ਸੰਗਤ ਮੰਡੀ ਦੇ 5 ਵਾਰਡਾਂ ਲਈ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ ਵੋਟਾਂ ਪਾਉਣ ਦਾ ਕੰਮ <br/>
ਅਜੀਤ ਡੈਸਕ
27-05-2026
ਸੰਗਤ ਮੰਡੀ, 26 ਮਈ (ਸੁਖਤੇਜ ਧਾਲੀਵਾਲ)-ਨਗਰ ਕੌਂਸਲ ਸੰਗਤ ਮੰਡੀ ਵਿਚ 5 ਵਾਰਡਾਂ ਦੇ ਉਮੀਦਵਾਰਾਂ ਦੀ ਚੋਣ ਲਈ ਪਈਆਂ ਵੋਟਾਂ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ | ਵੋਟਰਾਂ ਵਲੋਂ ਪੂਰੇ ਉਤਸ਼ਾਹ ਨਾਲ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਵੋਟ ਪਾਈ ਗਈ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸੰਗਤ ਦੇ ਕੁੱਲ 9 ਵਾਰਡਾਂ ਵਿਚੋਂ 4 ਵਾਰਡਾਂ 4,5,7 ਅਤੇ 8 ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ ਬਾਕੀ 5 ਵਾਰਡਾਂ 1,2,3,6 ਅਤੇ 9 ਲਈ ਵੋਟਾਂ ਹੋਈਆਂ ਹਨ | ਜਿੱਥੇ ਮੁੱਖ ਮੁਕਾਬਲਾ ਸੱਤਾਧਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਫਸਵੀਂ ਟੱਕਰ ਹੈ | ਪੰਜਾਬ ਦੇ ਚੋਣ ਕਮਿਸ਼ਨ ਵਲੋਂ ਨਿਰਪੱਖ ਚੋਣਾਂ ਕਰਵਾਉਣ ਲਈ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ | ਪਰ ਮੰਡੀ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਕੇ ਹੋਰਨਾਂ ਲਈ ਮਿਸਾਲ ਕਾਇਮ ਕੀਤੀ | ਗਰਮੀ ਦਾ ਮੌਸਮ ਹੋਣ ਕਰਕੇ ਭਾਵੇਂ ਜ਼ਿਆਦਾਤਰ ਵੋਟਰਾਂ ਨੇ ਸਵੇਰ ਸਮੇਂ ਹੀ ਵੋਟ ਪਾਉਣ ਲਈ ਚੋਣ ਬੂਥਾਂ 'ਤੇ ਪਹੁੰਚ ਕੇ ਆਪਣੀ ਵੋਟ ਪਾਈ, ਜਦੋਂ ਕਿ ਦੁਪਹਿਰ ਸਮੇਂ ਲੋਕ ਘਰਾਂ ਵਿਚੋਂ ਇਕਾ ਦੁੱਕਾ ਹੀ ਬਾਹਰ ਨਿਕਲੇ ਅਤੇ ਬਾਅਦ ਦੁਪਹਿਰ ਫਿਰ ਤੋਂ ਬੂਥਾਂ 'ਤੇ ਵੋਟਰਾਂ ਦੀ ਗਹਿਮਾ ਗਹਿਮੀ ਹੁੰਦੀ ਦਿਖਾਈ ਦਿੱਤੀ ਅਤੇ ਸ਼ਾਮ 5 ਵਜੇ ਤੱਕ 88 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਬੰਦ ਕਰ ਦਿੱਤੀ ਹੈ | ਜਿਸ ਦਾ 29 ਮਈ ਨੂੰ ਨਤੀਜੇ ਆਉਣ 'ਤੇ ਪਤਾ ਲੱਗੇਗਾ ਕਿ ਵੋਟਰਾਂ ਨੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਆਪਣਾ ਫ਼ਤਵਾ ਜਾਰੀ ਕੀਤਾ ਹੈ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਸਮੂਹ ਮੰਡੀ ਵਾਸੀਆਂ ਨੂੰ ਅਮਨ ਅਮਾਨ ਨਾਲ ਵੋਟਾਂ ਪਾਉਣ ਲਈ ਵਧਾਈ ਦਿੱਤੀ |