ਸਿੱਖ ਪੰਥ ਦੀ ਸਿਰਜਣਾ ਮਨੁੱਖ ਨੂੰ ਬਿਹਤਰ ਇਨਸਾਨ ਬਣਾਉਣ ਲਈ ਕੀਤੀ ਗਈ ਸੀ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 1469 ਈਸਵੀ ਵਿਚ ਪ੍ਰਕਾਸ਼ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੇ ਆਧਿਆਤਮਿਕ ਉੱਚਾਈਆਂ, ਅਸਾਧਾਰਨ ਕੁਰਬਾਨੀਆਂ, ਰਾਜਨੀਤਿਕ ਉਥਲ-ਪੁਥਲ ਅਤੇ ਲਗਾਤਾਰ ਸੰਘਰਸ਼ ਦਾ ਸਾਹਮਣਾ ਕੀਤਾ ਹੈ | ਮਨੁੱਖਤਾ ਦੀ ਸੇਵਾ ਤੇ ਰਾਖੀ ਸੰਤ-ਸਿਪਾਹੀ ਸੰਕਲਪ ਦੀ ਬੁਨਿਆਦ ਹੈ | ਇਸ ਨੇ ਸਿੱਖ ਮਨੋਵਿਗਿਆਨ 'ਤੇ ਡੂੰਘਾ ਪ੍ਰਭਾਵ ਛੱਡਿਆ ਹੈ | ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਇਕ ਹੈ, ਉਹ ਹਰ ਮਨੁੱਖ ਦੇ ਅੰਦਰ ਵਸਦਾ ਹੈ ਤੇ ਉਸ ਦੀ ਪ੍ਰਾਪਤੀ ਗ੍ਰਹਿਸਥ ਜੀਵਨ ਜਿਉਂਦਿਆਂ ਨਾਮ ਸਿਮਰਨ, ਕਿਰਤ ਕਰਨ ਤੇ ਨਿਸ਼ਕਾਮ ਸੇਵਾ ਰਾਹੀਂ ਹੋ ਸਕਦੀ ਹੈ | ਉਨ੍ਹਾਂ ਨੇ ਮਨੁੱਖ ਨੂੰ ਨਿਡਰ, ਨਿਰਵੈਰ ਤੇ ਮਨੁੱਖੀ ਮਰਿਆਦਾ ਦੀ ਰੱਖਿਆ ਲਈ ਸਮਰਪਿਤ ਜੀਵਨ ਜਿਉਣ ਦਾ ਉਪਦੇਸ਼ ਦਿੱਤਾ | ਅਗਲੇ 9 ਸਿੱਖ ਗੁਰੂ ਸਾਹਿਬਾਨ ਨੇ ਇਸੇ ਫ਼ਲਸਫ਼ੇ ਨੂੰ ਅੱਗੇ ਵਧਾਇਆ | ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹਾਦਤਾਂ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਹੋਈਆਂ, ਇਹ ਵਿਸ਼ਵ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਹਨ | 1699 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸੰਤ ਤੇ ਸਿਪਾਹੀ ਦੇ ਗੁਣਾਂ ਵਾਲੇ ਮਨੁੱਖ ਦੀ ਪਰਿਕਲਪਨਾ ਕੀਤੀ, ਜੋ ਅਨਿਆਂ ਦਾ ਵਿਰੋਧ ਕਰੇ ਤੇ ਸਮੁੱਚੀ ਮਨੁੱਖਤਾ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰੇ | 1708 ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਦਾ ਦਰਜਾ ਦੇ ਕੇ ਉਨ੍ਹਾਂ ਨੇ ਗੁਰੂ ਪਰੰਪਰਾ ਨੂੰ ਅਮਰ ਰੂਪ ਦਿੱਤਾ |
ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਹਾਕਮਾਂ ਨੂੰ ਸਜ਼ਾ ਦੇ ਕੇ 1710 ਵਿਚ ਖ਼ਾਲਸਾ ਰਾਜ ਦੀ ਨੀਂਹ ਰੱਖੀ | ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਮਿਲੀ ਤੇ ਸਮਾਜਿਕ ਨਿਆਂ ਨੂੰ ਰਾਜ ਦਾ ਆਧਾਰ ਬਣਾਇਆ ਗਿਆ | ਇਸ ਤੋਂ ਬਾਅਦ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਤੇ ਮਿਸਲਾਂ ਨੇ ਲਗਾਤਾਰ ਸੰਘਰਸ਼ ਕਰਕੇ ਸਿੱਖ ਸ਼ਕਤੀ ਨੂੰ ਸੰਗਠਿਤ ਕੀਤਾ | ਮਹਾਰਾਜਾ ਰਣਜੀਤ ਸਿੰਘ ਨੇ ਇਕ ਅਜਿਹਾ ਧਰਮ ਨਿਰਪੱਖ, ਨਿਆਂ ਵਾਲਾ ਸਹਿਣਸ਼ੀਲ ਰਾਜ ਕਾਇਮ ਕਰਕੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਤੇ ਗੁਰੂ ਸਾਹਿਬਾਨ ਦੇ ਨਾਮ 'ਤੇ ਸਿੱਕੇ ਜਾਰੀ ਕੀਤੇ | ਪਰ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖਾਂ ਦੀ ਅੰਦਰੂਨੀ ਫੁੱਟ ਨੇ ਖ਼ਾਲਸਾ ਰਾਜ ਨੂੰ ਕਮਜ਼ੋਰ ਕਰ ਦਿੱਤਾ ਤੇ 1849 ਵਿਚ ਬਰਤਾਨਵੀ ਹਕੂਮਤ ਦਾ ਪੰਜਾਬ 'ਤੇ ਕਬਜ਼ਾ ਹੋ ਗਿਆ | ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਧਰਮ ਤੇ ਰਾਜ ਤੋਂ ਵੱਖ ਕਰਕੇ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨ ਕਰ ਦਿੱਤਾ ਗਿਆ | ਬਰਤਾਨਵੀ ਰਾਜ ਨੇ ਇਕ ਪਾਸੇ ਸਿੱਖਾਂ ਦੀ ਬਹਾਦਰੀ ਨੂੰ ਆਪਣੀ ਫੌਜੀ ਸ਼ਕਤੀ ਲਈ ਵਰਤਿਆ ਤੇ ਦੂਜੇ ਪਾਸੇ ਸਿੱਖ ਪਛਾਣ ਨੂੰ ਕਮਜ਼ੋਰ ਕਰਨ ਵਾਲੀਆਂ ਕਈ ਧਾਰਾਵਾਂ ਵੀ ਸਰਗਰਮ ਰੱਖੀਆਂ | ਜਦੋਂ ਕਈ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਚਲੇ ਗਏ ਤਾਂ ਸਿੱਖ ਧਾਰਮਿਕ ਜੀਵਨ ਵਿਚ ਵੀ ਵਿਗਾੜ ਆਇਆ | ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ | ਪਰ ਇਸੇ ਸਮੇਂ ਸਿੱਖ ਲੀਡਰਸ਼ਿਪ ਬਰਤਾਨਵੀ ਹਮਾਇਤੀਆਂ ਤੇ ਕਾਂਗਰਸ ਹਮਾਇਤੀ ਧੜਿਆਂ 'ਚ ਵੰਡੀ ਗਈ | ਨਤੀਜੇ ਵਜੋਂ ਇਕ ਸੁਤੰਤਰ, ਦੂਰਅੰਦੇਸ਼ੀ ਤੇ ਵਿਸ਼ਵ ਪੱਧਰੀ ਸਿੱਖ ਲੀਡਰਸ਼ਿਪ ਵਿਕਸਿਤ ਨਾ ਹੋ ਸਕੀ, ਜੋ ਸਿੱਖ ਫ਼ਲਸਫ਼ੇ, ਸਿੱਖਿਆ ਤੇ ਸੰਸਥਾਵਾਂ ਦੇ ਵਿਕਾਸ ਨੂੰ ਲੰਬੇ ਸਮੇਂ ਦੀ ਦਿਸ਼ਾ ਦੇ ਸਕਦੀ |
ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਦਾ ਯੋਗਦਾਨ ਉਨ੍ਹਾਂ ਦੀ ਗਿਣਤੀ ਨਾਲੋਂ ਕਈ ਗੁਣਾ ਵੱਧ ਸੀ | ਉਨ੍ਹਾਂ ਨੂੰ ਉਮੀਦ ਸੀ ਕਿ ਆਜ਼ਾਦ ਭਾਰਤ 'ਚ ਨਿਆਂ, ਬਰਾਬਰੀ ਤੇ ਧਾਰਮਿਕ ਆਜ਼ਾਦੀ ਦੇ ਉਹੀ ਆਦਰਸ਼ ਸਥਾਪਿਤ ਹੋਣਗੇ, ਜਿਨ੍ਹਾਂ ਲਈ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਨ | ਪਰ 1947 ਦੀ ਵੰਡ ਸਿੱਖ ਕੌਮ ਲਈ ਇਕ ਹੋਰ ਡੂੰਘਾ ਸਦਮਾ ਸਾਬਤ ਹੋਈ | ਲੱਖਾਂ ਸਿੱਖ ਆਪਣੇ ਪੁਰਖਿਆਂ ਦੀ ਧਰਤੀ, ਗੁਰਧਾਮਾਂ, ਘਰਾਂ ਤੇ ਜਾਇਦਾਦਾਂ ਤੋਂ ਵਾਂਝੇ ਹੋ ਗਏ | ਪੰਜਾਬੀ ਭਾਸ਼ਾ, ਪੰਜਾਬੀ ਸੂਬਾ, ਪਾਣੀਆਂ ਦੀ ਵੰਡ, ਚੰਡੀਗੜ੍ਹ ਤੇ ਕੇਂਦਰ-ਰਾਜ ਸੰਬੰਧਾਂ ਬਾਰੇ ਉੱਠੇ ਵਿਵਾਦਾਂ ਨੇ ਸਿੱਖ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ, ਜੋ ਮੁਢਲੇ ਤੌਰ 'ਤੇ ਸਿੱਖ ਧਰਮ ਦੇ ਧਾਰਮਿਕ ਤੇ ਵਿੱਦਿਅਕ ਸਰੋਕਾਰਾਂ ਨੂੰ ਅੱਗੇ ਵਧਾਉਣ ਲਈ ਬਣੀਆਂ ਸਨ, ਉਨ੍ਹਾਂ 'ਤੇ ਰਾਜਨੀਤਿਕ ਪ੍ਰਭਾਵ ਵਧਦਾ ਗਿਆ | ਪਿਛਲੇ 50 ਸਾਲਾਂ ਦੌਰਾਨ ਪੰਜਾਬ ਨੇ ਹਿੰਸਾ, ਅੱਤਵਾਦ, ਜਵਾਬੀ ਕਾਰਵਾਈਆਂ ਤੇ ਬੇਗੁਨਾਹ ਲੋਕਾਂ ਦੀਆਂ ਮੌਤਾਂ ਦਾ ਇਕ ਦਰਦਨਾਕ ਦੌਰ ਵੇਖਿਆ | ਇਸ ਸਮੇਂ ਨੇ ਸਿੱਖ ਨੌਜਵਾਨਾਂ ਤੇ ਪਰਿਵਾਰਾਂ ਦੇ ਮਨਾਂ 'ਤੇ ਡੂੰਘੇ ਮਨੋਵਿਗਿਆਨਕ ਜ਼ਖ਼ਮ ਛੱਡੇ ਹਨ | ਕਿਸੇ ਵੀ ਨਿਰਦੋਸ਼ ਦੀ ਹੱਤਿਆ ਜਾਂ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਨਿਆਂ ਵਿਚ ਦੇਰੀ, ਆਪਸੀ ਅਵਿਸ਼ਵਾਸ ਤੇ ਰਾਜਨੀਤਿਕ ਧਰੁਵੀਕਰਨ ਨੇ ਕਈ ਨੌਜਵਾਨਾਂ ਵਿਚ ਨਿਰਾਸ਼ਾ ਤੇ ਭਰਮ ਨੂੰ ਜਨਮ ਦਿੱਤਾ | ਅੱਜ ਦੀ ਲੋੜ ਟਕਰਾਅ ਨੂੰ ਵਧਾਉਣ ਦੀ ਨਹੀਂ, ਸਗੋਂ ਜ਼ਖ਼ਮਾਂ ਨੂੰ ਭਰਨ ਦੀ ਹੈ | ਲਗਭਗ ਦੋ ਸਦੀਆਂ ਦੇ ਇਤਿਹਾਸ ਨੇ ਇਹ ਸਿਖਾਇਆ ਹੈ ਕਿ ਸਥਾਈ ਸ਼ਾਂਤੀ ਕੇਵਲ ਸੁਰੱਖਿਆ ਉਪਾਵਾਂ ਨਾਲ ਨਹੀਂ, ਸਗੋਂ ਨਿਆਂ, ਸੱਚ, ਭਰੋਸੇ ਅਤੇ ਭਾਵਨਾਤਮਿਕ ਆਪਣੱਤ ਨਾਲ ਹੀ ਸਥਾਪਿਤ ਹੋ ਸਕਦੀ ਹੈ | ਸਿੱਖ ਕੌਮ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਦੇਸ਼ ਉਸ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਦਾ ਹੈ ਤੇ ਉਸ ਨੂੰ ਰਾਸ਼ਟਰ-ਨਿਰਮਾਣ ਦਾ ਬਰਾਬਰ ਦਾ ਭਾਗੀਦਾਰ ਮੰਨਦਾ ਹੈ |
![]()
ਅੱਗੇ ਦਾ ਰਾਹ
ਸਿੱਖ ਫ਼ਲਸਫ਼ੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਤੇ ਪ੍ਰਮਾਣਿਕ ਸਿੱਖ ਇਤਿਹਾਸ ਦਾ ਭਾਰਤ ਅਤੇ ਵਿਸ਼ਵ ਪੱਧਰ 'ਤੇ ਯੋਜਨਾਬੱਧ ਤੇ ਵਿਗਿਆਨਕ ਪ੍ਰਚਾਰ ਕੀਤਾ ਜਾਵੇ | ਧਾਰਮਿਕ ਸੰਸਥਾਵਾਂ ਨੂੰ ਰਾਜਨੀਤਿਕ ਦਖ਼ਲ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਮੁੜ ਆਧਿਆਤਮਿਕਤਾ, ਸਿੱਖਿਆ, ਖੋਜ ਤੇ ਸਮਾਜ ਸੇਵਾ ਦੇ ਕੇਂਦਰ ਬਣਾਇਆ ਜਾਵੇ | ਸਿੱਖ ਇਤਿਹਾਸ, ਗੁਰਮਤਿ, ਪੰਜਾਬੀ ਭਾਸ਼ਾ ਤੇ ਲੀਡਰਸ਼ਿਪ ਦੇ ਅਧਿਐਨ ਲਈ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਸਥਾਪਿਤ ਕਰਕੇ ਸਿੱਖ ਨੌਜਵਾਨਾਂ ਨੂੰ ਉੱਚ ਸਿੱਖਿਆ, ਤਕਨਾਲੋਜੀ, ਖੋਜ, ਉਦਯੋਗ ਤੇ ਜਨ ਸੇਵਾ ਵਿਚ ਅੱਗੇ ਵਧਣ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ | ਪਿਛਲੇ 3-4 ਦਹਾਕਿਆਂ ਦੀ ਹਿੰਸਾ ਤੋਂ ਪ੍ਰਭਾਵਿਤ ਸਾਰੇ ਪਰਿਵਾਰਾਂ ਲਈ ਨਿਆਂ, ਸੱਚਾਈ, ਸਨਮਾਨ ਤੇ ਪੁਨਰਵਿਸ਼ਵਾਸ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ | ਭਾਰਤ ਤੇ ਵਿਦੇਸ਼ਾਂ 'ਚ ਵੱਸਦੇ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਪੇਸ਼ੇਵਰਾਂ ਤੇ ਉਦਯੋਗਪਤੀਆਂ ਨੂੰ ਸਿੱਖ ਸਮਾਜ ਦੇ ਬੌਧਿਕ ਅਤੇ ਸਮਾਜਿਕ ਪੁਨਰ-ਨਿਰਮਾਣ ਨਾਲ ਜੋੜਿਆ ਜਾਵੇ | ਗੁਰੂ ਸਾਹਿਬਾਨ ਦੀ ਮਰਯਾਦਾ ਅਨੁਸਾਰ ਸਮੂਹਿਕ ਪੰਥਕ ਫ਼ੈਸਲਾ-ਪ੍ਰਕਿਰਿਆ, ਪੰਜ ਪਿਆਰਿਆਂ ਦੀ ਪਰੰਪਰਾ ਤੇ 'ਦੀਦਾਰ ਖ਼ਾਲਸਾ' ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੰਭੀਰ ਵਿਚਾਰ ਕੀਤਾ ਜਾਵੇ | ਸਭ ਤੋਂ ਮਹੱਤਵਪੂਰਨ, ਭਾਰਤ ਵੱਲੋਂ ਸਿੱਖ ਕੌਮ ਨੂੰ ਇਹ ਸਪੱਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਬਰਾਬਰ ਸਨਮਾਨਿਤ ਨਾਗਰਿਕ ਹਨ; ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਧਾਰਮਿਕ ਪਹਿਚਾਣ, ਆਸਥਾ ਤੇ ਭਾਵਨਾਵਾਂ ਦੀ ਰੱਖਿਆ ਰਾਸ਼ਟਰ ਦੀ ਸਾਂਝੀ ਜ਼ਿੰਮੇਵਾਰੀ ਹੈ | ਸਿੱਖ ਫ਼ਲਸਫ਼ੇ ਤੇ ਇਤਿਹਾਸ ਦਾ ਸੰਦੇਸ਼ ਟਕਰਾਅ ਨਹੀਂ, ਸਗੋਂ ਮਨੁੱਖਤਾ ਦੀ ਰੱਖਿਆ ਹੈ | ਸਿੱਖ ਕੌਮ ਦਾ ਭਵਿੱਖ ਵੀ ਅਤੀਤ ਦੀ ਕੜਵਾਹਟ ਵਿਚ ਨਹੀਂ, ਸਗੋਂ ਗੁਰੂ ਸਾਹਿਬਾਨ ਦੀ ਇਸ ਸਦੀਵੀ ਦਿ੍ਸ਼ਟੀ ਅਨੁਸਾਰ ਪਿਆਰ, ਨਿਆਂ, ਭਰੋਸੇ ਅਤੇ ਭਾਵਨਾਤਮਿਕ ਆਪਣੱਤ ਰਾਹੀਂ ਹੀ ਸੁਰੱਖਿਅਤ ਅਤੇ ਪ੍ਰਕਾਸ਼ਮਾਨ ਬਣ ਸਕਦਾ ਹੈ |
-ਸਾਬਕਾ ਚੇਅਰਮੈਨ
ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