ਗੋਨਿਆਣਾ, 26 ਮਈ (ਲਛਮਣ ਦਾਸ ਗਰਗ): ਚੋਣ ਰਾਜ ਕਮਿਸ਼ਨ ਵਲੋਂ ਸੂਬੇ ਵਿਚ ਅੱਜ ਨਗਰ ਨਿਗਮ, ਨਗਰ ਪੰਚਾਇਤ ਅਤੇ ਨਗਰ ਕੌਸ਼ਲਾਂ ਦੀਆਂ ਵੋਟਾਂ ਕਰਵਾਈਆਂ ਗਈਆਂ ਹਨ, ਜਿਸ ਤਹਿਤ ਗੋਨਿਆਣਾ ਮੰਡੀ ਵਿਚ ਵੀ ਨਗਰ ਕੌਸ਼ਲ ਦੀਆਂ ਵੋਟਾਂ ਪਵਾਈਆਂ ਗਈਆਂ | ਗੋਨਿਆਣਾ ਮੰਡੀ ਦੇ ਸਮੂਹ 13 ਵਾਰਡਾਂ ਵਿਚੋਂ 12 ਵਾਰਡਾਂ ਦੀਆਂ ਵੋਟਾਂ ਕਰਵਾਈਆਂ ਗਈਆਂ, ਕਿਉਂਕਿ ਵਾਰਡ ਨੰਬਰ-4 ਵਿਚ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਸੀਟ ਭਾਜਪਾ ਦੀ ਝੋਲੀ ਵਿਚ ਪੈ ਗਈ ਸੀ | ਬਾਕੀ ਦੇ 12 ਵਾਰਡਾਂ ਦੇ 11834 ਵੋਟਰਾਂ ਵਿਚੋਂ 9438 ਵੋਟਰਾਂ ਨੇ ਚੋਣ ਮੈਦਾਨ ਵਿਚ ਖੜੇ ਆਪੋ ਆਪਣੇ ਚਹੇਤੇ 42 ਉਮੀਦਵਾਰਾਂ ਦੀਆਂ ਕਿਸਮਤਾਂ ਵੋਟਾਂ ਰਾਂਹੀ ਬਕਸਿਆਂ ਵਿਚ ਬੰਦ ਕਰ ਦਿੱਤੀਆਂ | ਜਿਸ ਨਾਲ ਗੋਨਿਆਣਾ ਮੰਡੀ ਦੀ ਚੋਣ ਪ੍ਰਤੀਸ਼ਤ 79.75 ਫ਼ੀਸਦੀ ਰਹੀ | ਵਾਰਡ ਨੰਬਰ-7 ਵਿਚ ਗੋਨਿਆਣਾ ਨਗਰ ਕੌਸ਼ਲ ਦੇ ਦੋਨੋ ਸਾਬਕਾ ਪ੍ਰਧਾਨਾਂ ਦੀਆਂ ਨੰੂਹਾਂ ਚੋਣ ਮੈਦਾਨ ਵਿਚ ਚੋਣ ਲੜ ਰਹੀਆਂ ਹਨ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਨਵੇਂ ਵੋਟਰਾਂ ਨੇ ਆਪੋ ਆਪਣੀ ਪਹਿਲੀ ਵੋਟ ਦਾ ਇਸਤੇਮਾਲ ਕੀਤਾ, ਜਿਸ ਦੌਰਾਨ ਨੌਜਵਾਨ ਵਰਗ ਵਿਚ ਬਹੁਤ ਜ਼ਿਆਦਾ ਖ਼ੁਸ਼ੀ ਦੇਖਣ ਨੰੂ ਮਿਲੀ, ਕੁਝ ਬਜ਼ੁਰਗ ਵੋਟਰਾਂ ਨੂੰ ਉਨ੍ਹਾਂ ਦੇ ਸਾਕ ਸੰਬੰਧੀ ਵੋਟ ਕੇਂਦਰ ਤੱਕ ਸਹਾਰਾ ਦੇ ਕੇ ਲਿਆਉਂਦੇ ਦੇਖੇ ਗਏ ਅਤੇ ਕਈ ਬਜ਼ੁਰਗ ਵੋਟਰਾਂ ਨੂੰ ਵਹੀਅਲ ਚੇਅਰ ਰਾਂਹੀ ਬੂਥ ਕੇਂਦਰਾਂ ਤੱਕ ਲਿਆਂਦਾ ਜਾ ਰਿਹਾ ਸੀ | ਸਮੂਹ ਵੋਟ ਕੇਂਦਰਾਂ 'ਤੇ ਵਿਆਹ ਵਰਗਾ ਮਾਹੌਲ ਸੀ, ਵੋਟਰ ਚਾਇ ਚਾਇ ਆਪੋ ਆਪਣੇ ਚਹੇਤੇ ਉਮੀਦਵਾਰ ਨੂੰ ਵੋਟਾਂ ਪਾ ਕੇ ਬਾਹਰ ਆ ਰਹੇ ਸਨ |