ਟੱਲੇਵਾਲ, 26 ਮਈ (ਸੋਨੀ ਚੀਮਾ)-ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਕੌਮੀ ਚੇਅਰਮੈਨ ਸ੍ਰੀ ਰਾਜਿੰਦਰਪਾਲ ਗੌਤਮ ਦੇ ਆਦੇਸ਼ਾਂ ਅਤੇ ਸ: ਗੁਰਪ੍ਰੀਤ ਸਿੰਘ ਲੱਕੀ ਪੱਖੋ ਸੂਬਾ ਚੇਅਰਮੈਨ ਐਸ.ਸੀ ਸੈੱਲ ਡਿਪਾਰਟਮੈਂਟ ਦੀ ਅਗਵਾਈ ਵਿਚ ਨਵ-ਨਿਯੁਕਤ ਕੀਤੇ ਗਏ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ ਵਲੋਂ ਜ਼ਿਲੇ੍ਹ ਪੱਧਰ 'ਤੇ ਪਹਿਲਾਂ ਤੋਂ ਚੱਲੇ ਆ ਰਹੇ ਐਸ.ਸੀ ਡਿਪਾਰਟਮੈਂਟ ਸੈਲੱ ਕਾਂਗਰਸ ਦੇ ਸਮੁੱਚੇ ਢਾਂਚੇ ਨੂੰ ਭੰਗ ਕੀਤਾ ਗਿਆ ਹੈ | ਇਸ ਉਪਰੰਤ ਜਾਣਕਾਰੀ ਦਿੰਦਿਆਂ ਚੇਅਰਮੈਨ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਅਗਵਾਈ ਵਿਚ ਪਾਰਟੀ ਦੀ ਮਜ਼ਬੂਤੀ ਅਤੇ ਨਵੇਂ ਢਾਂਚੇ ਦੀ ਸਿਰਜਣਾ ਲਈ, ਅੱਜ ਐਸ.ਸੀ.ਸੈੱਲ ਦਾ ਜ਼ਿਲ੍ਹਾ ਪੱਧਰੀ ਢਾਂਚਾ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ | ਜਲਦ ਹੀ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ | ਚੇਅਰਮੈਨ ਮੌੜ ਨੇ ਕਿਹਾ ਕਿ ਆਗਾਮੀ ਚੋਣਾਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ | ਨਵੀਂ ਬਾਡੀ ਸੂਤਰਾਂ ਮੁਤਾਬਕ, ਆਉਂਦੇ ਕੁੱਝ ਦਿਨਾਂ ਵਿਚ ਜ਼ਿਲੇ੍ਹ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਬਲਾਕ ਪ੍ਰਧਾਨਾਂ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ ਅਤੇ ਉਸ ਉਪਰੰਤ ਜ਼ਿਲ੍ਹਾ ਬਾਡੀ ਦੀ ਨਵੀਂ ਲਿਸਟ ਜਾਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਭਰੋਸਾ ਦਿੱਤਾ ਹੈ ਕਿ ਨਵੇਂ ਆਗੂਆਂ ਤੇ ਵਰਕਰਾਂ ਸਮੇਤ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਨਵੀਂ ਬਾਡੀ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਪ੍ਰਗਟ ਸਿੰਘ ਠੀਕਰੀਵਾਲ ਸਾਬਕਾ ਸਰਪੰਚ, ਰਵੀ ਆਦੀਵਾਲ ਸੂਬਾ ਸਕੱਤਰ, ਮਨਪ੍ਰੀਤ ਸ਼ਰਮਾ ਜਨਰਲ ਸੈਕਟਰੀ, ਭੋਲਾ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਹੈਪੀ ਠੇਕੇਦਾਰ, ਮਲਕੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |