ਅੰਮਿ੍ਤਸਰ ਦੇ ਸਪੂਤ ਸ਼ਹੀਦ ਮਦਨ ਲਾਲ ਢੀਂਗਰਾ ਨੂੰ 17 ਅਗਸਤ, 1909 ਨੂੰ ਫ਼ਾਂਸੀ 'ਤੇ ਚੜ੍ਹਾ ਦਿੱਤੇ ਜਾਣ ਦੇ 117 ਵਰ੍ਹੇ ਬਾਅਦ ਵੀ ਨਾ ਤਾਂ ਉਨ੍ਹਾਂ ਦੀ ਅੰਮਿ੍ਤਸਰ ਦੀ ਮਾਲ ਮੰਡੀ ਦੇ ਬਾਹਰ ਮੌਜੂਦ ਸਮਾਧ ਨੂੰ ਹੀ ਮਾਨਤਾ ਮਿਲ ਸਕੀ ਅਤੇ ਨਾ ਹੀ ਸ਼ਹਿਰ ਦੀ ਆਬਾਦੀ ਕਟੜਾ ਸ਼ੇਰ ਸਿੰਘ ਵਿਚ ਮੌਜੂਦ ਉਨ੍ਹਾਂ ਦੇ ਜਨਮ ਸਥਾਨ ਨੂੰ ਢਹਿ-ਢੇਰੀ ਹੋਣ ਤੋਂ ਬਚਾਇਆ ਜਾ ਸਕਿਆ | ਮਦਨ ਲਾਲ ਢੀਂਗਰਾ ਦੀ ਸ਼ਹਾਦਤ ਦੇ 67 ਵਰ੍ਹੇ ਬਾਅਦ 13 ਦਸੰਬਰ 1976 ਨੂੰ ਲੰਬੀ ਜੱਦੋ-ਜਹਿਦ ਪਿੱਛੋਂ ਲੰਡਨ ਤੋਂ ਉਨ੍ਹਾਂ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ ਸਨ | 20 ਦਸੰਬਰ ਨੂੰ ਅੰਮਿ੍ਤਸਰ ਦੇ ਜੀ.ਟੀ. ਰੋਡ 'ਤੇ ਮਾਲ ਮੰਡੀ ਕੋਲ ਸ਼ਹੀਦ ਢੀਂਗਰਾ ਦੀਆਂ ਅਸਥੀਆਂ ਦਾ ਹਿੰਦੂ ਰੀਤਾਂ ਅਨੁਸਾਰ ਸਸਕਾਰ ਕੀਤਾ ਗਿਆ | ਉਸੇ ਦੌਰਾਨ ਸ਼ਹੀਦ ਦੇ ਸਸਕਾਰ ਵਾਲੇ ਸਥਾਨ 'ਤੇ ਇਕ ਸਮਾਧ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਨੀਂਹ ਪੱਥਰ ਨੂੰ ਰੱਖਿਆਂ ਵੀ ਭਾਵੇਂ 50 ਵਰ੍ਹੇ ਬੀਤ ਚੁੱਕੇ ਹਨ, ਪਰ ਸ਼ਹੀਦ ਢੀਂਗਰਾ ਦੀ ਸਮਾਧ ਅਤੇ ਸਮਾਰਕ ਅਜੇ ਤੱਕ ਨਹੀਂ ਬਣ ਸਕੇ, ਹਾਂ ਉਸੇ ਸਥਾਨ 'ਤੇ ਬਾਅਦ ਵਿਚ ਸ਼ਹੀਦ ਢੀਂਗਰਾ ਦਾ ਬੁੱਤ ਜ਼ਰੂਰ ਲਾ ਦਿੱਤਾ ਗਿਆ |
![]()
ਮਦਨ ਲਾਲ ਢੀਂਗਰਾ ਦਾ ਜਨਮ ਡਾ. ਸਾਹਿਬ ਦਿੱਤਾ ਮੱਲ ਦੇ ਘਰ 1883 ਵਿਚ ਹੋਇਆ | ਉਨ੍ਹਾਂ ਨੇ ਸਕੂਲ ਤੇ ਕਾਲਜ ਦੀ ਪੜ੍ਹਾਈ ਅੰਮਿ੍ਤਸਰ ਤੋਂ ਕੀਤੀ | ਕੁਝ ਸਮੇਂ ਲਈ ਗੌਰਮਿੰਟ ਕਾਲਜ ਲਾਹੌਰ ਵਿਚ ਬੀ.ਐਸ.ਸੀ. 'ਚ ਵੀ ਦਾਖ਼ਲਾ ਲਿਆ | ਵੀਰ ਸਾਵਰਕਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਲਜ ਦੀਆਂ ਰਾਜਨੀਤਕ ਸਰਗਰਮੀਆਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕਾਲਜ 'ਚੋਂ ਕੱਢ ਦਿੱਤਾ ਗਿਆ | ਉਨ੍ਹਾਂ ਨੇ ਪਰਿਵਾਰ ਤੋਂ ਵੱਖ ਹੋ ਕੇ ਕਸ਼ਮੀਰ ਸੈਟਲਮੈਂਟ ਬੈਂਕ 'ਚ ਕਲਰਕ ਦੀ ਨੌਕਰੀ ਤੇ ਬਾਅਦ 'ਚ ਟਾਂਗਾ ਚਲਾਉਣ, ਮਿੱਲ ਮਜ਼ਦੂਰ ਤੇ ਮੁੰਬਈ (ਬੰਬੇ) 'ਚ ਕਿਸ਼ਤੀ ਚਲਾਉਣ ਦੀ ਨੌਕਰੀ ਕਰਨ ਵਰਗੇ ਵੀ ਕਿੱਤੇ ਅਪਣਾਏ | ਵੱਡੇ ਭਰਾ ਦੇ ਕਹਿਣ 'ਤੇ ਉਨ੍ਹਾਂ ਨੇ 10 ਅਕਤੂਬਰ, 1906 ਨੂੰ ਇੰਗਲੈਂਡ ਦੀ ਲੰਡਨ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ 'ਚ ਦਾਖ਼ਲਾ ਲੈ ਲਿਆ | ਲਾਹੌਰ ਤੋਂ ਛਪਦੇ 'ਕਿਰਤੀ' ਰਸਾਲੇ ਦੇ ਮਾਰਚ 1928 ਅੰਕ ਵਿਚ ਸ: ਭਗਤ ਸਿੰਘ (ਸ਼ਹੀਦ) ਨੇ ਮਦਨ ਲਾਲ ਢੀਂਗਰਾ ਦੇ ਸੰਬੰਧ 'ਚ ਲਿਖਿਆ ਕਿ ਇਕ ਰਾਤ ਮਦਨ ਲਾਲ ਢੀਂਗਰਾ ਨੇ ਵੀਰ ਸਾਵਰਕਰ ਨੂੰ ਕਿਹਾ ਕਿ ਉਹ ਦੇਸ਼ ਲਈ ਕਦੇ ਵੀ ਜਾਨ ਦੇ ਸਕਦਾ ਹੈ | ਉਨ੍ਹਾਂ ਦੀ ਹਿੰਮਤ ਪਰਖਣ ਵਾਸਤੇ ਸਾਵਰਕਰ ਨੇ ਉਨ੍ਹਾਂ ਨੂੰ ਆਪਣਾ ਹੱਥ ਮੇਜ਼ 'ਤੇ ਰੱਖਣ ਲਈ ਕਿਹਾ, ਜਦੋਂ ਉਨ੍ਹਾਂ ਨੇ ਹੱਥ ਮੇਜ਼ 'ਤੇ ਰੱਖਿਆ ਤਾਂ ਸਾਵਰਕਰ ਨੇ ਜ਼ੋਰ ਨਾਲ ਹੱਥ ਵਿਚ ਸੂਆ ਮਾਰ ਕੇ ਆਰ-ਪਾਰ ਕਰ ਦਿੱਤਾ, ਪਰ ਮਦਨ ਲਾਲ ਨੇ ਉਫ਼ ਤੱਕ ਨਾ ਕੀਤੀ | ਉਸ ਦਿਨ ਤੋਂ ਬਾਅਦ ਮਦਨ ਲਾਲ ਢੀਂਗਰਾ ਇੰਡੀਅਨ ਹਾਊਸ ਸਾਵਰਕਰ ਵਾਲੀ ਸਭਾ ਵਿਚ ਨਹੀਂ ਗਏ, ਸਗੋਂ ਭਾਰਤੀ ਵਿਦਿਆਰਥੀਆਂ 'ਤੇ ਨਜ਼ਰ ਰੱਖਣ ਲਈ ਖ਼ਾਸ ਖ਼ੁਫ਼ੀਆ ਪੁਲਿਸ ਦਾ ਪ੍ਰਬੰਧ ਕਰਨ ਵਾਲੇ ਸੈਕਟਰੀ ਆਫ਼ ਸਟੇਟ ਫ਼ਾਰ ਇੰਡੀਆ ਦੇ ਏਡ-ਡੀ-ਕਾਪ ਸਰ ਕਰਜ਼ਨ ਵਾਇਲੀ ਵਲੋਂ ਚਲਾਈ ਹਿੰਦੁਸਤਾਨੀ ਵਿਦਿਆਰਥੀਆਂ ਦੀ ਸਭਾ ਵਿਚ ਸ਼ਾਮਿਲ ਹੋ ਗਏ | ਸਾਵਰਕਰ ਦੇ ਬਾਕੀ ਸਾਥੀਆਂ ਨੇ ਢੀਂਗਰਾ ਨੂੰ ਦੇਸ਼-ਧ੍ਰੋਹੀ, ਦੇਸ਼-ਘਾਤਕ ਤੇ ਹੋਰ ਵੀ ਕਾਫ਼ੀ ਕੁਝ ਕਿਹਾ, ਪਰ ਇਸ ਦਾ ਕਿਸੇ ਨੂੰ ਚਾਨਣਾ ਨਹੀਂ ਸੀ ਕਿ ਉਹ ਦਿਲ 'ਚ ਕੀ ਖਿਚੜੀ ਪਕਾ ਰਿਹਾ ਸੀ |
