09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰੂ ਦਾ ਲੰਗਰ : ਇਤਿਹਾਸਕ ਪਰੰਪਰਾ ਤੇ ਮਹੱਤਵ

ਗੁਰੂ ਦਾ ਲੰਗਰ : ਇਤਿਹਾਸਕ ਪਰੰਪਰਾ ਤੇ ਮਹੱਤਵ

Ad Position 21
No active advertisement
ਅਜੀਤ ਡੈਸਕ 10-08-2026

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)

ਧਰਮ ਦੀ ਕਿਰਤ 'ਚੋਂ ਭੇਟ ਕੀਤੇ ਦਸਵੰਧ ਨਾਲ ਤਿਆਰ ਕੀਤਾ ਗਿਆ ਲੰਗਰ ਆਤਮਿਕ ਸੰਤੁਸ਼ਟੀ ਤੇ ਅਧਿਆਤਮਿਕ ਉੱਚਤਾ ਪ੍ਰਦਾਨ ਕਰਦਾ ਹੈ। ਇਸ ਨੂੰ ਵਰਤਾਉਣ ਵਾਲਾ ਤੇ ਛਕਣ ਵਾਲਾ ਰੂਪ, ਰੰਗ, ਨਸਲ, ਭੂਗੋਲਿਕ ਖਿੱਤੇ ਆਦਿ ਦੇ ਭੇਦਭਾਵ ਤੋਂ ਮੁਕਤ ਹੁੰਦਾ ਹੈ। ਸਮਾਜਿਕ ਤੌਰ 'ਤੇ ਨੇੜੇ ਆਉਣ ਨਾਲ ਭਾਈਚਾਰਕ ਸਾਂਝ ਵਧਣ ਦੀ ਭਾਵਨਾ ਪ੍ਰਫੁੱਲਿਤ ਹੁੰਦੀ ਹੈ, ਜਿਸ 'ਚੋਂ ਅਧਿਆਤਮਿਕ ਪ੍ਰਾਪਤੀ ਦਾ ਮਾਰਗ ਪ੍ਰਗਟ ਹੁੰਦਾ ਹੈ। ਸੇਵਾ ਤੇ ਨਿਮਰਤਾ ਪੈਦਾ ਕਰਨ ਵਾਲਾ ਇਹ ਸਿਧਾਂਤ ਮਨ ਅਤੇ ਬੁੱਧੀ ਨੂੰ ਨਿਰਮਲਤਾ ਪ੍ਰਦਾਨ ਕਰਦਾ ਹੈ, ਜਿਸ ਰਾਹੀਂ ਮਨੁੱਖ ਤੰਗ ਵਲਗਣਾਂ 'ਚੋਂ ਨਿਕਲ ਕੇ ਵਡੇਰੇ ਮਨੁੱਖੀ ਹਿਤਾਂ ਸੰਬੰਧੀ ਕੰਮ ਕਰਨ ਲਈ ਉਤਸ਼ਾਹਿਤ ਹੁੰਦਾ ਹੈ।
ਲੰਗਰ ਦੇ ਦੋ ਰੂਪ ਹਮੇਸ਼ਾ ਦੇਖਣ ਨੂੰ ਮਿਲਦੇ ਹਨ। ਪਹਿਲਾ ਜਿਹੜਾ ਇਤਿਹਾਸਕ ਗੁਰਧਾਮਾਂ 'ਚ ਹਮੇਸ਼ਾ ਚਲਦਾ ਰਹਿੰਦਾ ਹੈ ਤੇ ਜਦੋਂ ਸੰਗਤ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਲਈ ਜਾਂਦੀ ਹੈ ਤਾਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਕਰਨ ਉਪਰੰਤ ਲੰਗਰ ਹਾਲ ਦੀ ਇਮਾਰਤ ਵਿਚ ਜਾ ਕੇ ਲੰਗਰ ਛਕਦੀ ਹੈ। ਇੱਥੇ ਲੰਗਰ ਪਕਾਉਣ ਦੇ ਸਮੂਹ ਪ੍ਰਬੰਧ ਸਥਾਈ ਰੂਪ ਵਿਚ ਮੌਜੂਦ ਹੁੰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਇਸ ਦੀ ਕੇਂਦਰੀ ਮਿਸਾਲ ਵਜੋਂ ਦੇਖਿਆ ਜਾ ਸਕਦਾ ਹੈ, ਜਿੱਥੇ ਸਾਰਾ ਸਾਲ ਲੱਖਾਂ ਦੀ ਗਿਣਤੀ 'ਚ ਸੰਗਤ ਸ਼ਰਧਾ ਭੇਟ ਕਰਨ ਆਉਂਦੀ ਹੈ ਤੇ ਲੰਗਰ ਛਕਦੀ ਹੈ। ਦੇਸ਼-ਵਿਦੇਸ਼ ਵਿਚ ਅਜਿਹੇ ਸੈਂਕੜੇ ਗੁਰਧਾਮ ਦੇਖੇ ਜਾ ਸਕਦੇ ਹਨ, ਜਿੱਥੇ ਲੰਗਰ ਦੀ ਇਹ ਪ੍ਰਥਾ ਨਿਰੰਤਰ ਚਲਦੀ ਰਹਿੰਦੀ ਹੈ। ਲੰਗਰ ਦਾ ਦੂਜਾ ਰੂਪ ਅਸਥਾਈ ਹੈ। ਕਿਸੇ ਪੰਥਕ ਇਕੱਠ, ਕਾਨਫ਼ਰੰਸ, ਧਾਰਮਿਕ ਮੇਲੇ, ਕੁਦਰਤੀ ਆਫ਼ਤਾਂ, ਮੋਰਚਿਆਂ, ਸੰਘਰਸ਼ਾਂ ਆਦਿ ਸਮੇਂ ਅਸਥਾਈ ਰੂਪ 'ਚ ਲੰਗਰ ਲਾਏ ਜਾਂਦੇ ਹਨ, ਜਿਹੜੇ ਕਿ ਸੰਕਟ ਦੂਰ ਹੋਣ ਜਾਂ ਸਮਾਗਮ ਦੀ ਸੰਪੂਰਨਤਾ ਉਪਰੰਤ ਸਮੇਟ ਲਏ ਜਾਂਦੇ ਹਨ। ਅਸਥਾਈ ਲੰਗਰਾਂ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਇੱਥੇ ਲੰਗਰ ਵਿਚ ਹਰ ਤਰ੍ਹਾਂ ਦੀਆਂ ਵਸਤਾਂ ਤੇ ਪਦਾਰਥ ਮੁਹੱਈਆ ਕਰਾਏ ਜਾਂਦੇ ਹਨ, ਜਿਹੜੇ ਕਿ ਸਮਾਗਮ ਦੀ ਸਫ਼ਲਤਾ ਲਈ ਲਾਜ਼ਮੀ ਹੁੰਦੇ ਹਨ। ਸੰਸਥਾਵਾਂ ਦੇ ਨਾਲ-ਨਾਲ ਵਿਅਕਤੀਗਤ ਤੌਰ 'ਤੇ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਯਤਨ ਕੀਤੇ ਜਾਂਦੇ ਹਨ।
ਦਿੱਲੀ ਵਿਖੇ ਵਿਦਿਆਰਥੀਆਂ ਨੇ ਮੋਰਚੇ ਦੌਰਾਨ ਦੋਵੇਂ ਤਰ੍ਹਾਂ ਨਾਲ ਚੱਲ ਰਹੇ ਲੰਗਰਾਂ ਨੂੰ ਨੇੜੇ ਹੋ ਕੇ ਦੇਖਿਆ ਹੈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਨ੍ਹਾਂ ਨੂੰ ਮੋਬਾਈਲ ਚਾਰਜਿੰਗ ਤੋਂ ਲੈ ਕੇ ਲੰਗਰ ਤੇ ਨਿਵਾਸ ਤੱਕ ਹਰ ਉਹ ਸਹੂਲਤ ਪ੍ਰਦਾਨ ਕੀਤੀ ਗਈ, ਜੋ ਉਨ੍ਹਾਂ ਨੂੰ ਅਤਿ ਲੋੜੀਂਦੀ ਸੀ। ਮੋਰਚੇ ਦੌਰਾਨ ਬਹੁਤ ਸਾਰੇ ਨੌਜਵਾਨ ਉਨ੍ਹਾਂ ਲਈ ਪ੍ਰਸ਼ਾਦੇ, ਪਾਣੀ ਤੇ ਹੋਰ ਚੀਜ਼ਾਂ ਦਾ ਲੰਗਰ ਲਾ ਕੇ ਖੁਸ਼ੀ ਮਹਿਸੂਸ ਕਰ ਰਹੇ ਸਨ ਅਤੇ ਨਿਹੰਗ ਸਿੰਘ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਕਾਰਜ ਵਿਚ ਲੱਗੇ ਸਨ। ਪਹਿਲੀ ਵਾਰ ਅਜਿਹਾ ਮਾਹੌਲ ਦੇਖਣ ਵਾਲਿਆਂ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿ ਇੰਨੇ ਵੱਡੇ ਪੱਧਰ 'ਤੇ ਲੋੜੀਂਦੀਆਂ ਵਸਤਾਂ ਦੇ ਮੁਫ਼ਤ ਪ੍ਰਬੰਧ ਕਿਵੇਂ ਸੰਭਵ ਹੋ ਸਕਦੇ ਹਨ। ਸਿੱਖ ਇਸ ਨੂੰ ਗੁਰੂ ਦੀ ਕਲਾ ਸਮਝਦੇ ਹੋਏ ਅਕਸਰ ਇਹ ਕਹਿੰਦੇ ਹਨ:-
ਦਾਣਾ ਪਾਣੀ ਗੁਰੂ ਕਾ
ਟਹਿਲ ਸੇਵਾ ਸਿੱਖਾਂ ਦੀ।
ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਜੀ ਦੇ ਖ਼ਜ਼ਾਨੇ ਅਮਿੱਟ ਤੇ ਅਮੁੱਕ ਹਨ, ਉਹ ਕਦੇ ਵੀ ਖਾਲੀ ਨਹੀਂ ਹੋ ਸਕਦੇ। ਸਿੱਖਾਂ ਦਾ ਕੰਮ ਕੇਵਲ ਉਨ੍ਹਾਂ ਖ਼ਜ਼ਾਨਿਆਂ ਦੀ ਸੁਯੋਗ ਵਰਤੋਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਹੈ। ਜਿਹੜੇ ਸਿੱਖ ਗੁਰੂ ਕੇ ਲੰਗਰ ਲਈ ਭੇਟਾਵਾਂ ਅਰਪਿਤ ਕਰਦੇ ਹਨ, ਉਨ੍ਹਾਂ ਨੂੰ ਕਦੇ ਮਾਇਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਬਲਕਿ ਲੋੜਵੰਦਾਂ ਲਈ ਦਾਨ ਦੇਣ ਨਾਲ ਖ਼ਜ਼ਾਨੇ ਹੋਰ ਭਰ ਜਾਂਦੇ ਹਨ। ਸਿੱਖ ਭਾਈਚਾਰੇ ਦੇ ਮਨ 'ਚ ਲੰਗਰ ਦਾ ਜਿਹੜਾ ਰੂਪ ਵਿਦਮਾਨ ਹੈ, ਉਸ 'ਚੋਂ ਗੁਰੂ ਨਾਲ ਜੁੜਨ ਤੇ ਆਤਮਿਕ ਅਨੰਦ ਪੈਦਾ ਕਰਨ ਵਾਲੀ ਭਾਵਨਾ ਪ੍ਰਫੁੱਲਿਤ ਹੁੰਦੀ ਹੈ। (ਸਮਾਪਤ)
-ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਗੂੜ੍ਹੀ ਧਾਰਮਿਕ ਸਾਂਝ ਰੱਖਦੇ ਹਨ ਸਿੱਖ ਅਗਲੀ ਖ਼ਬਰ ਸਿੱਖ ਇਤਿਹਾਸ ਦਾ ਵਿਦਵਾਨ ਖੋਜੀ ਗਿਆਨੀ ਗਰਜਾ ਸਿੰਘ
Ad Position 24