾਹੌਰ ਲੈ ਗਿਆ। ਇਸ ਤੋਂ ਪਹਿਲਾਂ ਅੱਠਾਂ ਮਹੀਨਿਆਂ ਦੇ ਜ਼ਬਰਦਸਤ ਘੇਰੇ ਮਗਰੋਂ 7 ਦਸੰਬਰ 1715 ਨੂੰ ਮੁਗਲ ਫ਼ੌਜ ਗੜ੍ਹੀ ਦੇ ਦਰਵਾਜ਼ੇ ਭੰਨ ਕੇ ਅੰਦਰ ਜਾ ਵੜੀ ਅਤੇ ਬਾਬਾ ਬੰਦਾ ਸਿੰਘ ਤੇ ਉਨ੍ਹਾਂ ਦੇ ਭੁੱਖ ਨਾਲ ਨਿਰਬਲ ਹੋਏ ਸਾਥੀ ਕੈਦ ਕਰ ਲਏ ਗਏ।
ਸਿੱਖ ਇਤਿਹਾਸ ਅਨੁਸਾਰ ਪ੍ਰੋ. ਕਰਤਾਰ ਸਿੰਘ ਐਮ.ਏ. ਲਿਖਦੇ ਹਨ ਕਿ ਫਿਰ ਲਾਹੌਰ ਤੋਂ ਬਾਬਾ ਜੀ ਤੇ ਉਨ੍ਹਾਂ ਦੇ ਦੋ-ਤਿੰਨ ਸੌ ਸਾਥੀਆਂ ਨੂੰ ਅਬਦੁਲ ਸਮੇਦ ਖ਼ਾਂ ਦਾ ਪੁੱਤਰ ਜ਼ਕਰੀਆ ਖ਼ਾਂ ਦਿੱਲੀ ਵੱਲ ਲਈ ਜਾਂਦਾ ਸੀ ਤਾਂ ਉਸ ਨੂੰ ਖਿਆਲ ਆਇਆ ਕਿ ਬਾਦਸ਼ਾਹ ਨੂੰ ਖੁਸ਼ ਕਰਨ ਲਈ ਇਹ ਗਿਣਤੀ ਕਾਫ਼ੀ ਨਹੀਂ ਤਾਂ ਉਸ ਨੇ ਰਾਹ 'ਚੋਂ ਹੀ ਹੋਰ ਸਿੱਖਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਇਨ੍ਹਾਂ 'ਚੋਂ ਕੁਝ ਕੁ ਨੂੰ ਜੂੜ ਕੇ ਕੈਦੀ ਬਣਾ ਲਿਆ ਤੇ ਬਹੁਤਿਆਂ ਦੇ ਸਿਰ ਵੱਢ ਕੇ ਨੇਜ਼ਿਆਂ 'ਤੇ ਟੰਗ ਲਏ ਗਏ। ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਕੈਦੀਆਂ ਦੀ ਗਿਣਤੀ 740 ਅਤੇ ਨੇਜ਼ਿਆਂ 'ਤੇ ਟੰਗੇ ਸਿਰਾਂ ਦੀ ਗਿਣਤੀ 2000 ਦੇ ਕਰੀਬ ਹੋ ਗਈ। ਇਸ ਤੋਂ ਇਲਾਵਾ ਸੱਤ ਸੌ ਗੱਡੇ ਸਿੱਖਾਂ ਦੇ ਸੀਸਾਂ ਨਾਲ ਲੱਦੇ ਹੋਏ ਸਨ। ਸਿੱਖਾਂ ਵਿਰੁੱਧ ਆਪਣੀ ਦਹਿਸ਼ਤ ਫੈਲਾਉਣ ਲਈ ਜ਼ਕਰੀਆ ਖ਼ਾਂ ਜਲੂਸ ਦੀ ਸ਼ਕਲ 'ਚ 29 ਫਰਵਰੀ 1716 ਨੂੰ ਦਿੱਲੀ ਪੁੱਜਾ, ਆਗਰਾਬਾਦ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਲਾਹੌਰੀ ਦਰਵਾਜ਼ੇ ਤੱਕ ਤੇ ਅਗਾਂਹ ਕੋਤਵਾਲੀ ਤੱਕ। ਰਸਤੇ 'ਚ ਅਨੇਕਾਂ ਲੋਕ ਸੜਕ ਦੇ ਦੋਹੀਂ ਪਾਸੀ ਖੜ੍ਹੇ ਸਨ। ਪ੍ਰਸਿੱਧ ਸਮਕਾਲੀ ਲੇਖਕ ਮਿਰਜ਼ਾ ਮੁਹੰਮਦ ਹਰੀਸੀ ਨੇ ਇਹ ਸਭ ਕੁਝ ਆਪਣੀ ਅੱਖੀਂ ਡਿੱਠਾ ਤੇ ਉਹ ਇਨ੍ਹਾਂ ਝਾਕੀਆਂ ਨੂੰ ਤਮਾਸ਼ਾ ਕਹਿੰਦਾ ਹੈ ਅਤੇ ਬਿਆਨ ਕਰਦਾ ਹੈ ਕਿ ਦਿੱਲੀ ਵਿਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ, ਜਿਸ ਨੇ ਇਹ ਤਮਾਸ਼ਾ ਨਾ ਦੇਖਿਆ ਹੋਵੇ। ਇਸ ਸਭ ਕੁਝ ਦੇ ਬਾਵਜੂਦ ਸਿੱਖ ਕੈਦੀ ਉੱਚੀ-ਉੱਚੀ ਸ਼ਬਦ ਪੜ੍ਹ ਰਹੇ ਸਨ।
ਜਦੋਂ ਇਹ ਜਲੂਸ ਸ਼ਾਹੀ ਕਿਲ੍ਹੇ ਦੇ ਕੋਲ ਪੁੱਜਾ ਤਾਂ ਫਰੁੱਖਸੀਅਰ ਦੇ ਹੁਕਮਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਾਜ ਸਿੰਘ, ਭਾਈ ਫ਼ਤਹਿ ਸਿੰਘ, ਬਾਬਾ ਕਾਨ੍ਹ ਸਿੰਘ ਤੇ ਕੁਝ ਹੋਰ ਮੁੱਖ ਸਿੱਖਾਂ ਨੂੰ ਵੱਖ ਕਰ ਕੇ ਬੰਦੀਖਾਨੇ ਭੇਜ ਦਿੱਤਾ ਗਿਆ। ਬਾਬਾ ਜੀ ਦੇ ਤਿੰਨ ਵਰ੍ਹਿਆਂ ਦੇ ਸਪੁੱਤਰ, ਉਨ੍ਹਾਂ ਦੀ ਪਤਨੀ ਤੇ ਮਾਤਾ ਨੂੰ ਦਰਬਾਰ ਖ਼ਾਂ ਨਾਜ਼ਮ ਦੇ ਜ਼ਨਾਨਾਖਾਨੇ 'ਚ ਰੱਖਿਆ ਗਿਆ। ਬਾਕੀ ਸਿੱਖਾਂ ਨੂੰ ਸਰਬਰਾਹ ਖ਼ਾਂ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ।
ਪ੍ਰੋ. ਕਰਤਾਰ ਸਿੰਘ ਲਿਖਦੇ ਹਨ ਕਿ ਫਿਰ 5 ਮਾਰਚ 1716 ਨੂੰ ਕੋਤਵਾਲੀ ਦੇ ਨੇੜੇ ਹੀ ਇਨ੍ਹਾਂ ਸਿੰਘਾਂ ਦੀ ਸ਼ਹੀਦੀ ਦਾ ਸਿਲਸਿਲਾ ਸ਼ੁਰੂ ਹੋਇਆ। ਹਰ ਰੋਜ਼ ਇਕ ਸੌ ਸਿੰਘ ਸ਼ਹੀਦ ਕੀਤਾ ਜਾਂਦਾ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਧਰਮ ਤਿਆਗ ਕੇ ਮੁਸਲਮਾਨ ਬਣਨ ਲਈ ਕਈ ਤਰ੍ਹਾਂ ਦੇ ਲਾਲਚ ਤੇ ਤਸੀਹੇ ਦਿੱਤੇ ਜਾਂਦੇ। ਉਸ ਸਮੇਂ ਦੇ ਅੰਗਰੇਜ਼ ਇਤਿਹਾਸਕਾਰ ਨੇ ਲਿਖਿਆ ਹੈ ਕਿ ਇਕ ਵੀ ਸਿੱਖ ਨੇ ਆਪਣਾ ਧਰਮ ਬਦਲਣ ਦੀ ਹਾਮੀ ਨਹੀਂ ਭਰੀ, ਸਗੋਂ ਹਸੂੰ-ਹਸੂੰ ਕਰਦਿਆਂ ਸ਼ਹੀਦੀਆਂ ਪਾਈਆਂ। ਇਸ ਸਾਕੇ ਨੂੰ ਜਿਨ੍ਹਾਂ ਹਿੰਦੁਸਤਾਨੀਆਂ ਤੇ ਯੂਰਪ ਦੇ ਇਤਿਹਾਸਕਾਰਾਂ ਨੇ ਅੱਖੀਂ ਡਿੱਠਾ, ਉਸ ਦਾ ਵਰਨਣ ਕੀਤਾ ਹੈ। ਉਸ ਸਮੇਂ ਅਨੁਸਾਰ ਅੰਗਰੇਜ਼ ਇਤਿਹਾਸਕਾਰ ਇਵਨ ਨੇ ਲਿਖਿਆ ਹੈ ਕਿ ਉਨ੍ਹਾਂ ਸਾਰੇ ਇਤਿਹਾਸਕਾਰਾਂ ਦਾ ਇਕ ਹੀ ਮਤ ਸੀ ਕਿ ਇਨ੍ਹਾਂ ਸਿੰਘਾਂ ਕੋਲ ਹੈਰਾਨ ਕਰਨ ਵਾਲਾ ਸਬਰ ਤੇ ਇਰਾਦੇ ਸਨ ਅਤੇ ਹਰ ਸਿਤਮ ਨੂੰ ਉਹ ਖੁਸ਼ੀ-ਖੁਸ਼ੀ ਝੱਲਦੇ ਸਨ। ਉਨ੍ਹਾਂ ਦੇ ਮਨਾਂ 'ਚ ਮੌਤ ਦਾ ਕੋਈ ਖ਼ੌਫ਼ ਨਹੀਂ ਸੀ, ਸਗੋਂ ਉਹ ਤਾਂ ਜੱੱਲਾਦ ਨੂੰ ਵੀ 'ਮੁਕਤ ਮਿੱਤਰਾ' ਕਹਿ ਕਹਿ ਕੇ ਆਵਾਜ਼ਾਂ ਲਾ ਰਹੇ ਸਨ, ਜੋ ਉਨ੍ਹਾਂ ਨੂੰ ਆਜ਼ਾਦੀ ਤੇ ਮੁਕਤੀ ਦਿਵਾ ਸਕਦਾ ਹੈ। ਉਨ੍ਹਾਂ ਦੇ ਮਨਾਂ 'ਚ ਸ਼ਹੀਦ ਹੋਣ ਦਾ ਇੰਨਾ ਉਤਸ਼ਾਹ ਸੀ ਕਿ ਉਨ੍ਹਾਂ ਵਿਚ ਇਕ-ਦੂਜੇ ਤੋਂ ਪਹਿਲਾਂ ਸ਼ਹਾਦਤ ਪ੍ਰਾਪਤ ਕਰਨ ਦਾ ਚਾਅ ਉਬਾਲੇ ਖਾ ਰਿਹਾ ਸੀ। ਇਸ ਸੰਬੰਧੀ ਇਕ ਪ੍ਰਸਿੱਧ ਮੁਸਲਮਾਨ ਇਤਿਹਾਸਕਾਰ ਗੁਲਾਮ ਹੁਸੈਨ ਆਪਣੀ ਪੁਸਤਕ 'ਸਿਆਰੁਲ ਮੁਤਾਥਰੀਨ' ਵਿਚ ਇਸ ਗੱਲ ਦਾ ਵਿਖਿਆਨ ਕਰਦਾ ਹੈ, 'ਇਹ ਗੱਲ ਬੜੀ ਅਨੋਖੀ ਸੀ ਕਿ ਇਹ ਲੋਕ ਸ਼ਹੀਦ ਹੋਣ ਸਮੇਂ ਪੱਕੇ ਤੇ ਅਡੋਲ ਰਹਿੰਦੇ ਅਤੇ ਮਰਨ ਲਈ ਪਹਿਲ ਵਾਸਤੇ ਝਗੜਦੇ, ਹਰ ਕੋਈ ਕਹਿੰਦਾ ਸੀ ਕਿ ਪਹਿਲਾਂ ਮੇਰੀ ਵਾਰੀ ਏ, ਹਰ ਕੋਈ ਜੱਲਾਦ ਨੂੰ ਮਨਾਉਣ ਅਤੇ ਪ੍ਰੇਰਿਤ ਕਰਨ ਲਈ ਯਤਨ ਕਰਦਾ ਕਿ ਪਹਿਲੀ ਵਾਰੀ ਮੈਨੂੰ ਦੇਵੀਂ।' ਪ੍ਰਸਿੱਧ ਇਤਿਹਾਸਕ ਪੁਸਤਕ 'ਤਾਰੀਖਿ-ਮੁਹੰਮਦ ਸ਼ਾਹੀ' ਦੇ ਹਵਾਲੇ ਤੋਂ ਇਕ ਗੱਭਰੂ ਦੀ ਸ਼ਹੀਦੀ ਦਾ ਹਾਲ ਲਿਖਿਆ ਮਿਲਦਾ ਹੈ, ਜੋ ਇਸ ਸ਼ਹੀਦੀ ਸਾਕੇ ਨੂੰ ਹੋਰ ਪ੍ਰਪੱਕ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਜ਼ਕਰੀਆ ਖ਼ਾਂ ਸਿੰਘਾਂ ਨੂੰ ਦਿੱਲੀ ਵੱਲ ਲਿਜਾ ਰਿਹਾ ਸੀ ਤਾਂ ਇਕ ਪਿੰਡ 'ਚ ਇਕ ਗੱਭਰੂ ਨਵਾਂ-ਨਵਾਂ ਸਿੱਖ ਬਣਿਆ, ਜਿਸ ਦਾ ਨਵਾਂ-ਨਵਾਂ ਹੀ ਵਿਆਹ ਹੋਇਆ ਸੀ। ਉਸ ਨੂੰ ਵੀ ਮੁਗਲਾਂ ਨੇ ਫੜ ਲਿਆ ਤੇ ਦਿੱਲੀ ਲੈ ਆਏ। ਜਦੋਂ ਉਸ ਦੀ ਵਿਧਵਾ ਮਾਂ ਨੂੰ ਪਤਾ ਲੱਗਾ ਤਾਂ ਉਹ ਆਪਣੀ ਨਵ-ਵਿਆਹੀ ਨੂੰਹ ਨੂੰ ਨਾਲ ਲੈ ਕੇ ਬਾਦਸ਼ਾਹ ਦੇ ਦਰਬਾਰ ਆ ਕੇ ਕੁਰਲਾਉਣ ਲੱਗੀ। ਬਾਦਸ਼ਾਹ ਨੇ ਉਸ ਲੜਕੇ ਨੂੰ ਛੱਡ ਦੇਣ ਦਾ ਹੁਕਮ ਦਿੱਤਾ, ਪਰ ਜਦੋਂ ਉਸ ਗੱਭਰੂ ਨੂੰ ਪਤਾ ਲੱਗਾ ਤਾਂ ਉਹ ਤਿਲਮਿਲਾ ਉੱਠਿਆ ਤੇ ਕਹਿਣ ਲੱਗਾ ਕਿ ਇਹ ਔਰਤ ਉਸ ਦੀ ਮਾਂ ਨਹੀਂ ਤੇ ਉਹ ਵੀ ਉਸ ਦੀ ਵਹੁਟੀ ਨਹੀਂ। ਇਸ ਤਰ੍ਹਾਂ ਭਾਵੇਂ ਉਸ ਗੱਭਰੂ ਨੇ ਸ਼ਹੀਦੀ ਪਾ ਲਈ ਪਰ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ।
ਇਤਿਹਾਸ ਗਵਾਹ ਹੈ ਕਿ ਇਹ ਸ਼ਹੀਦੀ ਸਾਕਾ ਜਿਸ ਵਿਚ ਬੁੱਚੜਪੁਣੇ ਨੇ ਹਰ ਹੱਦਾਂ ਪਾਰ ਕਰ ਦਿੱਤੀਆਂ ਸਨ, ਲਗਾਤਾਰ ਸੱਤ ਦਿਨ ਤੱਕ ਚਲਦਾ ਰਿਹਾ ਅਤੇ ਸਾਰੇ ਦੇ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਵੀ ਘਿਨੌਣੀ ਹਰਕਤ ਇਹ ਕੀਤੀ ਜਾਂਦੀ ਰਹੀ ਕਿ ਰਾਤ ਨੂੰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਗੱਡਿਆਂ ਉੱਪਰ ਲੱਦ ਕੇ ਬਾਹਰ ਲਿਜਾ ਕੇ ਰੁੱਖਾਂ ਨਾਲ ਟੰਗ ਦਿੱਤੀਆਂ ਜਾਂਦੀਆਂ। ਇਨ੍ਹਾਂ ਸ਼ਹੀਦੀਆਂ ਤੋਂ ਬਾਅਦ ਅੰਤ ਵਿਚ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਦੀ ਵਾਰੀ ਆਈ, ਜਿਨ੍ਹਾਂ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
-ਮਕਾਨ ਨੰਬਰ 3098, ਸੈਕਟਰ-37ਡੀ, ਚੰਡੀਗੜ੍ਹ।
ਮੋਬਾਈਲ : 98764-52223

 

Ad Position 22
No active advertisement
ਪਿਛਲੀ ਖ਼ਬਰ ਮਾਨਵੀ ਹਮਦਰਦੀ ਦੀ ਮੱਲ੍ਹਮ ਭਗਤ ਪੂਰਨ ਸਿੰਘ ਪਿੰਗਲਵਾੜਾ ਅਗਲੀ ਖ਼ਬਰ ਜਨਤਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ-2026-ਨੌਜਵਾਨਾਂ ਦੀ ਮਿਹਨਤ ਦੀ ਸੁਰੱਖਿਆ ਲਈ ਇਕ ਢੁਕਵੀਂ ਪਹਿਲ...
Ad Position 24
No active advertisement