05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੋ ਮਹੀਨਿਆਂ ਬਾਅਦ ਮੁੜ ਮਹਿੰਗੀ ਹੋਈ ਐੱਨ.ਪੀ.ਕੇ. ਖਾਦ, 500 ਰੁਪਏ ਪ੍ਰਤੀ ਕੁਇੰਟਲ ਵਧਿਆ ਭਾਅ

ਬਠਿੰਡਾ, 5 ਨਵੰਬਰ ( ਸੱਤਪਾਲ ਸਿੰਘ ਸਿਵੀਆਂ)– ਖਾਦ ਕੰਪਨੀਆਂ ਵਲੋਂ ਐੱਨ. ਪੀ.

Ad Position 21
No active advertisement
ਅਜੀਤ ਡੈਸਕ 06-11-2026
ਬਠਿੰਡਾ, 5 ਨਵੰਬਰ ( ਸੱਤਪਾਲ ਸਿੰਘ ਸਿਵੀਆਂ)– ਖਾਦ ਕੰਪਨੀਆਂ ਵਲੋਂ ਐੱਨ.ਪੀ.ਕੇ. ਖਾਦ ਦੀਆਂ ਕੀਮਤਾਂ ਵਿਚ ਮੁੜ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਗਿਆ ਹੈ। ਦੋ ਮਹੀਨਿਆਂ ਦੇ ਅਰਸੇ ਦੌਰਾਨ ਦੂਜੀ ਵਾਰ ਹੋਏ ਇਸ ਵਾਧੇ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ’ਤੇ ਆਰਥਿਕ ਬੋਝ ਹੋਰ ਵਧ ਗਿਆ ਹੈ। ਐੱਨ.ਪੀ.ਕੇ. 12:32:16 ਗਰੇਡ ਦੀ 50 ਕਿੱਲੋ ਦੀ ਬੋਰੀ ਦੀ ਕੀਮਤ ਅਗਸਤ ਮਹੀਨੇ ਵਿਚ 2250 ਰੁਪਏ ਸੀ, ਜੋ ਚਾਲੂ ਨਵੰਬਰ ਮਹੀਨੇ ਵਿਚ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ। ਅਗਸਤ ਮਹੀਨੇ ਵਿਚ ਵੀ ਖਾਦ ਕੰਪਨੀਆਂ ਵਲੋਂ ਪਿਛਲੇ ਸਾਲ 2025 ਦੇ ਮੁਕਾਬਲੇ ਐੱਨ.ਪੀ.ਕੇ. ਖਾਦ ਦੀ ਕੀਮਤ ਵਿਚ ਪ੍ਰਤੀ ਕੁਇੰਟਲ 1100 ਰੁਪਏ ਦਾ ਵਾਧਾ ਕੀਤਾ ਗਿਆ ਸੀ। ਹੁਣ ਦੋ ਮਹੀਨਿਆਂ ਬਾਅਦ ਮੁੜ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਥੋੜ੍ਹੇ ਸਮੇਂ ਅੰਦਰ ਖਾਦ ਦੀਆਂ ਕੀਮਤਾਂ ਵਿਚ ਹੋਏ ਲਗਾਤਾਰ ਵਾਧੇ ਨੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਵਿਚ ਹੋਰ ਇਜ਼ਾਫਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਦੇਸ਼ ਦੇ ਕਿਸਾਨਾਂ ਵਲੋਂ ਡੀ.ਏ.ਪੀ. ਦੇ ਮੁਕਾਬਲੇ ਐੱਨ.ਪੀ.ਕੇ. ਖਾਦ ਦੀ ਵੀ ਵੱਡੀ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿਚ ਵੀ ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਕਣਕ ਦੀ ਬਿਜਾਈ ਲਈ ਐੱਨ.ਪੀ.ਕੇ. 12:32:16 ਗਰੇਡ ਦੀ ਵਰਤੋਂ ਕਰ ਰਹੇ ਹਨ। ਅਜਿਹੇ ਸਮੇਂ ਖਾਦ ਦੀਆਂ ਕੀਮਤਾਂ ਵਿਚ ਵਾਧਾ ਕਿਸਾਨਾਂ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਇਸ ਵਾਧੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਐਨਪੀਕੇ ਖਾਦ ਦੀ 50 ਕਿੱਲੋ ਦੀ ਬੋਰੀ ਦਾ ਭਾਅ 3647 ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿਚੋਂ 1147 ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਕੱਢ ਕੇ ਇਹ ਭਾਅ 2500 ਰੁਪਏ ਪ੍ਰਤੀ ਬੋਰੀ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਦ ਕੰਪਨੀਆਂ ਨੇ ਐਨਪੀਕੇ ਦੇ ਭਾਅ ਵਿਚ ਤਾਂ 500 ਰੁਪਏ ਦਾ ਵਾਧਾ ਕਰ ਦਿੱਤਾ ਹੈ ਪਰ ਕੇਂਦਰ ਸਰਕਾਰ ਨੇ ਸਬਸਿਡੀ ਵਧਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜੋ ਕਿਸਾਨਾਂ ਨਾਲ ਧੱਕਾ ਹੈ। ਰਾਮਾਂ ਨੇ ਕਿਹਾ ਕਿ ਇਕ ਪਾਸੇ ਡੀਜ਼ਲ, ਬੀਜ, ਕੀਟਨਾਸ਼ਕਾਂ ਅਤੇ ਖਾਦਾਂ ਸਮੇਤ ਖੇਤੀ ਨਾਲ ਸਬੰਧਿਤ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਦਕਿ ਦੂਜੇ ਪਾਸੇ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਹੋਣ ਵਾਲਾ ਵਾਧਾ ਖੇਤੀ ਲਾਗਤਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸ ਕਾਰਨ ਖੇਤੀ ਦਾ ਧੰਦਾ ਦਿਨੋ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ’ਤੇ ਦਿੱਤੀ ਜਾਂਦੀ ਸਬਸਿਡੀ ਵਿਚ ਵਾਧਾ ਕਰਕੇ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ। ਇਸ ਮਸਲੇ ਨੂੰ ਲੈ ਕੇ ਛੇਤੀ ਉਨ੍ਹਾਂ ਦੀ ਜਥੇਬੰਦੀ ਵਲੋਂ ਇਕੱਤਰਤਾ ਸੱਦੀ ਜਾਵੇਗੀ ਅਤੇ ਸਮੂਹ ਕਿਸਾਨ ਧਿਰਾਂ ਨੂੰ ਨਾਲ ਲੈ ਕੇ ਖਾਦ ਕੰਪਨੀਆਂ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਪ੍ਰੋ. ਸੰਦੀਪ ਕੌਰ ਨੇ ਕੋਸਟਾ ਰੀਕਾ ਵਿਚ ਭਾਰਤ-ਕੋਸਟਾ ਰੀਕਾ ਦਰਮਿਆਨ ਅਕਾਦਮਿਕ ਸਹਿਯੋਗ ਨ... ਅਗਲੀ ਖ਼ਬਰ ਨੈਤਿਕ ਸਿੱਖਿਆ ਇਮਤਿਹਾਨ ਵਿਚ ਜੋਗੇਵਾਲਾ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ
Ad Position 24