ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ)- ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸੇਵਾ ਕੇਂਦਰ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਸੰਗਰੂਰ ਦੇ ਬਾਜ਼ਾਰਾਂ 'ਚ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੇ ਮੁੱਖ ਲਾਲ ਬੱਤੀ ਚੌਂਕ 'ਚ ਮੁਜ਼ਾਹਰਾ ਕਰ ਕੇ ਆਪਣੀਆਂ ਮੰਗਾਂ ਸਬੰਧੀ ਸੰਗਰੂਰ ਦੇ ਲੋਕਾਂ ਨੂੰ ਵੀ ਜਾਣੂ ਕਰਵਾਉਣ ਦਾ ਯਤਨ ਕੀਤਾ | ਪ੍ਰਧਾਨ ਬਲਜਿੰਦਰ ਸਿੰਘ ਮਾਝਾ ਦੀ ਅਗਵਾਈ ਹੇਠ ਲਾਲ ਬੱਤੀ ਚੌਂਕ 'ਚ ਕੀਤੇ ਇਸ ਪ੍ਰਦਰਸ਼ਨ ਕਾਰਨ ਆਵਾਜਾਈ ਵੀ ਬੇਹੱਦ ਪ੍ਰਭਾਵਿਤ ਹੋਈ ਅਤੇ ਅਤਿ ਦੀ ਗਰਮੀ ਕਾਰਨ ਬੱਸ ਅੱਡੇ ਤੋਂ ਬਾਹਰ ਆਉਂਦੀਆਂ ਬੱਸਾਂ ਦੇ ਮੁਸਾਫ਼ਿਰਾਂ ਨੂੰ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਮੀਤ ਪ੍ਰਧਾਨ ਮਨਦੀਪ ਸਿੰਘ, ਮੋਹਿਨੀ ਸ਼ਰਮਾ, ਸਰਪ੍ਰਸਤ ਦਮਨਜੀਤ ਸੋਢੀ, ਗੁਰਸੇਵਕ ਸਿੰਘ, ਗੁਰਿੰਦਰਪਾਲ ਸਿੰਘ, ਜਤਿੰਦਰ ਲੌਂਗੋਵਾਲ, ਤਰਸੇਮ ਸਿੰਘ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਮੁਲਾਜ਼ਮ ਪਿਛਲੇ ਦਸ ਸਾਲਾਂ ਤੋਂ 10 ਹਜਾਰ ਦੀਆਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ, ਜੋ ਅਜੋਕੇ ਮਹਿੰਗਾਈ ਦੇ ਯੁੱਗ 'ਚ ਬੇਹੱਦ ਘੱਟ ਹੈ | ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ ਅਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ |