ਹਠੂਰ, 31 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਵਲੋਂ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕੀਤਾ ਹੈ | ਇਸ ਗਿ੍ਫ਼ਤਾਰੀ ਨਾਲ ਭਗਵੰਤ ਮਾਨ ਸਰਕਾਰ ਦਾ ਮਜ਼ਦੂਰ ਜਮਾਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬੇਜ਼ਮੀਨੇ ਮਜ਼ਦੂਰਾਂ ਨੂੰ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ, ਇਸ ਕਰਕੇ ਅਜਿਹੇ ਮਜ਼ਦੂਰ ਆਗੂ ਤੇ ਜਥੇਬੰਦੀਆਂ ਪੰਜਾਬ ਸਰਕਾਰ ਦੀਆਂ ਅੱਖਾਂ 'ਚ ਰੋੜ ਵਾਂਗ ਰੜਕਦੇ ਹਨ | ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਸਰਕਾਰ ਦੀ ਇਸ ਹੋਛੀ ਕਾਰਵਾਈ ਖਿਲਾਫ਼ ਵੱਖ-ਵੱਖ ਥਾਵਾਂ 'ਤੇ ਸੰਕੇਤਕ ਰੋਸ ਪ੍ਰਦਸ਼ਨ ਕਰਦਿਆਂ ਕਿਹਾ ਕਿ ਮਜ਼ਦੂਰ-ਕਿਸਾਨ ਜਥੇਬੰਦੀਆਂ ਇਸ ਨਾਜ਼ੁਕ ਸਮੇਂ ਮਜ਼ਦੂਰ ਵਿਰੋਧੀ 'ਜੀ ਰਾਮ ਜੀ' ਐਕਟ, ਬਿਜਲੀ ਸੋਧ ਬਿੱਲ 2025 ਅਤੇ ਕੁਦਰਤ ਤੇ ਕਿਸਾਨ ਵਿਰੋਧੀ ਬੀਜ ਬਿੱਲ ਰੱਦ ਕਰਵਾਉਣ ਲਈ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੀਆਂ ਹਨ, ਪਰ ਭਗਵੰਤ ਮਾਨ ਸਰਕਾਰ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਨਾਲ ਇਸ ਅੰਦੋਲਨ ਦੀ ਦਿਸ਼ਾ ਬਦਲ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਉਠਣ ਵਾਲੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ 'ਜੀ ਰਾਮ ਜੀ ਐਕਟ' ਖ਼ਿਲਾਫ਼ ਇਜਲਾਸ ਕਰ ਰਹੀ ਹੈ ਦੂਜੇ ਪਾਸੇ ਇਸ ਖਿਲਾਫ਼ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਗਿ੍ਫ਼ਤਾਰ ਕਰ ਰਹੀ ਹੈ | ਉਨ੍ਹਾਂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ, ਦਲਜੀਤ ਸਿੰਘ, ਲਾਲੂ ਸਿੰਘ, ਚਰਨ ਸਿੰਘ ਅਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ |