ਬਠਿੰਡਾ, 26 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 23 ਵਿਚ ਉਸ ਸਮੇਂ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਕੁਝ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਅਧਿਕਾਰੀ 'ਤੇ ਜਾਅਲੀ ਵੋਟਾਂ ਪਵਾਉਣ ਦੇ ਦੋਸ਼ ਲਗਾਏ | ਇਸ ਮਾਮਲੇ ਨੂੰ ਲੈ ਕੇ ਉਮੀਦਵਾਰਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਚੋਣ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ ਗਏ | ਪ੍ਰਦਰਸ਼ਨ ਕਰ ਰਹੇ ਵਾਰਡ ਨੰਬਰ 23 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੁਪਨਿੰਦਰ ਕੌਰ ਦੇ ਪਤੀ ਜੰਗੀਰ ਸਿੰਘ ਦਾ ਕਹਿਣਾ ਸੀ ਕਿ ਬੂਥ ਉਪਰ ਜਾਣ-ਬੁੱਝ ਕੇ ਗਲਤ ਢੰਗ ਨਾਲ ਵੋਟਾਂ ਪਾਇਆ ਜਾ ਰਹੀਆ ਹਨ, ਜਿਸ ਨਾਲ ਚੋਣ ਦੀ ਪਾਰਦਰਸ਼ਤਾ ਪ੍ਰਭਾਵਿਤ ਹੋਈ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਯਾਦਵਿੰਦਰ ਸਿੰਘ ਅਤੇ ਬੱਸ ਅੱਡਾ ਚੌਕੀ ਇੰਚਾਰਜ ਜਸਕਰਨ ਸਿੰਘ ਦੀ ਟੀਮ ਵਲੋਂ ਮੌਕੇ ਦੀ ਸਥਿਤੀ 'ਤੇ ਕਾਬੂ ਪਾਇਆ ਅਤੇ ਉਮੀਦਵਾਰਾਂ ਨੂੰ ਸ਼ਾਂਤ ਕਰਵਾਇਆ | ਗੁਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਵਾਰਡ ਨੰਬਰ 23 'ਚ ਜਾਣ-ਬੁੱਝ ਕੇ ਕਈ ਲੋਕਾਂ ਦੀਆਂ ਵੋਟਾਂ ਪਾਈਆ ਜਾ ਰਹੀਆਂ ਹਨ, ਵੋਟ ਪਾਉਣ ਆਉਣ ਵਾਲੇ ਵਿਅਕਤੀ ਨੂੰ ਪਤਾ ਲੱਗਦਾ ਹੈ, ਕਿ ਉਸ ਦੀ ਵੋਟ ਕੋਈ ਹੋਰ ਵਿਅਕਤੀ ਪਾ ਗਿਆ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੋਲਿੰਗ ਬੂਥ ਉੱਪਰ ਬੈਠ ਕੇ ਜਾਅਲੀ ਵੋਟਾਂ ਪਾਉਣ ਵਾਲੇ ਅਫ਼ਸਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਵਲੋਂ ਜਾਣ-ਬੁੱਝ ਕੇ ਮਾਹੌਲ ਨੂੰ ਭੜਕਾਇਆ ਗਿਆ ਸੀ, ਪਰ ਜਦੋਂ ਉਮੀਦਵਾਰਾਂ ਨੂੰ ਪੋਲਿੰਗ ਵਾਲੀ ਥਾਂ ਉਪਰ ਉਨ੍ਹਾਂ ਦੇ ਬੈਠੇ ਏਜੰਟ ਨਾਲ ਗੱੱਲ ਕਰਵਾਈ ਗਈ ਤਾਂ ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਵੋਟਿੰਗ ਸ਼ਾਂਤ ਪੂਰਵਕ ਹੋ ਰਹੀ ਹੈ | ਇਸ ਨਾਲ ਮਾਮਲਾ ਸ਼ਾਂਤ ਹੋ ਗਿਆ |
ਵਾਰਡ ਨੰਬਰ 23 'ਚ ਜਾਅਲੀ ਵੋਟਾਂ ਪਵਾਉਣ ਦੇ ਦੋਸ਼, ਉਮੀਦਵਾਰਾਂ ਵਲੋਂ ਪੋਿਲੰਗ ਬੂਥ ਦੇ ਬਾਹਰ ਕੀਤੀ ਨਾਅਰੇਬਾਜ਼ੀ <br/>
ਅਜੀਤ ਡੈਸਕ
27-05-2026