ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਭੁੱਚੋ ਮੰਡੀ, 20 ਅਕਤੂਬਰ (ਬਿੱਕਰ ਸਿੰਘ ਸਿੱਧੂ)-ਖੇਤੀਬਾੜੀ ਅਫ਼ਸਰ ਡਾ: ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸੀ. ਆਰ.
ਭੁੱਚੋ ਮੰਡੀ, 20 ਅਕਤੂਬਰ (ਬਿੱਕਰ ਸਿੰਘ ਸਿੱਧੂ)-ਖੇਤੀਬਾੜੀ ਅਫ਼ਸਰ ਡਾ: ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸੀ. ਆਰ. ਐਮ. ਦੇ ਆਈ. ਈ. ਸੀ. ਮੱਧ ਅਧੀਨ ਪਿੰਡ ਭੁੱਚੋ ਖੁਰਦ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਥਾਣਾ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਵਿਚਲੇ ਖੁਰਾਕੀ ਤੱਤ ਅਤੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਸਿਹਤ ਵਿਗੜਦੀ ਹੈ, ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੇ ਖੇਤ ਵਿੱਚ ਹੀ ਪਰਾਲੀ ਸਾਂਭਣ ਲਈ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ ਅਤੇ ਉਲਟਾਵੇਂ ਹਲ ਦੀ ਵਰਤੋਂ ਅਤੇ ਸਰਫੇਸ ਸੀਡਿੰਗ ਤਕਨੀਕ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਆਪਣੀ ਮਸ਼ੀਨਰੀ ਨਹੀਂ ਹੈ, ਉਹ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਤੋਂ ਕਿਰਾਏ ’ਤੇ ਮਸ਼ੀਨਾਂ ਲੈ ਸਕਦੇ ਹਨ। ਹਾੜ੍ਹੀ ਸੀਜ਼ਨ ਦੀ ਤਿਆਰੀ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਹੀ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸਮੇਂ ਸਿਰ ਬਿਜਾਈ, 40 ਕਿਲੋ ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣ ਉੱਤੇ ਜ਼ੋਰ ਦਿੱਤਾ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕੀਤੇ ਜਾਣ ਦੀ ਸਲਾਹ ਦਿੱਤੀ ਅਤੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਜਾਂ ਐਨ.ਪੀ.ਕੇ. (12:32:16) ਵਰਗੀਆਂ ਬਦਲਵੀਆਂ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਖੇਤ ਵਿੱਚ ਰਲਾ ਕੇ ਬੀਜੀ ਕਣਕ ਦਾ ਝਾੜ ਘਟਦਾ ਨਹੀਂ ਸਗੋਂ ਕੁਝ ਸਾਲਾਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਕਿਸਾਨ ਆਈ.ਡੀ. (ਫਾਰਮਰ ਰਜਿਸਟਰੀ) ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਈ.ਡੀ. ਕਿਸਾਨ ਦੇ ਆਧਾਰ ਕਾਰਡ ਅਤੇ ਜ਼ਮੀਨ ਦੇ ਰਿਕਾਰਡ ਨਾਲ ਜੁੜੀ ਇੱਕ ਵਿਲੱਖਣ ਪਛਾਣ ਹੈ, ਜਿਸ ਰਾਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮੇਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਸੌਖੇ ਤਰੀਕੇ ਨਾਲ ਲਿਆ ਜਾ ਸਕੇਗਾ। ਕੈਂਪ ਵਿੱਚ ਕਲੱਸਟਰ ਅਫ਼ਸਰ ਦਿਵਾਂਸ਼ੂ ਗਰਗ ਅਤੇ ਨੋਡਲ ਅਫ਼ਸਰ ਜਸ਼ਨਜੋਤ ਸਿੰਘ ਨੇ ਵੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾ ਕਣਕ ਦੀ ਬਿਜਾਈ ਕਰਨ ਦੀ ਅਪੀਲ ਕੀਤੀ।