ਮਾਛੀਵਾੜਾ ਸਾਹਿਬ, 31 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਕੇਂਦਰ ਸਰਕਾਰ ਵਲੋਂ ਜੋ ਮਨਰੇਗਾ ਯੋਜਨਾ ਵਿਚ ਬਦਲਾਅ ਕੀਤਾ ਜਾ ਰਿਹਾ ਹੈ ਉਹ ਮਜ਼ਦੂਰਾਂ ਫ਼ਾਇਦੇਮੰਦ ਸਾਬਤ ਹੋਵੇਗਾ ਜਦਕਿ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਮਾਛੀਵਾੜਾ ਮੰਡਲ ਦੇ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲੀਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਸਮੇਂ-ਸਮੇਂ ਸਿਰ ਮਨਰੇਗਾ ਯੋਜਨਾ ਦੇ ਨਾਮ ਵਿਚ ਬਦਲਾਅ ਕੀਤੇ ਗਏ ਹਨ ਜਿਸ ਦਾ ਸ਼ੁਰੂਆਤ ਵਿਚ ਨਾਮ ਨਰੇਗਾ ਸੀ ਫਿਰ ਮਨਰੇਗਾ ਅਤੇ ਹੁਣ 'ਵੀ.ਜੀ.ਬੀ. ਰਾਮ' ਕਰ ਦਿੱਤਾ ਗਿਆ ਹੈ ਜਿਸ ਵਿਚ ਕੋਈ ਵੀ ਇਤਰਾਜ਼ ਵਾਲੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਨੂੰ ਸਾਲ ਵਿਚ 100 ਦਿਨ ਰੋਜ਼ਗਾਰ ਮਿਲਦਾ ਸੀ ਜੋ ਹੁਣ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ ਜਿਸ ਨਾਲ ਮਜ਼ਦੂਰ ਵਰਗ ਨੂੰ ਜਿੱਥੇ ਵੱਧ ਕੰਮ ਮਿਲੇਗਾ, ਉੱਥੇ ਕਮਾਈ ਵੀ ਵੱਧ ਹੋਵੇਗੀ | ਇਸ ਤੋਂ ਇਲਾਵਾ ਸਰਕਾਰਾਂ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਕੀਤੇ ਕੰਮ ਦੀ ਪੂਰੀ ਤਨਖ਼ਾਹ ਨਹੀਂ ਮਿਲਦੀ ਸੀ ਕਿਉਂਕਿ ਮੈਨੂਅਲ ਸਿਸਟਮ ਹੋਣ ਕਾਰਨ ਕੁੱਝ ਲੋਕ ਉਨ੍ਹਾਂ ਦੀ ਕਮਾਈ ਖਾ ਜਾਂਦੇ ਹਨ | ਹੁਣ ਕੇਂਦਰ ਸਰਕਾਰ ਵਲੋਂ ਡਿਜੀਟਲ ਭੁਗਤਾਨ ਕੀਤਾ ਜਾਵੇਗਾ ਅਤੇ ਜਿਸ ਤਹਿਤ ਮਜ਼ਦੂਰ ਜਿੰਨੇ ਦਿਨ ਕੰਮ ਕਰੇਗਾ ਉਸ ਦਿਨਾਂ ਦੇ ਹਿਸਾਬ ਨਾਲ ਖਾਤੇ ਵਿਚ ਭੁਗਤਾਨ ਹੋਵੇਗਾ | ਸੁੱਖੀ ਸ਼ਰਮਾ ਤੇ ਸੰਜੀਵ ਲੀਹਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰੀ ਵਿਚ ਵੀ ਵਾਧਾ ਕੀਤਾ ਗਿਆ ਹੈ ਪਰ ਅੱਜ ਵਿਸ਼ੇਸ਼ ਸੈਸ਼ਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਇਸ ਯੋਜਨਾ ਦੇ ਲਾਭ ਦੱਸਣ ਦੀ ਬਜਾਏ ਕੇਂਦਰ ਸਰਕਾਰ ਨੂੰ ਭੰਡਿਆ ਹੈ |