ਭੁੱਚੋ ਕੈਂਚੀਆਂ ਸੜਕ ਮੁੜ ਚਾਲੂ ਹੋਣ ਨਾਲ ਮੰਡੀ ਅਤੇ ਇਲਾਕਾ ਵਾਸੀਆਂ ’ਚ ਖੁਸ਼ੀ
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਭੁੱਚੋ ਕੈਂਚੀਆਂ ਸੜਕ ਦੇ ਮੁੜ ਚਾਲੂ ਹੋਣ ਨਾਲ ਮੰਡੀ ਅਤੇ ਇਲਾਕਾ ਵਾਸੀਆਂ ਨੇ ‘ਸੁੱਖ ਦਾ ਸਾਹ’ ਲਿਆ ਹੈ। ਇਸ ਸੜਕ ਤੋਂ ਹਾਲ ਦੀ ਘੜੀ ਦੋ ਪਹੀਆ ਅਤੇ ਚਾਰ ਪਹੀਆ ਹਲਕੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਭਾਰੀ ਵਾਹਨਾਂ ਲਈ ਅਜੇ ਇਸ ਸੜਕ ‘ਤੇ ਜਾਣ ਦੀ ਮਨਾਹੀ ਹੈ।
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਭੁੱਚੋ ਕੈਂਚੀਆਂ ਸੜਕ ਦੇ ਮੁੜ ਚਾਲੂ ਹੋਣ ਨਾਲ ਮੰਡੀ ਅਤੇ ਇਲਾਕਾ ਵਾਸੀਆਂ ਨੇ ‘ਸੁੱਖ ਦਾ ਸਾਹ’ ਲਿਆ ਹੈ। ਇਸ ਸੜਕ ਤੋਂ ਹਾਲ ਦੀ ਘੜੀ ਦੋ ਪਹੀਆ ਅਤੇ ਚਾਰ ਪਹੀਆ ਹਲਕੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਭਾਰੀ ਵਾਹਨਾਂ ਲਈ ਅਜੇ ਇਸ ਸੜਕ ‘ਤੇ ਜਾਣ ਦੀ ਮਨਾਹੀ ਹੈ। ਭੁੱਚੋ ਕੈਂਚੀਆਂ ਕਰੀਬ ਡੇਢ ਕਿੱਲੋਮੀਟਰ ਸੜਕ ਭੁੱਚੋ ਮੰਡੀ ਨੂੰ ਆਉਣ-ਜਾਣ ਲਈ ਮੁੱਖ ਰਸਤਾ ਹੈ। ਇਹ ਸੜਕ ਮੁੜ ਨਿਰਮਾਣ ਲਈ ਕਰੀਬ 2 ਮਹੀਨਿਆਂ ਤੋਂ ਪੁੱਟੀ ਹੋਈ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੰਡੀ ਦੇ ਕਾਫੀ ਕਾਰੋਬਾਰਾਂ ‘ਤੇ ਮਾੜਾ ਅਸਰ ਪਿਆ ਸੀ। ਖ਼ਾਸ ਕਰਕੇ ਉਹ ਦੁਕਾਨਾਂ ਜੋ ਇਸ ਸੜਕ ਦੇ ਦੋਵੇਂ ਪਾਸੇ ਮੌਜੂਦ ਹਨ, ਦੇ ਕਾਰੋਬਾਰ ਤਾਂ ਠੱਪ ਹੀ ਹੋ ਕੇ ਰਹਿ ਗਏ ਸਨ। ਜ਼ਿਕਰਯੋਗ ਹੈ ਕਿ ਇਹ ਸੜਕ ਥਾਂ-ਥਾਂ ਤੋਂ ਟੁੱਟਣ ਕਰਕੇ ਵੱਡੇ ਖੱਡੇ ਬਣ ਗਏ ਸਨ, ਕਾਰਨ ਸਮੇਂ ਅਤੇ ਮਸ਼ੀਨਰੀ ਦਾ ਕਾਫੀ ਨੁਕਸਾਨ ਹੋ ਰਿਹਾ ਸੀ। ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਇਸ ਸੜਕ ਦੇ ਮੁੜ ਨਿਰਮਾਣ ਸਬੰਧੀ ਸਰਕਾਰ ਤੋਂ ਮਨਜ਼ੂਰੀ ਅਤੇ ਗ੍ਰਾਂਟ ਲਿਆਂਦੀ ਗਈ ਸੀ। ਸੜਕ ‘ਤੇ ਪਾਣੀ ਖੜ੍ਹਦਾ ਹੋਣ ਕਰਕੇ ਇਸ ਦਾ 600 ਮੀਟਰ ਹਿੱਸਾ ਕੰਕਰੀਟ ਦਾ ਬਣਾਇਆ ਜਾਣਾ ਸੀ। ਸੜਕ ਦੇ ਦੋਨੋਂ ਪਾਸੇ ਬਰਾਬਰ ਪੱਧਰ ‘ਤੇ 5/5 ਫੁੱਟ ਇੰਟਰਲਾਕ ਟਾਈਲਾਂ ਲਾਉਣ ਦੀ ਵੀ ਤਜਵੀਜ਼ ਸੀ। ਠੇਕੇਦਾਰ ਵਲੋਂ ਸੜਕ ਪੁੱਟ ਤਾਂ ਲਈ ਗਈ, ਪ੍ਰੰਤੂ ਇਸ ਦਾ ਵੱਡੀ ਪੱਧਰ ‘ਤੇ ਮਲਬਾ ਚੁੱਕਣਾ ਅਤੇ ਦੂਰ ਸੁੱਟਣਾ ਵੱਡੀ ਮੁਸੀਬਤ ਬਣ ਗਈ ਸੀ। ਇਸੇ ਦੌਰਾਨ ਮੀਂਹਾਂ ਦੀ ਰੁੱਤ ਆ ਗਈ। ਪਾਣੀ ਭਰਨ ਕਾਰਨ ਸੜਕ ਦਾ ਕੰਮ ਸ਼ੁਰੂ ਨਹੀਂ ਸੀ ਹੋ ਸਕਦਾ। ਰਾਹਗੀਰਾਂ ਨੂੰ ਆਉਣ-ਜਾਣ ਲਈ ਦਸਮੇਸ਼ ਨਗਰ, ਲਵੇਰੀਸਰ ਗੁਰਦੁਆਰਾ ਰੋਡ ਅਤੇ ਲਹਿਰਾ ਬੇਗਾ ਰੋਡ ਦੀ ਵਰਤੋਂ ਕਰਨੀ ਪੈਂਦੀ ਸੀ।