31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੱਲ੍ਹ ਸਥਾਪਨਾ ਦਿਵਸ 'ਤੇ ਵਿਸ਼ੇਸ਼ ਵਿਲੱਖਣ ਹੈ ਗੁਰੂ ਗ੍ਰੰਥ ਸਾਹਿਬ ਬਾਗ, ਪੱਤੋ ਹੀਰਾ ਸਿੰਘ (ਮੋਗਾ)

ਕੱਲ੍ਹ ਸਥਾਪਨਾ ਦਿਵਸ 'ਤੇ ਵਿਸ਼ੇਸ਼ ਵਿਲੱਖਣ ਹੈ ਗੁਰੂ ਗ੍ਰੰਥ ਸਾਹਿਬ ਬਾਗ, ਪੱਤੋ ਹੀਰਾ ਸਿੰਘ (ਮੋਗਾ)

Ad Position 21
No active advertisement
ਅਜੀਤ ਡੈਸਕ 31-08-2026

 

ਗੁਰੂ ਗ੍ਰੰਥ ਸਾਹਿਬ ਬਾਗ, ਪੱਤੋ ਹੀਰਾ ਸਿੰਘ (ਮੋਗਾ) ਅਜੋਕੇ ਪਦਾਰਥਵਾਦੀ ਯੁੱਗ 'ਚ ਮਨੁੱਖਤਾ, ਜੀਵ-ਜੰਤੂਆਂ ਤੇ ਇਲਾਹੀ ਕੁਦਰਤ ਦੀ ਆਪਸੀ ਸਾਂਝ ਦਾ ਇਕ ਬੇਮਿਸਾਲ ਤੇ ਰੂਹਾਨੀ ਪ੍ਰਤੀਕ ਬਣ ਕੇ ਉੱਭਰਿਆ ਹੈ | ਮੋਗਾ ਸ਼ਹਿਰ ਤੋਂ ਲਗਭਗ 25 ਮੀਲ ਦੂਰ ਦੱਖਣ ਦਿਸ਼ਾ ਵੱਲ ਸਥਿਤ ਇਤਿਹਾਸਕ ਨਗਰ ਪੱਤੋ ਹੀਰਾ ਸਿੰਘ ਮਾਲਵੇ ਖਿੱਤੇ ਦੇ ਨਾਮਵਰ ਪਿੰਡਾਂ 'ਚ ਸ਼ੁਮਾਰ ਹੈ | ਇਸ ਬਾਗ ਦੀ ਸਥਾਪਨਾ ਨੇ ਇਸ ਇਤਿਹਾਸਕ ਨਗਰ ਦਾ ਮਾਣ ਦੁਨੀਆ ਭਰ 'ਚ ਹੋਰ ਵਧਾਇਆ ਹੈ | ਬਾਗ ਦੀ ਭੂਗੋਲਿਕ ਤੇ ਅਧਿਆਤਮਿਕ ਸਥਿਤੀ ਬਹੁਤ ਹੀ ਭਾਗਾਂ ਵਾਲੀ ਹੈ | ਇਹ ਬਾਗ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂਸਰ ਸਾਹਿਬ ਦੀ ਬਿਲਕੁਲ ਬੁੱਕਲ 'ਚ ਵਸਿਆ ਹੋਇਆ ਹੈ | ਗੁਰਦੁਆਰਾ ਗੁਰੂਸਰ ਸਾਹਿਬ ਕੋਈ ਆਮ ਅਸਥਾਨ ਨਹੀਂ, ਬਲਕਿ ਇਹ ਉਹ ਪਾਵਨ ਧਰਤੀ ਹੈ ਜਿੱਥੇ ਚਾਰ ਪਾਤਸ਼ਾਹੀਆਂ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਚਰਨ ਪਾਏ | ਅਜਿਹੇ ਮਹਾਨ ਇਤਿਹਾਸਕ ਤੇ ਰੂਹਾਨੀ ਕੇਂਦਰ ਦੀ ਛਤਰ-ਛਾਇਆ ਹੇਠ ਅਤੇ ਇਸ ਦੀ ਪਵਿੱਤਰ ਬੁੱਕਲ 'ਚ ਖੂਬਸੂਰਤ ਬਾਗ ਦਾ ਪ੍ਰਫੁੱਲਤ ਹੋਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇੱਥੋਂ ਦੀ ਹਵਾ 'ਚ ਅੱਜ ਵੀ ਗੁਰੂ ਸਾਹਿਬਾਨ ਦੀ ਇਲਾਹੀ ਰਹਿਮਤ ਤੇ ਅਸੀਸਾਂ ਘੁਲੀਆਂ ਹੋਈਆਂ ਹਨ | ਗੁਰੂ ਗ੍ਰੰਥ ਸਾਹਿਬ ਬਾਗ ਦੀ ਸਥਾਪਨਾ ਈਕੋ ਸਿੱਖ ਸੁਸਾਇਟੀ ਯੂ.