ਅੰਤ 1 ਜੁਲਾਈ, 1909 ਦੀ ਰਾਤ 'ਦ ਨੈਸ਼ਨਲ ਇੰਡੀਅਨ ਐਸੋਸੀਏਸ਼ਨ' ਦੇ ਸਾਲਾਨਾ ਸਮਾਗਮ 'ਚ ਇੰਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਲ ਵਿਚ ਸਰ ਕਰਜ਼ਨ ਵਾਇਲੀ ਨੂੰ ਗੋਲੀ ਮਾਰ ਕੇ ਉਨ੍ਹਾਂ ਨੇ ਆਪਣਾ ਅੰਗਰੇਜ਼ੀ ਹਕੂਮਤ ਪ੍ਰਤੀ ਗੁੱਸਾ ਸ਼ਾਂਤ ਕਰ ਲਿਆ | ਅਸਲ 'ਚ ਮਦਨ ਲਾਲ ਢੀਂਗਰਾ ਉਸ ਦਿਨ ਲਾਰਡ ਕਰਜ਼ਨ (ਭਾਰਤ ਦਾ ਤਤਕਾਲੀ ਵਾਇਸਰਾਏ), ਲਾਰਡ ਮਾਰਲੀ (ਤਤਕਾਲੀ ਸੈਕਟਰੀ ਆਫ਼ ਸਟੇਟ) ਅਤੇ ਸਰ ਕਰਜ਼ਨ ਵਾਇਲੀ, ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਜੇਬ 'ਚ ਗੋਲੀਆਂ ਨਾਲ ਭਰੇ ਦੋ ਪਿਸਤੌਲ ਲੈ ਕੇ ਗਿਆ ਸੀ, ਪਰ ਉਸ ਸਮਾਗਮ 'ਚ ਇਕੱਲਾ ਸਰ ਕਰਜ਼ਨ ਵਾਇਲੀ ਹੀ ਪਹੁੰਚਿਆ | ਹਾਲਾਂਕਿ ਕਰਜ਼ਨ ਵਾਇਲੀ ਢੀਂਗਰਾ ਪਰਿਵਾਰ ਦਾ ਚੰਗਾ ਜਾਣੂ ਅਤੇ ਹਮਾਇਤੀ ਸੀ, ਪਰ ਮਦਨ ਲਾਲ ਉਸ ਨਾਲ ਇਸ ਕਰਕੇ ਘਿ੍ਣਾ ਕਰਦਾ ਸੀ, ਕਿਉਂਕਿ ਉਸ ਦਾ ਮੁੱਖ ਕੰਮ ਆਪਣੀ ਕੂਟਨੀਤੀ ਨਾਲ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਭਾਰਤੀ ਨੌਜਵਾਨਾਂ ਨੂੰ ਵੱਖ-ਵੱਖ ਪ੍ਰਕਾਰ ਦੇ ਲਾਲਚ ਦੇ ਕੇ ਉਨ੍ਹਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਹਟਾਉਣਾ ਹੁੰਦਾ ਸੀ |
ਮਦਨ ਲਾਲ ਨੇ ਆਪਣੀ ਸਹਾਇਤਾ ਲਈ ਕੋਈ ਵਕੀਲ ਨਹੀਂ ਕੀਤਾ | ਦੱਸਿਆ ਜਾਂਦਾ ਹੈ ਕਿ ਜਦੋਂ ਜੱਜ ਨੇ ਮਦਨ ਲਾਲ ਨੂੰ ਫ਼ਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਇਕ ਫ਼ੌਜੀ ਜਵਾਨ ਵਾਂਗ ਜੱਜ ਨੂੰ ਸਲੂਟ ਮਾਰ ਕੇ ਮੁਸਕਰਾਉਂਦਿਆਂ ਕਿਹਾ, 'ਮਾਈ ਲਾਰਡ ਸ਼ੁਕਰੀਆ, ਮੈਨੂੰ ਆਪਣੇ ਦੇਸ਼ ਵਾਸੀਆਂ ਲਈ ਮਰਨ ਦਾ ਮਾਣ ਪ੍ਰਾਪਤ ਕਰਨ ਦੀ ਪ੍ਰਸੰਨਤਾ ਹੈ |' ਅੰਤ ਇਸ ਦੇਸ਼ ਭਗਤ ਨੂੰ 17 ਅਗਸਤ, 1909 ਨੂੰ ਪੈਂਟੋਨਵਿਲੀ ਜੇਲ੍ਹ ਵਿਚ ਫ਼ਾਂਸੀ 'ਤੇ ਚੜ੍ਹਾ ਦਿੱਤਾ ਗਿਆ |
-ਅੰਮਿ੍ਤਸਰ | ਮੋਬਾ. : 93561-27771
ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ...
ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ...
ਅਜੀਤ ਡੈਸਕ
17-08-2026