24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੂਲ ਮੰਤਰ–ਸਿੱਖ ਧਰਮ ਦਾ ਬੁਨਿਆਦੀ ਸਿਧਾਂਤ

ਮੂਲ ਮੰਤਰ–ਸਿੱਖ ਧਰਮ ਦਾ ਬੁਨਿਆਦੀ ਸਿਧਾਂਤ

Ad Position 21
No active advertisement
ਅਜੀਤ ਡੈਸਕ 24-08-2026

 

ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਬ੍ਰਹਮ ਗਿਆਨ ਦੇ ਪ੍ਰਕਾਸ਼ ਉਪਰੰਤ ਬਖ਼ਸ਼ਿਆ ਗਿਆ ਸਭ ਤੋਂ ਪਹਿਲਾ ਤੇ ਸਰਬਉੱਚ ਗੁਰਬਾਣੀ ਬਚਨ ਹੈ | ਇਸ ਪਾਵਨ ਮੂਲ ਮੰਤਰ ਰਾਹੀਂ ਅਕਾਲ ਪੁਰਖ ਦੀ ਉਹ ਸੱਚੀ ਸੰਕਲਪਨਾ ਸੰਸਾਰ ਸਾਹਮਣੇ ਪ੍ਰਗਟ ਹੋਈ, ਜੋ ਆਪਣੇ ਸਮੇਂ ਦੀਆਂ ਪ੍ਰਚੱਲਤ ਮਨੁੱਖੀ ਧਾਰਨਾਵਾਂ ਤੋਂ ਕਿਤੇ ਉੱਪਰ ਸੀ | ਇਸੇ ਗੱਲ ਵਿਚ ਸਿੱਖ ਬ੍ਰਹਮ-ਦਰਸ਼ਨ ਦੀ ਵਿਸ਼ੇਸ਼ਤਾ ਲੁਕੀ ਹੋਈ ਹੈ, ਜੋ ਉਸ ਯੁੱਗ ਦਾ ਸਭ ਤੋਂ ਨਵੀਨ ਚਿੰਤਨ ਸੀ ਅਤੇ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਤੇ ਰਹੇਗਾ ਵੀ | ਇਹ ਉਹ ਮੂਲ ਸਿਧਾਂਤ ਹੈ, ਜਿਸ 'ਤੇ ਸਮੁੱਚੀ ਸਿੱਖ ਰੂਹਾਨੀਅਤ ਦੀ ਨੀਂਹ ਟਿਕੀ ਹੋਈ ਹੈ |
ਮੂਲ ਮੰਤਰ ਦੇ ਪ੍ਰਗਟਾਵੇ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਗੁਰੂ ਸਾਹਿਬ ਜੀ ਰਾਇ ਭੋਇ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵਿਖੇ ਪਧਾਰੇ ਸਨ | ਇਹ ਸੱਦਾ ਉਨ੍ਹਾਂ ਨੂੰ  ਆਪਣੀ ਭੈਣ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਵਲੋਂ ਮਿਲਿਆ ਸੀ | ਇਹ ਸੰਨ 1485 ਦੀ ਗੱਲ ਹੈ, ਜਦੋਂ ਗੁਰੂ ਜੀ 16 ਵਰਿ੍ਹਆਂ ਦੇ ਸਨ | ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦੇ ਕੁਝ ਮਹੀਨਿਆਂ ਅੰਦਰ ਹੀ ਭਾਈ ਜੈ ਰਾਮ ਜੀ ਨੇ ਗੁਰੂ ਜੀ ਨੂੰ  ਨਵਾਬ ਦੌਲਤ ਖ਼ਾਨ ਦੇ ਅਧੀਨ ਮੋਦੀਖਾਨੇ (ਸਰਕਾਰੀ ਅਨਾਜ ਭੰਡਾਰ) ਵਿਚ ਨੌਕਰੀ ਦਿਵਾ ਦਿੱਤੀ | ਇੱਥੇ ਗੁਰੂ ਜੀ ਨੇ ਪੂਰੇ 14 ਵਰ੍ਹੇ ਸੇਵਾ ਨਿਭਾਈ, ਪਰ ਇਹ ਸਮਾਂ ਬਿਪਤਾਵਾਂ ਤੇ ਦੋਸ਼ਾਂ ਤੋਂ ਸੱਖਣਾ ਨਹੀਂ ਸੀ | ਗੁਰੂ ਜੀ 'ਤੇ ਵੱਧ ਤੋਲ ਕੇ ਅਤੇ ਬਿਨਾਂ ਲੋੜ ਦੇ ਲੋਕਾਂ ਨੂੰ  ਅਨਾਜ ਵੰਡਣ ਦੇ ਦੋਸ਼ ਲਗਾਏ ਗਏ | ਨਵਾਬ ਦੌਲਤ ਖ਼ਾਨ ਨੇ ਹਿਸਾਬ-ਕਿਤਾਬ ਅਤੇ ਭੰਡਾਰ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਅਗਸਤ 1499 ਦੇ ਆਰੰਭ ਵਿਚ ਹੋਈ ਇਸ ਜਾਂਚ ਵਿਚ ਹਰ ਪੱਖੋਂ ਹਿਸਾਬ ਪੂਰਾ, ਸਹੀ ਅਤੇ ਵੱਧ ਨਿਕਲਿਆ | ਮੋਦੀਖਾਨੇ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਗੁਰੂ ਜੀ ਦੇ ਮਨ ਨੂੰ  ਠੇਸ ਪਹੁੰਚੀ ਅਤੇ ਉਨ੍ਹਾਂ ਨੇ ਨਵਾਬ ਦੌਲਤ ਖ਼ਾਨ ਦੀ ਨੌਕਰੀ ਤੋਂ ਸਦਾ ਲਈ ਕਿਨਾਰਾ ਕਰ ਲਿਆ |
ਇਸੇ ਸਮੇਂ ਦੌਰਾਨ ਫ਼ਕੀਰ ਉਧੋ/ਉਘੋ ਜੀ ਸੁਲਤਾਨਪੁਰ ਲੋਧੀ ਪਹੁੰਚੇ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਅਤੇ ਬਖ਼ਸ਼ਿਸ਼ਾਂ ਦੀ ਭਾਲ ਵਿਚ | ਗੁਰੂ ਜੀ ਨਾਲ ਉਨ੍ਹਾਂ ਦੀ ਭੇਟ ਵੇੲੀਂ ਨਦੀ ਦੇ ਕੰਢੇ ਹੋਈ, ਜਿੱਥੇ ਦੇਰ ਤੱਕ ਬਚਨ-ਬਿਲਾਸ ਚੱਲਿਆ | ਇਸ ਮਗਰੋਂ ਗੁਰੂ ਜੀ ਤਿੰਨ ਦਿਨਾਂ ਲਈ ਅਲੋਪ ਹੋ ਗਏ ਸਨ | ਸੰਗਤ ਵਲੋਂ ਹਰ ਪਾਸੇ ਭਾਲ ਕੀਤੀ ਗਈ, ਪਰ ਕੁਝ ਪਤਾ ਨਾ ਲੱਗਾ | ਲੋਕਾਂ ਦਾ ਕਹਿਣਾ ਸੀ ਕਿ ਗੁਰੂ ਜੀ ਆਖ਼ਰੀ ਵਾਰ ਨਦੀ ਵਿਚ ਇਸ਼ਨਾਨ ਕਰਦੇ ਵੇਖੇ ਗਏ ਸਨ, ਜਦਕਿ ਫ਼ਕੀਰ ਉਧੋ ਜੀ ਕੰਢੇ ਬੈਠੇ ਸਨ |
ਤੀਜੇ ਦਿਨ ਗੁਰੂ ਸਾਹਿਬ ਜੀ ਨਦੀ ਦੇ ਕੰਢੇ ਉਸ ਥਾਂ ਦੇ ਨੇੜੇ ਪ੍ਰਗਟ ਹੋਏ, ਜਿੱਥੇ ਅੱਜ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ | ਨੇੜਲੇ ਪੁਰਾਤਨ ਬਿਰਖ ਹੇਠ ਬਿਰਾਜਮਾਨ ਹੋ ਕੇ ਗੁਰੂ ਜੀ ਨੇ ਵਾਰ-ਵਾਰ ਮੂਲ ਮੰਤਰ ਦਾ ਉਚਾਰਨ ਕੀਤਾ | ਸੰਗਤ ਗੁਰੂ ਜੀ ਦੇ ਮੁੜ ਦਰਸ਼ਨ ਪਾ ਕੇ ਸੁੱਖ ਦਾ ਸਾਹ ਲੈ ਕੇ ਇਕੱਠੀ ਹੁੰਦੀ ਗਈ | ਇੱਥੋਂ ਹੀ ਮੂਲ ਮੰਤਰ ਦਾ ਪ੍ਰਕਾਸ਼ ਹੋਇਆ, ਜੋ ਅੱਗੇ ਚੱਲ ਕੇ 38 ਪਉੜੀਆਂ ਵਾਲੀ ਜਪੁਜੀ ਸਾਹਿਬ ਦਾ ਮੁਢਲਾ ਭਾਗ ਬਣਿਆ | ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ ਹੈ | ਇਹ ਸਬੱਬ ਦੀ ਗੱਲ ਨਹੀਂ, ਸਗੋਂ ਨਿਰਣਾਇਕ ਸੱਚਾਈ ਹੈ ਕਿ ਇਹ ਗੁਰਮੁਖੀ ਲਿਪੀ (ਗੁਰੂ ਅੰਗਦ ਦੇਵ ਜੀ ਰਚਿਤ 35 ਅੱਖਰੀ) ਦੇ ਪਹਿਲੇ ਚਿੰਨ੍ਹ ੴ ਨਾਲ ਆਰੰਭ ਹੁੰਦੀ ਹੈ, ਜੋ ਮੂਲ ਮੰਤਰ ਦਾ ਵੀ ਪਹਿਲਾ ਅੱਖਰ ਬਣਿਆ | ਅੰਕ ਇਕ ਦੇ ਜੋੜ ਨਾਲ ਇਹ ਇਕ ਓਅੰਕਾਰ ਬਣਿਆ, ਇਕੋ-ਇਕ ਪਰਮ ਸੱਚ ਦੀ ਮੂਲ ਬ੍ਰਹਮ-ਧਾਰਨਾ | ਇਹ ਸੰਕਲਪ ਬ੍ਰਹਮ-ਦਰਸ਼ਨ ਦਾ ਸਿਖਰ ਸੀ, ਜਿਸ ਨੇ ਸਿੱਖ ਧਰਮ ਨੂੰ  ਅਕਾਲ ਪੁਰਖ ਦੀ ਪਛਾਣ ਦਾ ਸਭ ਤੋਂ ਉੱਚਾ ਪੱਧਰ ਬਖ਼ਸ਼ਿਆ |
ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ, ਉਹ ਪੂਰਨਮਾਸ਼ੀ ਦਾ ਦਿਨ ਸੀ, ਜਦੋਂ ਚੁਫੇਰੇ ਸਕਾਰਾਤਮਕਤਾ ਦਾ ਮਾਹੌਲ ਸੀ | ਸਿੱਖਾਂ ਅਤੇ ਸਮੁੱਚੇ ਸੰਸਾਰ ਲਈ ਇਹ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸੇ ਦਿਨ ਅਕਾਲ ਪੁਰਖ ਦੀ ਅੰਤਿਮ ਸੰਕਲਪਨਾ ਸਾਕਾਰ ਹੋਈ | ਵੱਖ-ਵੱਖ ਇਤਿਹਾਸਕ ਸਰੋਤਾਂ ਅਨੁਸਾਰ ਇਹ ਦਿਨ ਭਾਦੋਂ ਸੁਦੀ 15 ਸੀ, ਜੋ ਸਿੱਖ ਕੈਲੰਡਰ ਮੁਤਾਬਕ 30 ਅਗਸਤ, 1499 ਬਣਦਾ ਹੈ | ਇਸ ਇਕ ਓਅੰਕਾਰ ਦੇ ਪ੍ਰਗਟਾਵੇ ਅਤੇ ਬ੍ਰਹਮ ਗਿਆਨ ਦੇ ਪ੍ਰਕਾਸ਼ ਮਗਰੋਂ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਲੋੜਵੰਦਾਂ ਵਿਚ ਵੰਡ ਕੇ ਉਦਾਸੀਆਂ ਦਾ ਰਾਹ ਫੜਿਆ, ਜੋ ਲਗਭਗ 40 ਹਜ਼ਾਰ ਕਿਲੋਮੀਟਰ ਤੱਕ ਦੁਨੀਆ ਦੇ ਅਨੇਕਾਂ ਦੇਸ਼ਾਂ ਵਿਚ ਫੈਲੀਆਂ ਹੋਈਆਂ ਹਨ |
ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਆਪਣੇ ਬਚਨ ਦਾ ਪ੍ਰਚਾਰ ਕੀਤਾ ਅਤੇ ਭਾਂਤ-ਭਾਂਤ ਦੇ ਸੰਪਰਦਾਵਾਂ, ਸਾਧੂ-ਸੰਤਾਂ, ਧਾਰਮਿਕ ਬਿਰਤੀ ਵਾਲੇ ਲੋਕਾਂ ਅਤੇ ਆਮ ਜਨਤਾ ਨਾਲ ਸੰਵਾਦ ਕਰਦਿਆਂ ਸਿੱਖ ਬ੍ਰਹਮ-ਸੰਕਲਪਾਂ ਦੀ ਵਿਆਖਿਆ ਕੀਤੀ | ਚਾਰ ਵੱਡੀਆਂ ਉਦਾਸੀਆਂ (ਯਾਤਰਾਵਾਂ) ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਲਗਭਗ ਅੱਧੇ ਹਿੱਸੇ ਦਾ ਭ੍ਰਮਣ ਕੀਤਾ, ਜੋ 20 ਤੋਂ ਵੱਧ ਵਰਿ੍ਹਆਂ ਤੱਕ ਫੈਲੀਆਂ ਹੋਈਆਂ ਸਨ | ਭਾਂਤ-ਭਾਂਤ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਜ਼ਮੀਨੀ ਹਕੀਕਤਾਂ ਨੂੰ  ਪਰਖਣ ਮਗਰੋਂ ਗੁਰੂ ਸਾਹਿਬ ਜੀ ਅਖ਼ੀਰ ਕਰਤਾਰਪੁਰ (ਅੱਜ ਪਾਕਿਸਤਾਨ 'ਚ) ਵਿਖੇ ਆ ਵਸੇ | ਇੱਥੇ ਉਨ੍ਹਾਂ ਨੇ ਨਾ ਸਿਰਫ਼ ਲਗਭਗ 12 ਵਰ੍ਹੇ ਖ਼ੁਦ ਖੇਤੀਬਾੜੀ ਰਾਹੀਂ ਕਿਰਤ ਕੀਤੀ, ਸਗੋਂ ਆਪਣੇ ਰੂਹਾਨੀ ਕਾਰਜ ਨੂੰ  ਵੀ ਜਾਰੀ ਰੱਖਿਆ | ਇੱਥੇ ਹੀ ਉਨ੍ਹਾਂ ਨੇ ਜਪੁਜੀ ਸਾਹਿਬ ਦੀਆਂ ਬਾਕੀ 38 ਪਉੜੀਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚ ਅਕਾਲ ਪੁਰਖ ਨਾਲ ਜੁੜਨ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਹੈ ਅਤੇ ਨਾਲ ਹੀ ਹੋਰ ਬਾਣੀਆਂ ਵੀ ਰਚੀਆਂ |
ਇਸੇ ਸਮੇਂ ਦੌਰਾਨ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ  ਆਪਣਾ ਉਤਰਾਧਿਕਾਰੀ ਥਾਪਿਆ ਅਤੇ 1539 ਵਿਚ ਖਡੂਰ ਸਾਹਿਬ ਵਿਖੇ ਉਨ੍ਹਾਂ ਨੂੰ  ਨਵਾਂ ਨਾਂਅ ਅੰਗਦ ਦੇਵ ਬਖ਼ਸ਼ਿਆ | ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਲਾਹ ਨਾਲ ਗੁਰਮੁਖੀ ਲਿਪੀ (35 ਅੱਖਰੀ) ਨੂੰ  ਘੜਿਆ ਅਤੇ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਦੀ ਸਹਾਇਤਾ ਨਾਲ ਮੂਲ ਮੰਤਰ ਅਤੇ ਹੋਰ ਬਾਣੀਆਂ ਨੂੰ  ਗੁਰਮੁਖੀ ਲਿਪੀ ਵਿਚ ਦਰਜ ਕਰਵਾਇਆ | ਲੋੜ ਹੈ ਕਿ ਸਮੂਹ ਸਿੱਖ ਕੌਮ ਅਤੇ ਆਉਣ ਵਾਲੀਆਂ ਪੀੜ੍ਹੀਆਂ 30 ਅਗਸਤ ਦੇ ਇਸ ਪਾਵਨ ਦਿਹਾੜੇ ਨੂੰ  ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਮੂਲ ਸੰਦੇਸ਼ ਪੀੜ੍ਹੀ-ਦਰ-ਪੀੜ੍ਹੀ ਜਗਦਾ-ਜਗਾਉਂਦਾ ਰਹੇ |
-ਸ੍ਰੀ ਮੁਕਤਸਰ ਸਾਹਿਬ  |
ਮੋਬਾਈਲ : +9194173-72454

Ad Position 22
No active advertisement
ਪਿਛਲੀ ਖ਼ਬਰ ਭਾਰਤ ਬਣੇਗਾ ‘ਗਲੋਬਲ ਸਪੇਸ ਟੈਲੇਂਟ’ ਦੀ ਪਹਿਲੀ ਪਸੰਦ-ਮੋਦੀ ਅਗਲੀ ਖ਼ਬਰ ਮਾਤਾ ਕਿਸ਼ਨ ਕੌਰ ਕਾਉਂਕੇ ਦਾ ਸਿੱਖ ਲਹਿਰਾਂ ਵਿਚ ਯੋਗਦਾਨ
Ad Position 24