ਹਰਿਆਣਾ ਸਰਕਾਰ ਦੇ ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਨੇ ਸਿੱਖ ਧਰਮ ਦੀ ਸਥਾਈ ਵਿਰਾਸਤ ਤੇ ਹਰਿਆਣਾ ਦੀ ਧਰਤੀ ਨਾਲ ਇਸ ਦੇ ਇਤਿਹਾਸਕ ਸੰਬੰਧਾਂ ਨੂੰ ਇਕ ਡੂੰਘੀ ਸ਼ਰਧਾਂਜਲੀ ਵਜੋਂ ਕੁਰੂਕਸ਼ੇਤਰ ਦੇ ਸੈਕਟਰ-33 ਵਿਚ ਸਿੱਖ ਅਜਾਇਬ ਘਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਕੁਰੂਕਸ਼ੇਤਰ ਡੂੰਘੀ ਅਧਿਆਤਮਿਕ ਆਸਥਾ ਵਾਲਾ ਸ਼ਹਿਰ ਹੈ, ਜੋ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਸਮੇਤ ਵੱਖ-ਵੱਖ ਸਿੱਖ ਗੁਰੂਆਂ ਦੀਆਂ ਸ਼ਹਿਰ ਨਾਲ ਸੰਬੰਧਿਤ ਯਾਤਰਾਵਾਂ ਨੂੰ ਦਰਸਾਉਂਦਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਇਕ ਅਤਿ-ਆਧੁਨਿਕ ਵਿੱਦਿਅਕ ਤੇ ਪਵਿੱਤਰ ਸਥਾਨ ਬਣਾਉਣਾ ਹੈ, ਜੋ ਨਾ ਸਿਰਫ਼ ਇਸ ਇਤਿਹਾਸ ਨੂੰ ਸੁਰੱਖਿਅਤ ਰੱਖੇਗਾ, ਸਗੋਂ ਸੱਭਿਆਚਾਰਕ ਪਛਾਣ ਤੇ ਅਧਿਆਤਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰੇਗਾ।
ਇਹ ਅਜਾਇਬ ਘਰ 10 ਗੁਰੂ ਸਾਹਿਬਾਨ ਦੇ ਜੀਵਨ ਤੇ ਸਿੱਖਿਆਵਾਂ ਨੂੰ ਡਿਜੀਟਲ ਤੇ ਰਵਾਇਤੀ ਦੋਵੇਂ ਢੰਗਾਂ ਰਾਹੀਂ ਪੇਸ਼ ਕਰ ਕੇ ਇਤਿਹਾਸਕ ਬਹਾਦਰੀ ਤੇ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਇਕ ਪੁਲ ਬਣ ਕੇ ਇਹ ਯਕੀਨੀ ਬਣਾਏਗਾ ਕਿ ਸੱਚਾਈ ਤੇ ਲਚਕੀਲੇਪਣ ਦੀਆਂ ਕਦਰਾਂ-ਕੀਮਤਾਂ ਇਕ ਮਾਰਗਦਰਸ਼ਕ ਵਜੋਂ ਰੌਸ਼ਨੀ ਬਿਖੇਰਦੀਆਂ ਰਹਿਣਗੀਆਂ।
ਇਸ ਸਿੱਖ ਅਜਾਇਬ ਘਰ ਦੀ ਦਿੱਖ ਰਵਾਇਤੀ ਡਿਜ਼ਾਈਨ ਤੋਂ ਹਟ ਕੇ ਹੈ, ਜੋ ਅਮੂਰਤ ਅਧਿਆਤਮਿਕ ਸਿਧਾਂਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੀ ਆਰਕੀਟੈਕਚਰਲ ਭਾਸ਼ਾ ਸਿੱਖ ਸਿਧਾਂਤਾਂ ਬਾਰੇ ਮੂਲ ਜਾਣਕਾਰੀ ਪ੍ਰਦਾਨ ਕਰੇਗੀ ਜਿਵੇਂ ਕਿ:-
ਦਸਤਾਰ-ਮੁੱਖ ਇਮਾਰਤੀ ਬਲਾਕ ਦੀ ਗੋਲਾਕਾਰ, ਪਰਤਦਾਰ ਜਿਓਮੈਟਰੀ ਸਿੱਖ ਦਸਤਾਰ ਦੇ ਰੂਪ ਨੂੰ ਉਜਾਗਰ ਕਰਦੀ ਹੈ, ਜੋ ਸਨਮਾਨ ਤੇ ਭਾਈਚਾਰੇ ਦੀ ਵੱਖਰੀ ਪਛਾਣ ਦਾ ਪ੍ਰਤੀਕ ਹੈ।
ਕੜਾ-ਇਹ ਢਾਂਚਾ ਵੱਡੇ ਕੇਂਦਰਿਤ ਰਿੰਗਾਂ ਦੁਆਰਾ ਬਣਾਇਆ ਗਿਆ ਹੈ, ਜੋ ਕੜੇ ਦੇ ਸਰੂਪ ਨੂੰ ਦਰਸਾਉਂਦਿਆਂ ਬ੍ਰਹਮ ਨਾਲ ਅਟੁੱਟ ਬੰਧਨ ਤੇ ਵਿਸ਼ਵਵਿਆਪੀ ਸਮਾਨਤਾ ਦੇ ਸਿਧਾਂਤ ਨੂੰ ਪ੍ਰਗਟਾਉਂਦਾ ਹੈ।
ਖੰਡਾ-ਅਜਾਇਬ ਘਰ ਦੇ ਕੇਂਦਰੀ ਟਾਵਰ 'ਤੇ ਇਕ ਯਾਦਗਾਰੀ 15-ਮੀਟਰ ਉੱਚਾ ਧਾਤ ਦਾ ਚੱਕਰਨੁਮਾ ਖੰਡਾ ਹੋਵੇਗਾ, ਦੂਰੋਂ ਦਿਖਾਈ ਦੇਣ ਵਾਲਾ ਇਹ ਪ੍ਰਤੀਕ ਅੰਤਿਮ ਰੂਪ 'ਚ ਤਾਕਤ, ਸੱਚਾਈ ਤੇ ਨਿਆਂ ਨੂੰ ਦਰਸਾਏਗਾ।
ਸਦਭਾਵਨਾ-ਜਲ ਸਰੋਤਾਂ ਤੇ ਇਕ ਸੰਗੀਤਕ ਝਰਨੇ ਦੇ ਨਾਲ ਕੁਦਰਤੀ ਭੂ-ਦ੍ਰਿਸ਼ (ਲੈਂਡਸਕੇਪਜ਼) ਦਾ ਏਕੀਕਰਨ ਧਿਆਨ ਨੂੰ ਆਕਰਸ਼ਿਤ ਕਰਕੇ ਸਭ ਸੈਲਾਨੀਆਂ ਲਈ ਬ੍ਰਹਿਮੰਡੀ ਸਦਭਾਵਨਾ ਨੂੰ ਉਤਸ਼ਾਹਿਤ ਕਰੇਗਾ। ਕੁਰੂਕਸ਼ੇਤਰ ਦੇ ਸੈਕਟਰ-33 ਵਿਚ ਸਥਿਤ ਇਸ ਅਜਾਇਬ ਘਰ ਦਾ ਸਥਾਨ ਆਪਣੇ ਆਲੇ-ਦੁਆਲੇ ਦੇ ਮਾਹੌਲ ਕਾਰਨ ਅਸਾਧਾਰਨ ਅਧਿਆਤਮਿਕਤਾ ਨੂੰ ਪ੍ਰਗਟਾਉਂਦਾ ਹੈ। ਇਹ ਸਥਾਨ ਸੰਤ ਰਵਿਦਾਸ ਅਜਾਇਬ ਘਰ ਦੇ ਨਾਲ ਸਥਿਤ ਹੈ। ਇਹ ਭੂਗੋਲਿਕ ਨੇੜਤਾ ਇਕ 'ਸੁੰਦਰ ਅਧਿਆਤਮਿਕ ਮਹੱਤਵ' ਪੈਦਾ ਕਰਦਿਆਂ ਵੱਖ-ਵੱਖ ਅਧਿਆਤਮਿਕ ਪਰੰਪਰਾਵਾਂ ਦੀ ਵਿਰਾਸਤ ਨੂੰ ਇਕ ਸੁਮੇਲ ਕੇਂਦਰ ਵਿਚ ਇਕੱਠਾ ਕਰੇਗੀ। ਇਕ 'ਜ਼ਰੂਰ ਦੇਖਣ ਵਾਲੇ ਸਥਾਨ' ਦੇ ਰੂਪ ਵਿਚ ਇਹ ਅਜਾਇਬ ਘਰ ਅਧਿਆਤਮਿਕਤਾ ਦੇ ਖੋਜੀਆਂ ਤੇ ਆਮ ਲੋਕਾਂ ਦੋਹਾਂ ਲਈ ਇਕ ਮੀਲ-ਪੱਥਰ ਵਜੋਂ ਤਿਆਰ ਕੀਤਾ ਗਿਆ ਹੈ, ਜੋ ਸਦਭਾਵਨਾ ਤੇ ਆਪਸੀ ਸਤਿਕਾਰ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਕੁਰੂਕਸ਼ੇਤਰ ਨੂੰ ਇਕ ਵਿਸ਼ਵਵਿਆਪੀ ਕੇਂਦਰ ਵਜੋਂ ਸਥਾਪਤ ਕਰਦਾ ਹੈ, ਜਿੱਥੇ ਸ਼ਾਂਤੀ ਦੇ ਵੱਖ-ਵੱਖ ਅਧਿਆਤਮਿਕ ਮਾਰਗ ਇਕੱਠੇ ਹੁੰਦੇ ਹਨ। ਇਹ ਪ੍ਰੋਜੈਕਟ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚ. ਐਸ. ਵੀ. ਪੀ.) ਦੁਆਰਾ ਹਰਿਆਣਾ ਦੇ ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਲਈ ਇਕ ਵਿਰਾਸਤ ਵਜੋਂ ਡਿਜ਼ਾਈਨ ਕਰਕੇ ਇੰਜੀਨੀਅਰਿੰਗ, ਪ੍ਰਾਪਤੀ ਤੇ ਨਿਰਮਾਣ (ਈ. ਪੀ. ਸੀ.) ਮੋਡ 'ਤੇ ਚਲਾਇਆ ਜਾ ਰਿਹਾ ਹੈ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵਿਸ਼ਵ ਪੱਧਰੀ ਸੰਸਥਾਗਤ ਮਾਪਦੰਡਾਂ ਦੇ ਨਾਲ ਪ੍ਰੋਜੈਕਟਾਂ ਨੂੰ ਚਲਾਉਣ ਲਈ ਜਾਣੀ ਜਾਂਦੀ ਹੈ ਤੇ ਇਸ ਪ੍ਰੋਜੈਕਟ ਨੂੰ ਵੀ ਯਕੀਨੀ ਤੌਰ 'ਤੇ ਉਸੇ ਤਰ੍ਹਾਂ ਹੀ ਤਿਆਰ ਕੀਤਾ ਜਾਵੇਗਾ। ਇਸ ਕੰਪਲੈਕਸ ਵਿਚ ਡਿਜੀਟਲ ਤੇ ਪਰੰਪਰਾਗਤ ਗੈਲਰੀਆਂ, ਆਧੁਨਿਕ ਆਡੀਟੋਰੀਅਮ, ਓਪਨ-ਏਅਰ ਥੀਏਟਰ (ਓ.ਏ.ਟੀ.), ਖੋਜ ਕੇਂਦਰ, ਲਾਇਬ੍ਰੇਰੀ, ਯਾਦਗਾਰੀ ਅਤੇ ਸਹੂਲਤਾਂ ਉਪਲਬਧ ਹੋਣਗੀਆਂ।
ਇਹ ਪ੍ਰੋਜੈਕਟ ਬਿਲਡਿੰਗ ਇਨਫਾਰਮੇਸ਼ਨ ਮਾਡਲਿੰਗ (ਬੀ.ਆਈ.ਐਮ.) ਦੀ ਵਰਤੋਂ ਕਰਦਾ ਹੈ, ਜਿੱਥੇ ਸੁਰੱਖਿਆ ਪ੍ਰਬੰਧਨ ਇਕ ਇੰਟੈਲੀਜੈਂਟ ਬਿਲਡਿੰਗ ਮੈਨੇਜਮੈਂਟ ਸਿਸਟਮ (ਆਈ.ਬੀ.ਐਮ.ਐਸ.) ਦੁਆਰਾ ਕੀਤਾ ਜਾਂਦਾ ਹੈ, ਜਿਸ ਵਿਚ ਅਤਿ ਆਧੁਨਿਕ ਕਿਸਮ ਦੇ ਸੀ.ਸੀ.ਟੀ.ਵੀ. ਕੈਮਰੇ ਅਤੇ ਸਮਾਨ ਸਕੈਨਰ ਵੀ ਲਗਾਏ ਜਾਣਗੇ। ਇਹ ਇਮਾਰਤ ਵਾਤਾਵਰਨ ਸੰਭਾਲ ਪ੍ਰਤੀ ਵਚਨਬੱਧਤਾ ਨਾਲ ਬਣਾਈ ਜਾਵੇਗੀ, ਜੋ ਜੀ. ਆਰ. ਆਈ. ਐੱਚ. ਏ. 4-ਸਟਾਰ ਅਨੁਕੂਲ ਹੋਵੇਗੀ, ਜਿਸ 'ਚ ਸੂਰਜੀ ਊਰਜਾ ਸਥਾਪਨਾ ਦੀ ਵਿਸ਼ੇਸ਼ਤਾ, ਇਕ ਚੰਗਾ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਵਰਗੀਆਂ ਪ੍ਰਣਾਲੀਆਂ ਸ਼ਾਮਿਲ ਹਨ। ਇਸ ਪ੍ਰੋਜੈਕਟ ਨੂੰ 24 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਸਮਾਂ ਹੱਦ ਨਿਰਧਾਰਤ ਕੀਤੀ ਗਈ ਹੈ। ਇਸ ਸਥਾਨ 'ਤੇ ਵੱਡੀ ਗਿਣਤੀ ਵਿਚ ਸੈਲਾਨੀਆਂ ਦੇ ਆਉਣ ਦੇ ਮੱਦੇਨਜ਼ਰ '112-ਸਪੇਸ ਪਾਰਕਿੰਗ' ਸਹੂਲਤ ਦਿੱਤੀ ਜਾਵੇਗੀ।
-ਅ. ਬ.