25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ਹਿਰੀ ਚੋਣਾਂ ਤੋਂ ਬਾਅਦ ਜਨਤਕ ਨਜ਼ਰਾਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੋਣ 'ਤੇ ਟਿਕੀਆਂ <br/>

Ad Position 21
No active advertisement
ਅਜੀਤ ਡੈਸਕ 03-06-2026
ਨਥਾਣਾ, 2 ਜੂਨ (ਗੁਰਦਰਸ਼ਨ ਲੁੱਧੜ)- ਜ਼ਿਲੇ੍ਹ ਵਿਚ ਸ਼ਹਿਰੀ ਚੋਣਾਂ ਲਈ ਵੋਟਰਾਂ ਵਲੋਂ ਦਿੱਤੇ ਗਏ ਫ਼ਤਵੇ ਅਤੇ ਵੱਖ-ਵੱਖ ਸ਼ਹਿਰਾਂ ਲਈ ਪ੍ਰਤੀਨਿਧਤਾਵਾਂ ਦੇ ਰਾਖਵੇਂਕਰਨ ਦਾ ਅਮਲ ਅਜੇ ਕੁਝ ਸਮਾਂ ਲੈ ਸਕਦਾ ਹੈ, ਜਿਸ ਕਰਕੇ ਜਨਤਕ ਨਜ਼ਰਾਂ ਪਹਿਲਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਾਂ 'ਚੋਂ ਇਸੇ ਮਹੀਨੇ ਹੋਣ ਵਾਲੀ ਚੇਅਰਮੈਨ ਦੀ ਚੋਣ 'ਤੇ ਕੇਂਦਰਿਤ ਹੋਈਆਂ ਹਨ | ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਕੁੱਲ 17 ਜ਼ੋਨਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੀ 13 ਜ਼ੋਨਾਂ 'ਤੇ ਅਤੇ 'ਆਪ' ਦੀ ਸਿਰਫ਼ 4 ਜ਼ੋਨਾਂ 'ਤੇ ਜਿੱਤ ਹਾਸਿਲ ਹੋਈ ਹੈ, ਜਦੋਂ ਕਿ ਕਾਂਗਰਸ ਦਾ ਇੱਥੇ ਖਾਤਾ ਵੀ ਨਹੀਂ ਖੁੱਲ੍ਹ ਸਕਿਆ | ਅਕਾਲੀ ਦਲ ਸਫ਼ਾਂ ਵਿਚ ਹੌਸਲਾ ਹੈ ਕਿ ਐਮ.ਪੀ ਹਰਸਿਮਰਤ ਕੌਰ ਬਾਦਲ ਦੀ ਵੋਟ ਜਿੱਥੇ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵਿਚ ਹੋਰ ਵਾਧਾ ਕਰਦੀ ਹੈ, ਉੱਥੇ ਚੇਅਰਮੈਨ ਦੀ ਚੋਣ ਨੂੰ ਹੁਕਮਰਾਨ ਧਿਰ ਵਲੋਂ ਪ੍ਰਭਾਵਿਤ ਕਰਨ ਦੇ ਕਿਸੇ ਸੰਭਾਵੀ ਪੈਂਤੜੇ ਦਾ ਟਾਕਰਾ ਕਰਨ ਦਾ ਵੀ ਸਰੋਤ ਬਣੇਗੀ | ਸਰਕਾਰ ਵਲੋਂ ਚੇਅਰਮੈਨ ਦੀ ਚੋਣ ਦੇ ਰਾਖਵੇਂ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਉਪਰੰਤ ਚੇਅਰਮੈਨ ਦੀ ਅਸਾਮੀ ਐਸ.ਸੀ ਪੁਰਸ਼ ਲਈ ਰਾਖਵੀਂ ਹੋਈ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਤਕੀਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਚੋਣ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਵੇਗੀ, ਜਿਵੇਂ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੋਣ ਜਿੱਤੇ ਸਾਰੇ ਉਮੀਦਵਾਰਾਂ ਦੀ ਜਿੱਤ ਦੀ ਲੀਡ ਨੂੰ ਵਿਸ਼ੇਸ਼ ਤੌਰ 'ਤੇ ਮੈਰਿਟ ਵਜੋਂ ਵਿਚਾਰਿਆ ਜਾ ਸਕਦਾ ਹੈ | ਪਾਰਟੀ ਵਲੋਂ ਜਿੱਥੇ ਸ਼ਹਿਰਾਂ ਵਿਚ ਹਿੰਦੂ ਚਿਹਰਿਆਂ ਨੂੰ ਨਾਲ ਜੋੜਨ ਲਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਪੰਥਕ ਏਜੰਡੇ ਤਹਿਤ ਪਿੰਡਾਂ ਵਿਚ ਸਿੱਖੀ ਨਾਲ ਜੁੜੀ ਵੋਟ ਨੂੰ ਨਾਲ ਰੱਖਣ ਲਈ ਵਿਸ਼ੇਸ਼ ਧਿਆਨ ਰੱਖੇ ਜਾਣ ਦੀ ਸੰਭਾਵਨਾ ਹੈ | ਜਿਸ ਕਰਕੇ ਕਿਸੇ ਪੰਥਕ ਦਿੱਖ ਵਾਲੇ ਉਮੀਦਵਾਰ 'ਤੇ ਵੀ ਇਸ ਅਹੁਦੇ ਲਈ ਗੁਣਾ ਪੈ ਸਕਦਾ ਹੈ | ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਵਿਚਾਰਿਆ ਜਾਵੇਗਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਸਰਕਾਰ ਹੁੰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਕੰਮ ਕਾਜ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਕਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਧੇਰੇ ਕਾਰਗਰ ਹੋ ਸਕਦਾ ਹੈ | ਅਜਿਹਾ ਹੋਣ ਕਰਕੇ ਸਰਕਾਰੀ ਤੰਤਰ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰ ਦੀ ਯੋਗਤਾ ਦਾ ਮੁੱਲ ਵੀ ਪੈ ਸਕਦਾ ਹੈ | ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਪਾਸ ਤਿੰਨ ਪੁਰਸ਼ ਉਮੀਦਵਾਰ ਸਵਰਨ ਸਿੰਘ (ਜੋਨ ਪੂਹਲਾ), ਬੂਟਾ ਸਿੰਘ (ਜੋਨ ਸੀਂਗੋ) ਅਤੇ ਸੁਖਪਾਲ ਸਿੰਘ (ਜੋਨ ਸਿਰੀਏ ਵਾਲਾ) ਹਨ | ਮਨਜੀਤ ਕੌਰ (ਜੋਨ ਬਾਂਡੀ) ਅਤੇ ਬਲਜੀਤ ਕੌਰ ਦੋ ਔਰਤ ਚਿਹਰੇ ਵੀ ਹਨ, ਪਰ ਐਤਕੀਂ ਪੁਰਸ਼ ਮੈਂਬਰ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਣੇ ਜਾਣ ਦੀ ਸੰਭਾਵਨਾ ਵਧੇਰੇ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਪਿਛਲੀ ਸਰਕਾਰ ਦੌਰਾਨ ਐਸ.ਸੀ ਰਾਖਵਾਂ ਚੇਅਰਮੈਨ ਸਮੇਂ ਔਰਤ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਬਣਾ ਚੁੱਕਾ ਹੈ | ਜੇਕਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਠਿੰਡਾ ਦੀ ਚੋਣ ਸਮੇਂ ਵੱਖ-ਵੱਖ ਪਹਿਲੂਆਂ ਤੋਂ ਮੈਰਿਟ ਨੂੰ ਵਿਚਾਰਿਆ ਗਿਆ ਤਾਂ ਪਾਰਟੀ ਨੂੰ ਵਿਧਾਨ ਸਭਾ ਚੋਣਾਂ 2027 ਮੌਕੇ ਉਮੀਦਵਾਰਾਂ ਦੀ ਚੋਣ ਕਰਨੀ ਵੀ ਆਸਾਨ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੇ ਬੂਥ ਲੇਵਲ ਏਜੰਟਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਹਾਰੇ ਕੌਂਸਲਰਾਂ ਨੂੰ ਮਾਣ ਸਨਮਾਨ ਦੇਣ ਦਾ ਭਰੋਸਾ
Ad Position 24