09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿੱਖ ਇਤਿਹਾਸ ਦਾ ਵਿਦਵਾਨ ਖੋਜੀ ਗਿਆਨੀ ਗਰਜਾ ਸਿੰਘ

ਸਿੱਖ ਇਤਿਹਾਸ ਦਾ ਵਿਦਵਾਨ ਖੋਜੀ ਗਿਆਨੀ ਗਰਜਾ ਸਿੰਘ

Ad Position 21
No active advertisement
ਅਜੀਤ ਡੈਸਕ 10-08-2026

ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ 'ਤੇ ਹਮੇਸ਼ਾ ਹੀ ਮਾਣ ਰਹੇਗਾ। ਇਸ ਵਿਰਾਸਤ ਵਿਚ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਹੋਈਆਂ ਹਨ ਜਿਨ੍ਹਾਂ ਨੇ ਸਿਰਫ਼ ਆਪਣੀ ਵਿਦਵਤਾ ਜਾਂ ਖੋਜ ਨਾਲ ਹੀ ਸਾਡੇ ਵਿਰਸੇ ਨੂੰ ਅਮੀਰੀ ਨਹੀਂ ਬਖ਼ਸ਼ੀ, ਬਲਕਿ ਲੋੜ ਪੈਣ 'ਤੇ ਲੋਕ ਹਿਤਾਂ ਲਈ ਕੁਰਬਾਨੀਆਂ ਕਰਨ ਤੋਂ ਵੀ ਪਿਛਾਂਹ ਨਹੀਂ ਮੁੜੇ। ਗਿਆਨੀ ਗਰਜਾ ਸਿੰਘ ਅਜਿਹੇ ਸ਼ਖ਼ਸ ਹੋਏ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਅਣਗੌਲੇ ਤੱਥਾਂ ਦੀ ਖੋਜ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਪਰ ਦੁੱਖ ਦੀ ਗੱਲ ਹੈ ਕਿ ਅਜਿਹੇ ਰਾਹਾਂ ਦੇ ਪਾਂਧੀ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਮੁੱਲਵਾਨ ਜਾਣਕਾਰੀ ਇਕੱਤਰ ਕਰਨ ਵਾਲੇ ਗਿਆਨੀ ਗਰਜਾ ਸਿੰਘ ਨੂੰ ਅਸੀਂ ਭੁਲਾ ਹੀ ਛੱਡਿਆ ਹੈ। ਗਿਆਨੀ ਗਰਜਾ ਸਿੰਘ ਦਾ ਜਨਮ 2 ਅਗਸਤ, 1904 ਵਿਚ ਪਿਤਾ ਸੁਰਜਣ ਸਿੰਘ ਚੌਹਾਨ ਤੇ ਮਾਤਾ ਠਾਕਰ ਕੌਰ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਹੋਇਆ। ਉਨ੍ਹਾਂ ਨੇ ਮੁਢਲੀ ਵਿੱਦਿਆ ਪਿੰਡ ਦੇ ਸਕੂਲ 'ਚੋਂ ਗ੍ਰਹਿਣ ਕੀਤੀ। ਘਰ 'ਚ ਸਿੱਖੀ ਦਾ ਪ੍ਰਭਾਵ ਹੋਣ ਕਾਰਨ ਧਾਰਮਿਕ ਵਿੱਦਿਆ ਲਈ ਉਨ੍ਹਾਂ ਨੂੰ ਪਿੰਡ ਦੇ ਸੰਤ ਬੀਰਮ ਦਾਸ ਉਦਾਸੀ ਦੇ ਡੇਰੇ 'ਚ ਭੇਜਿਆ ਗਿਆ। ਉਨ੍ਹਾਂ ਦੇ ਪਿਤਾ ਸੁਰਜਣ ਸਿੰਘ ਉਸ ਸਮੇਂ ਆਜ਼ਾਦੀ ਲਈ ਵਿੱਢੇ ਸੰਘਰਸ਼ 'ਚ ਹਿੱਸਾ ਲੈ ਰਹੇ ਸਨ ਜੋ 1915 'ਚ ਚੀਨ ਗਏ ਤੇ ਗ਼ਦਰ ਪਾਰਟੀ ਦੇ ਮੈਂਬਰ ਬਣੇ। 1919 'ਚ ਉਹ ਪੰਜਾਬ ਵਾਪਸ ਆ ਗਏ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਵਿਚ ਹੋ ਰਹੇ ਜਲਸੇ 'ਚ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਬੁੱਧ ਸਿੰਘ ਸਣੇ ਹਾਜ਼ਰੀ ਲਵਾਈ, ਜਿੱਥੇ ਅੰਨ੍ਹੇਵਾਹ ਹੋਈ ਗੋਲਾਬਾਰੀ 'ਚ ਦੋ ਗੋਲੀਆਂ ਸੁਰਜਣ ਸਿੰਘ ਨੂੰ ਵੀ ਲੱਗੀਆਂ, ਜਿਸ ਕਾਰਨ ਉਹ 15 ਅਪ੍ਰੈਲ 1919 ਨੂੰ ਸ਼ਹੀਦੀ ਪਾ ਗਏ।

ਨਵੰਬਰ 1919 'ਚ ਗਰਜਾ ਸਿੰਘ ਫੌਜ ਵਿਚ ਭਰਤੀ ਹੋ ਗਏ। ਇਨ੍ਹਾਂ ਦਿਨਾਂ 'ਚ ਹੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ। ਗਰਜਾ ਸਿੰਘ ਦਾ ਵੱਡਾ ਭਰਾ ਬੁੱਧ ਸਿੰਘ ਲਛਮਣ ਸਿੰਘ ਧੀਰੋਵਾਲੀਏ ਦੀ ਅਗਵਾਈ 'ਚ ਇਸ ਸੰਘਰਸ਼ ਵਿਚ ਹਿੱਸਾ ਲੈਣ ਲੱਗਾ। ਫਰਵਰੀ 1921 'ਚ ਵਾਪਰੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਬੁੱਧ ਸਿੰਘ ਵੀ ਸ਼ਹੀਦੀ ਪਾ ਗਿਆ। ਜਦੋਂ ਗਰਜਾ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰੋਸ ਵਜੋਂ ਮੁਲਤਾਨ ਜਾ ਕੇ ਦੂਹਰੀ (ਪੀਲੀ ਤੇ ਸੁਰਮਈ) ਦਸਤਾਰ ਸਜਾ ਲਈ। ਇਸ ਰੋਸ ਦੇ ਮੱਦੇਨਜ਼ਰ ਫਰਵਰੀ 1922 ਵਿਚ ਫੌਜ ਨੇ ਗਰਜਾ ਸਿੰਘ ਨੂੰ ਡਿਸਮਿਸ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਦਾ ਸਿਆਸੀ ਜੀਵਨ ਆਰੰਭ ਹੁੰਦਾ ਹੈ। ਪਰ ਅਸੀਂ ਇੱਥੇ ਉਨ੍ਹਾਂ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੀਤੀ ਖੋਜ ਬਾਰੇ ਹੀ ਵਿਚਾਰ ਕਰਾਂਗੇ। 1928 'ਚ ਗਰਜਾ ਸਿੰਘ ਨੂੰ ਲਾਹੌਰ ਵਿਖੇ ਕਰਮ ਸਿੰਘ ਹਿਸਟੋਰੀਅਨ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਉੱਦਮੀ ਖੋਜੀ ਸਨ। ਉਨ੍ਹਾਂ ਦੀ ਸੰਗਤ ਦਾ ਗਰਜਾ ਸਿੰਘ 'ਤੇ ਵੀ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਅਣਗੌਲੇ ਤੱਥਾਂ ਦੀ ਖੋਜ ਕਰਨ ਦਾ ਫ਼ੈਸਲਾ ਲਿਆ। ਉਹ ਇਹ ਗੱਲ ਜਾਣ ਗਏ ਕਿ ਭੱਟਾਂ ਤੇ ਪੰਡਾਂ ਦੀਆਂ ਵਹੀਆਂ ਤੋਂ ਬਿਨਾਂ ਇਹ ਖੋਜ ਸੰਭਵ ਨਹੀਂ। ਇਹ ਉਹ ਵਹੀਆਂ ਸਨ, ਜਿਨ੍ਹਾਂ 'ਚ ਪੰਡੇ ਤੇ ਭੱਟ ਕਿਸੇ ਵਿਅਕਤੀ ਦੇ ਜਨਮ-ਮਰਨ ਦੀਆਂ ਮਿਤੀਆਂ ਤੋਂ ਇਲਾਵਾ ਪਰਿਵਾਰ ਦੀ ਬੰਸਾਵਲੀ ਤੇ ਘਟਨਾਵਾਂ ਦਾ ਵੇਰਵਾ ਸੰਖੇਪ 'ਚ ਦਰਜ ਕਰ ਲੈਂਦੇ ਸਨ।
ਆਪਣੇ ਮਕਸਦ ਨੂੰ ਪੂਰਾ ਕਰਨ ਲਈ ਗਰਜਾ ਸਿੰਘ ਨੂੰ ਭੱਟਾਂ ਦੀ ਲਿਪੀ ਭਾਵ 'ਭੱਟਖਰੀ' ਸਿੱਖਣ ਲਈ ਭੱਟਾਂ ਦੀ ਸ਼ਾਗਿਰਦੀ ਵੀ ਕਰਨੀ ਪਈ। ਬੜੀਆਂ ਮੁਸ਼ਕਿਲਾਂ 'ਚੋਂ ਲੰਘਦਿਆਂ ਉਹ ਇਨ੍ਹਾਂ ਵਹੀਆਂ ਤੀਕ ਪਹੁੰਚ ਕਰਨ ਵਿਚ ਕਾਮਯਾਬ ਹੋ ਗਏ। ਉਨ੍ਹਾਂ ਵਲੋਂ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਖੋਜੇ ਤੱਥਾਂ ਨੇ ਵਿਦਵਾਨਾਂ ਦਾ ਧਿਆਨ ਖਿੱਚਿਆ। ਉਨ੍ਹਾਂ ਨੇ 30 ਸਾਲ ਇਸ ਕਾਰਜ ਦੇ ਲੇਖੇ ਲਾ ਦਿੱਤੇ। ਇਹ ਜਾਣਕਾਰੀ ਭਾਈ ਮਨੀ ਸਿੰਘ ਬਾਰੇ ਪਹਿਲੇ ਪ੍ਰਚੱਲਤ ਤੱਥਾਂ ਤੋਂ ਬਿਲਕੁੱਲ ਵੱਖਰੀ ਸੀ। ਗਰਜਾ ਸਿੰਘ ਦੇ ਸ਼ਬਦਾਂ ਵਿਚ ,'ਗਿਆਨੀ ਗਿਆਨ ਸਿੰਘ ਵਰਗਾ ਇਤਿਹਾਸਕਾਰ ਭਾਈ ਸਾਹਿਬ ਨੂੰ ਆਪਣਾ ਬਜ਼ੁਰਗ ਸਿੱਧ ਕਰਨ ਲਈ ਉਨ੍ਹਾਂ ਨੂੰ ਲੌਂਗੋਵਾਲ ਦੇ ਵਸਨੀਕ ਅਤੇ ਦੁੱਲਟ ਜੱਟ ਲਿਖ ਗਿਆ ਸੀ। ਭੱਟਾਂ ਦੀਆਂ ਵਹੀਆਂ ਨੇ ਸਿੱਧ ਕਰ ਦਿੱਤਾ ਕਿ ਭਾਈ ਮਨੀ ਸਿੰਘ ਨਾ ਦੁੱਲਟ ਜੱਟ ਸਨ, ਨਾ ਲੌਂਗੋਵਾਲ ਦੇ ਵਾਸੀ ਤੇ ਨਾ ਹੀ ਗਿਆਨ ਸਿੰਘ ਦੇ ਵਡੇਰਿਆਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਸੀ।' ਇਸ ਬਾਰੇ ਵਾਦ-ਵਿਵਾਦ ਵੀ ਚੱਲਿਆ, ਪਰ ਅਖੀਰ ਗਰਜਾ ਸਿੰਘ ਵਲੋਂ ਪੇਸ਼ ਕੀਤੇ ਤੱਥਾਂ ਨੂੰ ਹੀ ਪ੍ਰਮਾਣਿਕ ਮੰਨਿਆ ਗਿਆ।
ਕਿਸੇ ਵੀ ਤਰ੍ਹਾਂ ਦੀ ਸ਼ੰਕਾ ਤੋਂ ਬਚਣ ਲਈ ਗਰਜਾ ਸਿੰਘ ਨੇ ਆਪਣੀਆਂ ਲਿਖਤਾਂ 'ਚ ਭੱਟਾਂ ਤੇ ਪੰਡਿਆਂ ਵਲੋਂ ਦਰਜ ਕੀਤੇ ਵੇਰਵਿਆਂ ਨੂੰ ਹੂ-ਬ-ਹੂ ਲਿਖਿਆ। ਗਰਜਾ ਸਿੰਘ ਦੁਆਰਾ ਇਕੱਤਰ ਕੀਤੀ ਜਾਣਕਾਰੀ ਉਸ ਸਮੇਂ ਛਪਣ ਵਾਲੇ ਰਸਾਲਿਆਂ ਜਨ ਸਾਹਿਤ, ਪੰਜਾਬੀ ਦੁਨੀਆ, ਆਲੋਚਨਾ, ਸਨਿਆਸੀ ਸ਼ਕਤੀ, ਗੁਰਮਤਿ ਪ੍ਰਕਾਸ਼ ਆਦਿ ਵਿਚ ਤਾਂ ਪ੍ਰਕਾਸ਼ਿਤ ਤਾਂ ਹੁੰਦੀ ਰਹੀ ਪਰ ਜਿਊਂਦੇ ਜੀਅ ਉਨ੍ਹਾਂ ਦੀ ਇਕ ਪੁਸਤਕ 'ਸ਼ਹੀਦ ਬਿਲਾਸ ਸੇਵਾ ਸਿੰਘ' ਤੋਂ ਬਿਨਾਂ ਹੋਰ ਕੋਈ ਨਾ ਛਪ ਸਕੀ। ਇਸ ਕੰਮ ਲਈ ਡਾ. ਗੁਰਮੁਖ ਸਿੰਘ ਨੂੰ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਨੇ ਬੜੀ ਹਿੰਮਤ ਨਾਲ ਗਿਆਨੀ ਗਰਜਾ ਸਿੰਘ ਦੇ ਖੋਜ ਕਾਰਜਾਂ ਨੂੰ ਇਕੱਤਰ ਕਰ ਕੇ ਪੁਸਤਕ 'ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ' ਦੇ ਰੂਪ ਵਿਚ ਸੰਭਾਲ ਲਿਆ। ਡਾ. ਗੁਰਮੁਖ ਦੇ ਸ਼ਬਦਾਂ 'ਚ, 'ਗਿਆਨੀ ਗਰਜਾ ਸਿੰਘ ਨੇ ਭੱਟ ਵਹੀ ਤਲੁਉਂਡਾ, ਭੱਟ ਵਹੀ ਮੁਲਤਾਨੀ, ਭੱਟ ਵਹੀ ਸਿੰਧੀ ਆਦਿ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਕਿਉਂਕਿ ਇਨ੍ਹਾਂ 'ਚ ਗੁਰੂ ਸਾਹਿਬਾਨ, ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਭਾਈ ਮਨੀ ਸਿੰਘ, ਬਾਬਾ ਬਚਿੱਤਰ ਸਿੰਘ, ਮਿੱਤ ਸਿੰਘ ਦੰਗਈ, ਬਾਬਾ ਮਿਹਰਬਾਨ, ਬਾਬਾ ਗੁਰਦਿੱਤਾ, ਬਾਬਾ ਰਾਮ ਰਾਇ, ਬੀਰ ਹਕੀਕਤ ਰਾਇ ਆਦਿ ਬਾਰੇ ਅਹਿਮ ਜਾਣਕਾਰੀ ਉਪਲਬਧ ਹੁੰਦੀ ਹੈ।'
ਗਿਆਨੀ ਗਰਜਾ ਸਿੰਘ ਨੂੰ ਗ਼ਰੀਬੀ ਸਰਾਪ ਬਣ ਕੇ ਚਿੰਬੜੀ ਰਹੀ। ਇਕ ਵਾਰ ਅਜਿਹਾ ਸਮਾਂ ਵੀ ਆਇਆ, ਜਦੋਂ ਉਨ੍ਹਾਂ ਦੇ ਕੱਚੇ ਘਰ ਦੀ ਛੱਤ ਡਿਗਣ ਕਾਰਨ ਇਕੱਤਰ ਕੀਤੀ ਮੁੱਲਵਾਨ ਸਮੱਗਰੀ ਬਰਬਾਦ ਹੋ ਗਈ। ਉਨ੍ਹਾਂ ਦਾ ਵਿਆਹ ਬੀਬੀ ਗਿਆਨ ਕੌਰ ਨਾਲ ਹੋਇਆ। ਉਮਰ ਦੇ ਅਖੀਰਲੇ ਪੰਧ 'ਚ ਆ ਕੇ ਗਿਆਨੀ ਗਰਜਾ ਸਿੰਘ ਨੂੰ ਤਪਦਿਕ ਬਿਮਾਰੀ ਨੇ ਦੱਬ ਲਿਆ ਅਤੇ 30 ਅਗਸਤ 1977 ਨੂੰ ਉਹ ਅਕਾਲ ਚਲਾਣਾ ਕਰ ਗਏ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਨ੍ਹਾਂ ਦੇ ਪਰਿਵਾਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ।
-ਮੋਬਾਈਲ : 98147-87506

Ad Position 22
No active advertisement
ਪਿਛਲੀ ਖ਼ਬਰ ਗੁਰੂ ਦਾ ਲੰਗਰ : ਇਤਿਹਾਸਕ ਪਰੰਪਰਾ ਤੇ ਮਹੱਤਵ ਅਗਲੀ ਖ਼ਬਰ ‘ਆਪ’ ਹਲਕਾ ਰਾਜਾਸਾਂਸੀ ਵਲੋਂ ਅੱਜ ਮਨਾਇਆ ਜਾਵੇਗਾ ਤੀਆਂ ਦਾ ਤਿਉਹਾਰ ਹਲਕਾ ਇੰਚਾਰਜ ਡਾ . ਸੋਨੀਆ ਮਾਨ ਵਲੋਂ ਹਲਕੇ ਦੀਆਂ...
Ad Position 24