ਐੱਸ.ਏ. ਅਤੇ ਸਥਾਨਕ ਪੱਧਰ 'ਤੇ ਸਰਗਰਮ ਪੈਟਲਸ ਸੁਸਾਇਟੀ ਪੱਤੋ ਹੀਰਾ ਸਿੰਘ ਦੇ ਸਾਂਝੇ ਯਤਨਾਂ ਸਦਕਾ ਸੰਭਵ ਹੋਈ ਹੈ | 5 ਤੋਂ 7 ਏਕੜ ਦੀ ਵਸੀਹ ਅਤੇ ਹਰੀ-ਭਰੀ ਧਰਤੀ 'ਤੇ ਫੈਲਿਆ ਇਹ ਬਾਗ ਦੇਖਣ ਵਾਲਿਆਂ ਦੇ ਮਨਾਂ 'ਚ ਪਹਿਲੀ ਨਜ਼ਰੇ ਹੀ ਇਕ ਅਲੌਕਿਕ ਸ਼ਾਂਤੀ ਪੈਦਾ ਕਰਦਾ ਹੈ | ਇਸ ਬੇਮਿਸਾਲ ਬਾਗ ਦੀ ਰੂਪ-ਰੇਖਾ ਅਤੇ ਕਲਾਤਮਿਕ ਡਿਜ਼ਾਈਨ ਉੱਘੇ ਵਾਤਾਵਰਨ ਮਾਹਿਰ ਤੇ ਬਨਸਪਤੀ ਦੇ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਵਲੋਂ ਬਹੁਤ ਹੀ ਬਾਰੀਕੀ, ਵਿਗਿਆਨਕ ਤੇ ਸਾਹਿਤਕ ਦਿ੍ਸ਼ਟੀਕੋਣ ਤੋਂ ਤਿਆਰ ਕੀਤਾ ਗਿਆ ਹੈ | ਡਾ. ਲੱਖੇਵਾਲੀ ਨੇ ਆਪਣੇ ਲੰਮੇ ਤਜਰਬੇ ਤੇ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਸਦਕਾ ਇਸ ਬਾਗ ਨੂੰ  ਇਸ ਤਰੀਕੇ ਨਾਲ ਪਰੋਇਆ ਹੈ ਕਿ ਇੱਥੇ ਲਾਇਆ ਗਿਆ ਹਰ ਬੂਟਾ ਤੇ ਰੁੱਖ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਬਦ, ਸਲੋਕ ਜਾਂ ਇਤਿਹਾਸਕ ਪ੍ਰਸੰਗ ਦੀ ਯਾਦ ਦਿਵਾਉਂਦਾ ਹੈ | ਇਸ ਬਾਗ ਦੀ ਖਿੱਚ ਨੂੰ  ਚਾਰ-ਚੰਦ ਲਗਾਉਣ ਲਈ ਇਸ ਦੇ ਅੰਦਰ ਇਕ ਬਹੁਤ ਹੀ ਮਨਮੋਹਕ ਤਲਾਬਨੁਮਾ ਝੀਲ ਦਾ ਨਿਰਮਾਣ ਕੀਤਾ ਗਿਆ ਹੈ | ਪਾਣੀ ਦੇ ਜੀਵਾਂ ਦੀਆਂ ਕਿਲਕਾਰੀਆਂ ਤੇ ਬੱਤਖਾਂ ਦੀਆਂ ਅਠਖੇਲੀਆਂ ਇਸ ਬਾਗ ਦੇ ਸ਼ਾਂਤ ਮਾਹੌਲ ਵਿਚ ਇਕ ਜਿਊਾਦਾ-ਜਾਗਦਾ ਸੰਗੀਤ ਘੋਲਦੀਆਂ ਹਨ, ਜਿਸ ਨਾਲ ਇੱਥੇ ਆਉਣ ਵਾਲੇ ਹਰ ਵਿਅਕਤੀ ਦਾ ਮਾਨਸਿਕ ਤਣਾਅ ਪਲਾਂ 'ਚ ਦੂਰ ਹੋ ਜਾਂਦਾ ਹੈ | ਸਾਹਿਬ ਬਾਗ ਦਾ ਇਹ ਸਥਾਪਨਾ ਦਿਵਸ ਅਜੋਕੇ ਸਮੇਂ ਜਦੋਂ ਪੂਰੀ ਦੁਨੀਆ ਵਿਸ਼ਵਵਿਆਪੀ ਤਪਸ਼, ਹਵਾ-ਪਾਣੀ ਦੇ ਪ੍ਰਦੂਸ਼ਣ ਅਤੇ ਜੀਵ-ਜੰਤੂਆਂ ਦੀਆਂ ਘਟ ਰਹੀਆਂ ਪ੍ਰਜਾਤੀਆਂ ਦੇ ਸੰਕਟ ਨਾਲ ਜੂਝ ਰਹੀ ਹੈ, ਉੱਥੇ ਚਾਰ ਪਾਤਸ਼ਾਹੀਆਂ ਦੀ ਚਰਨ-ਛੋਹ ਪ੍ਰਾਪਤ ਪੱਤੋ ਹੀਰਾ ਸਿੰਘ ਦੀ ਧਰਤੀ ਦਾ ਇਹ ਬਾਗ ਸਮੁੱਚੀ ਮਨੁੱਖਤਾ ਦੇ ਭਲੇ ਲਈ ਇਕ 'ਹਰਾ ਹੋਕਾ' (ਗ੍ਰੀਨ ਕਾਲ) ਦੇ ਰਿਹਾ ਹੈ | ਇਹ ਬਾਗ ਤੇ ਇਸ ਦੀ ਖੂਬਸੂਰਤ ਝੀਲ ਸਾਨੂੰ ਇਹ ਗੁਰਮਤਿ ਸਿੱਖਿਆ ਪ੍ਰਦਾਨ ਕਰਦੇ ਹਨ ਕਿ ਜੇ ਅਸੀਂ ਸੱਚੇ ਮਨੋਂ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਧਰਤੀ ਮਾਂ ਦੀ ਕੁੱਖ ਨੂੰ  ਹਰਾ-ਭਰਾ ਰੱਖਣਾ ਪਵੇਗਾ ਅਤੇ ਬੇਜ਼ਬਾਨ ਜੀਵ-ਜੰਤੂਆਂ ਦੇ ਰਹਿਣ-ਬਸੇਰੇ ਦਾ ਸਤਿਕਾਰ ਕਰਨਾ ਪਵੇਗਾ | ਪਹਿਲੀ ਸਤੰਬਰ 2026 ਨੂੰ  ਹੋਣ ਵਾਲੇ ਇਸ ਮਹਾਨ ਸਮਾਗਮ ਦੌਰਾਨ ਵਾਤਾਵਰਨ ਪ੍ਰੇਮੀ, ਰਾਗੀ, ਢਾਡੀ, ਚਿੰਤਕ ਅਤੇ ਬੁੱਧੀਜੀਵੀ ਇਸ ਪਵਿੱਤਰ ਅਸਥਾਨ 'ਤੇ ਇੱਕਤਰ ਹੋ ਕੇ ਕੁਦਰਤ, ਇਤਿਹਾਸ ਤੇ ਗੁਰਮਤਿ ਦੇ ਅੰਤਰ-ਸੰਬੰਧਾਂ 'ਤੇ ਵਿਚਾਰ-ਵਟਾਂਦਰਾ ਕਰਨਗੇ | ਇਸ ਮੌਕੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਹਵਾਵਾਂ ਵਿਚ ਇਲਾਹੀ ਰਸ ਘੁਲੇਗਾ, ਜੋ ਉੱਥੇ ਮੌਜੂਦ ਹਰ ਇਕ ਪੱਤੇ, ਬੂਟੇ, ਝੀਲ ਦੀਆਂ ਲਹਿਰਾਂ ਤੇ ਮਨੁੱਖੀ ਰੂਹ ਨੂੰ  ਰੂਹਾਨੀ ਰੰਗ 'ਚ ਰੰਗ ਦੇਵੇਗਾ | ਇਤਿਹਾਸਕ ਨਗਰ ਪੱਤੋ ਹੀਰਾ ਸਿੰਘ (ਮੋਗਾ) ਦੀ ਧਰਤੀ ਤੋਂ ਉੱਠਿਆ ਇਹ ਹਰਾ ਇਨਕਲਾਬ ਆਉਣ ਵਾਲੀਆਂ ਸਦੀਆਂ ਤੱਕ ਮਨੁੱਖਤਾ ਨੂੰ  ਕੁਦਰਤ ਤੇ ਜੀਵ-ਜੰਤੂਆਂ ਨਾਲ ਅਥਾਹ ਪਿਆਰ ਕਰਨ, ਰੁੱਖ ਲਗਾਉਣ ਅਤੇ ਉੱਚ ਰੂਹਾਨੀਅਤ ਹਾਸਲ ਕਰਨ ਦੀ ਪ੍ਰੇਰਨਾ ਨਿਰੰਤਰ ਦਿੰਦਾ ਰਹੇਗਾ |
-ਪਿੰਡ ਤੇ ਡਾਕ-ਪੱਤੋ ਹੀਰਾ ਸਿੰਘ (ਮੋਗਾ) |
ਮੋਬਾਈਲ : 98147-45867

Ad Position 22
No active advertisement
ਪਿਛਲੀ ਖ਼ਬਰ ਜਦੋਂ ਗ਼ਦਰੀਆਂ ਨੂੰ ਫ਼ਾਂਸੀ ਦਿੱਤੀ ਗਈ ਅਗਲੀ ਖ਼ਬਰ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਯਾਦ ਕਰਦਿਆਂ
Ad Position 24