ਤਲਵੰਡੀ ਸਾਬੋ, 26 ਮਈ (ਰਣਜੀਤ ਸਿੰਘ ਰਾਜੂ)- ਦੇਸ਼ ਨੂੰ ਵਿਸ਼ਵ ਦੀ ਚੌਥੀ ਆਰਥਿਕਤਾ ਬਣਾਉਣ ਦੇ ਅਕਸਰ ਦਾਅਵੇ ਕਰਦੀ ਰਹਿਣ ਵਾਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਹੁਣ ਸੰਕਟ ਦੇ ਨਾਂਅ 'ਤੇ ਨਿੱਤ ਦਿਨ ਤੇਲ ਕੀਮਤਾਂ 'ਚ ਵਾਧਾ ਕਰਕੇ ਆਮ ਲੋਕਾਂ ਦੀ ਜੇਬ 'ਤੇ ਭਾਰ ਪਾਇਆ ਜਾ ਰਿਹੈ, ਜਿਸ ਨਾਲ ਆਮ ਲੋਕਾਂ ਦਾ ਬਜਟ ਵਿਗੜ ਰਿਹਾ ਹੈ, ਕੇਂਦਰ ਨੂੰ ਚਾਹੀਦਾ ਹੈ ਕਿ ਲੋਕ ਮੁਸ਼ਕਿਲਾਂ ਸਮਝਦਿਆਂ ਲੋਕਾਂ ਦੀ ਜੇਬ 'ਤੇ ਅਜਿਹਾ ਭਾਰ ਪਾਉਣਾ ਬੰਦ ਕਰੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ | ਗੁਰਬਾਜ਼ ਸਿੰਘ ਸਿੱਧੂ ਜੋ ਹਲਕੇ 'ਚ ਕਾਂਗਰਸੀ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਪੁੱਜੇ ਸਨ, ਨੇ ਬਾਅਦ 'ਚ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੰਗਾਲ ਚੋਣਾਂ ਲੰਘਦਿਆਂ ਹੀ ਲੋਕਾਂ ਨੂੰ ਮਹਿੰਗਾਈ ਦੇ ਤੋਹਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ | ਨਾ ਕੇਵਲ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਇਐ ਸਗੋਂ ਖਾਣਾ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਗਿਐ ਤੇ ਅੱਗੇ ਕਿਸਾਨਾਂ ਨੂੰ ਖਾਦਾਂ ਦਾ ਸੰਕਟ ਪੇਸ਼ ਆ ਸਕਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਬਚਨ ਪੁਗਾਉਣ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਦੇਸ਼ 'ਚ ਤੇਲ ਦੇ ਵਾਧੂ ਭੰਡਾਰ ਹਨ, ਇਸ ਲਈ ਲੋਕਾਂ 'ਤੇ ਆਰਥਿਕ ਬੋਝ ਨਹੀ ਪਾਇਆ ਜਾਵੇਗਾ | ਸਿੱਧੂ ਨਾਲ ਇਸ ਮੌਕੇ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਕ੍ਰਿਸ਼ਨ ਯਾਦਵ, ਧਰਵਿੰਦਰ ਢਿੱਲੋਂ ਗਿਆਨਾ, ਗੁਰਾਂਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ ਆਦਿ ਆਗੂ ਮੌਜੂਦ ਸਨ |