25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਿਸਾਨ ਮੇਲੇ ’ਚ ਕਿਸਾਨਾਂ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ 72 ਲੱਖ ਰੁਪਏ ਦੇ ਬੀਜਾਂ ਦੀ ਖ਼ਰੀਦ

ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ.

Ad Position 21
No active advertisement
ਬਠਿੰਡਾ ਕਿਸਾਨ ਮੇਲੇ ਵਿਚ ਖੇਤੀਬਾੜੀ ਮੰਤਰੀ ਅਤੇ ਖੇਤੀ ਮਾਹਿਰਾਂ ਦੇ ਵਿਚਾਰ ਸੁਣਨ ਲਈ ਜੁੜੇ ਕਿਸਾਨ। ਤਸਵੀਰ : ਲਵਲੀ 26-09-2026
ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਲੋਂ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿਚ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪੀ.ਏ.ਯੂ. ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮੋਹਨ ਸਿੰਘ ਜਾਖੜ ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ. ਕਰਮਜੀਤ ਸਿੰਘ ਸੇਖੋਂ ਤੇ ਯੂਨੀਵਰਸਿਟੀ ਦੇ ਉਚ-ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ। ਇਸ ਦੌਰਾਨ ਕਿਸਾਨਾਂ ਵਲੋਂ ਹਾੜ੍ਹੀ ਦੀਆਂ ਵੱਖ-ਵੱਖ ਫ਼ਸਲਾਂ ਦੇ 72 ਲੱਖ ਰੁਪਏ ਦੇ ਬੀਜਾਂ ਦੀ ਖ਼ਰੀਦ ਕੀਤੀ ਗਈ, ਜਦਕਿ ਯੂਨੀਵਰਸਿਟੀ ਵਲੋਂ ਤਿਆਰੀ ਕੀਤੀ ਗਈ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ-887 ਦੇ ਬੀਜ ਦੀ 50 ਲੱਖ ਰੁਪਏ ਦੀ ਵਿਕਰੀ ਹੋਈ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਨਰਮਾ-ਕਪਾਹ ਬੀਜਣ ਤੇ ਆਮਦਨ ਵਧਾਉਣ ਲਈ ਖੇਤੀ ਦੇ ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਵੀ ਲੋੜ ਹੈ। ਉਨ੍ਹਾਂ ਪੰਜਾਬ ਵਲੋਂ ਦੇਸ਼ ਦੇ ਅਨਾਜ ਭੰਡਾਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੂਬਾ ਕੇਂਦਰੀ ਪੂਲ ਲਈ ਦੇਸ਼ ਦੇ ਕੁਲ ਝੋਨੇ ਦਾ ਲਗਭਗ 40 ਫ਼ੀਸਦੀ ਅਤੇ ਕਣਕ ਦਾ 25 ਫ਼ੀਸਦੀ ਹਿੱਸਾ ਮੁਹੱਈਆ ਕਰਵਾਉਂਦਾ ਹੈ ਤੇ ਇਹ ਪ੍ਰਾਪਤੀ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਤੇ ਵਿਗਿਆਨੀਆਂ ਦੀ ਖੋਜ ਕਾਰਨ ਹੀ ਸੰਭਵ ਹੋ ਸਕੀ ਹੈ। ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਫ਼ਸਲਾਂ ਦੇ ਝਾੜ ਤੇ ਗੁਣਵੱਤਾ ਵਿਚ ਸੁਧਾਰ ਲਈ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਨਾਲ-ਨਾਲ ਪ੍ਰਚਲਿਤ ਕਿਸਮਾਂ ਵਿਚ ਵੀ ਲੋੜ ਅਨੁਸਾਰ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਪਰਾਲੀ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਇਸ ਨੂੰ ਇਕ ਚੁਣੌਤੀ ਦੀ ਬਜਾਏ ਇਸ ਦੀ ਉਪਯੋਗਤਾ ਨੂੰ ਸਮਝਦਿਆਂ ਇਕ ਖੇਤੀ ਸਰੋਤ ਵਜੋਂ ਵਰਤਣ ਵੱਲ ਧਿਆਨ ਦੇਣ ਦੀ ਲੋੜ ਹੈ। ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਹੁਣ ਤੱਕ 995 ਕਿਸਮਾਂ ਤਿਆਰ ਕਰਕੇ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਨੂੰ ਰਾਸ਼ਟਰੀ ਪੱਧਰ ’ਤੇ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਪਿਛਲੇ ਛੇ ਮਹੀਨਿਆਂ ਦੌਰਾਨ ਤਿਆਰ ਕੀਤੀਆਂ ਨਵੀਂਆਂ ਸਿਫ਼ਾਰਸ਼ੀ ਕਿਸਮਾਂ ਕਣਕ ਪੀ.ਬੀ.ਡਬਲਯੂ. 887 ਤੇ ਪੀ.ਬੀ.ਡਬਲਯੂ. 927, ਮਸਰ ਐਲ.ਐਲ. 1613, ਸਰ੍ਹੋਂ ਪੰਜਾਬ ਰਾਇਆ ਕਨੋਲਾ-7 ਤੇ ਪੰਜਾਬ ਰਾਇਆ 813, ਹਾੜ੍ਹ ਬਰਸੀਮ ਬੀ.ਐਲ. 45, ਮਟਰ ਅਗੇਤਾ 8, ਆਲੂ, ਪਿਆਜ਼ ਤੇ ਲਸਣ ਦੀਆਂ ਨਵੀਆਂ ਕਿਸਮਾਂ, ਖ਼ਰਬੂਜ਼ੇ ਦੀ ਪੰਜਾਬ ਅੰਮ੍ਰਿਤ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਇੰਸਟੀਚਿਊਟ ਆਫ਼ ਐਗਰੀਕਲਚਰ ਬਠਿੰਡਾ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ, ਜਸਮੀਤ ਕੌਰ, ਪੁਸ਼ਪਿੰਦਰ ਕੌਰ ਵਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਤਕਨੀਕੀ ਸੈਸ਼ਨ ਦੌਰਾਨ ਸਵਾਲ-ਜਵਾਬ ਦਾ ਦੌਰ ਵੀ ਚੱਲਿਆ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਰੇਲਗੱਡੀ ਤੋਂ ਡਿੱਗ ਕੇ ਮੌਤ ਅਗਲੀ ਖ਼ਬਰ ਨਗਰ ਨਿਗਮ ਦੇ ਜਨਰਲ ਹਾਊਸ ਵਿਚ 100 ਕਰੋੜ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ
Ad Position 24