‘ਬਾਬੇ ਘਸੀਟੇ ਦੀ ਨਾਟਕ ਮੰਡਲੀ’ ਦੇ ਮੰਚਨ ਨੇ ਦਰਸ਼ਕਾਂ ਨੂੰ ਹਸਾਇਆ ਅਤੇ ਕਲਪਨਾ ਦੀ ਦੁਨੀਆ ’ਚ ਪਹੁੰਚਾਇਆ
ਬਠਿੰਡਾ , 2 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਨਾਟਿਅਮ ਦੇ 15 ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਪੰਜਵੇਂ ਦਿਨ ਦੀ ਰਾਤ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਗਰੁੱਪ ਵਲੋਂ ਡਾ . ਅਦੀਸ਼ ਕੁਮਾਰ ਵਰਮਾ ਦੇ ਨਿਰਦੇਸ਼ਨ ਹੇਠ ਨਾਟਕ ‘ ਬਾਬੇ ਘਸੀਟੇ ਦੀ ਨਾਟਕ ਮੰਡਲੀ ’ ਪੇਸ਼ ਕੀਤਾ ਗਿਆ , ਜਿਸ ਨੇ ਦਰਸ਼ਕਾਂ ਨੂੰ ਹਾਸੇ , ਮਨੋਰੰਜਨ ਅਤੇ ਕਲਪਨਾ ਨਾਲ ਭਰਪੂਰ ਰੰਗਮੰਚੀ ਅਨੁਭਵ ਪ੍ਰਦਾਨ ਕੀਤਾ ।
ਬਠਿੰਡਾ , 2 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਨਾਟਿਅਮ ਦੇ 15 ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਪੰਜਵੇਂ ਦਿਨ ਦੀ ਰਾਤ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਗਰੁੱਪ ਵਲੋਂ ਡਾ . ਅਦੀਸ਼ ਕੁਮਾਰ ਵਰਮਾ ਦੇ ਨਿਰਦੇਸ਼ਨ ਹੇਠ ਨਾਟਕ ‘ ਬਾਬੇ ਘਸੀਟੇ ਦੀ ਨਾਟਕ ਮੰਡਲੀ ’ ਪੇਸ਼ ਕੀਤਾ ਗਿਆ , ਜਿਸ ਨੇ ਦਰਸ਼ਕਾਂ ਨੂੰ ਹਾਸੇ , ਮਨੋਰੰਜਨ ਅਤੇ ਕਲਪਨਾ ਨਾਲ ਭਰਪੂਰ ਰੰਗਮੰਚੀ ਅਨੁਭਵ ਪ੍ਰਦਾਨ ਕੀਤਾ । ਮੂਲ ਰੂਪ ਵਿਚ ਇਹ ਨਾਟਕ ਵਿਲੀਅਮ ਸ਼ੈਕਸਪੀਅਰ ਦੇ ਪ੍ਰਸਿੱਧ ਅੰਗਰੇਜ਼ੀ ਨਾਟਕ ‘ ਏ ਮਿਡਸਮਰ ਨਾਈਟਸ ਡ੍ਰੀਮ ’ ਦੀ ਕਥਾ ‘ ਤੇ ਆਧਾਰਿਤ ਹੈ , ਜਿਸ ਨੂੰ ਪੰਜਾਬੀ ਲੋਕ - ਰੰਗਮੰਚ ਦੇ ਰੰਗ ਅਤੇ ਦੇਸੀ ਮੁਹਾਵਰੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਦਾ ਰੂਪਾਂਤਰਣ ਈਸ਼ਵਰ ਚੰਦਰ ਨੰਦਾ ਨੇ ਕੀਤਾ ਹੈ । ਨਾਟਕ ਦੀ ਕਹਾਣੀ ਪਿਆਰ , ਭਰਮ , ਗ਼ਲਤਫ਼ਹਿਮੀਆਂ ਅਤੇ ਜਾਦੂਈ ਘਟਨਾਵਾਂ ਦੇ ਆਲੇ - ਦੁਆਲੇ ਘੁੰਮਦੀ ਹੈ । ਪਾਤਰਾਂ ਦੇ ਆਪਸੀ ਟਕਰਾਅ ਅਤੇ ਬਦਲਦੇ ਰਿਸ਼ਤੇ ਕਈ ਅਜਿਹੀਆਂ ਹਾਸੇ ਭਰੀਆਂ ਸਥਿਤੀਆਂ ਪੈਦਾ ਕਰਦੇ ਹਨ , ਜਿਨ੍ਹਾਂ ਨਾਲ ਦਰਸ਼ਕ ਸ਼ੁਰੂ ਤੋਂ ਅੰਤ ਤੱਕ ਜੁੜੇ ਰਹਿੰਦੇ ਹਨ । ਇਸ ਤੋਂ ਪਹਿਲਾਂ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਨਾਟਕ ਦਾ ਆਰੰਭ ਮੁੱਖ ਮਹਿਮਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ . ਪਰਮਜੀਤ ਸਿੰਘ , ਡਾਇਰੈਕਟਰ ਹਰਜੋਤ ਸਿੰਘ ਸਿੱਧੂ , ਪ੍ਰਸਿੱਧ ਲੇਖਕ ਅਤੇ ਆਲੋਚਕ ਕੁਲਦੀਪ ਸਿੰਘ ਦੀਪ , ਸਾਗਾ ਦੇ ਐੱਮਡੀ ਅਨੀਸ਼ ਗੁਪਤਾ ਅਤੇ ਸੀਏ ਵਿਜੈ ਰਾਜ ਜਿੰਦਲ ਨੇ ਸਾਂਝੇ ਤੌਰ ‘ ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ । ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਪਹੁੰਚੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ । ਇਸ ਮੌਕੇ ਨਾਟਿਅਮ ਦੇ ਮੁੱਖ ਸਰਪ੍ਰਸਤ ਡਾ . ਕਸ਼ਿਸ਼ ਗੁਪਤਾ , ਸਰਪ੍ਰਸਤ ਸੁਦਰਸ਼ਨ ਗੁਪਤਾ , ਪ੍ਰਧਾਨ ਸੁਰਿੰਦਰ ਕੌਰ ਅਤੇ ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਵੀ ਮੌਜੂਦ ਸਨ ।