• ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ 'ਤੇ ਸਰਕਾਰ ਦੀ ਚੁੱਪੀ ਖ਼ਿਲਾਫ਼ ਤਿੱਖਾ ਸੰਘਰਸ਼
ਖੰਨਾ, 2 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਕਿਸਾਨ, ਮਜ਼ਦੂਰ ਅਤੇ ਸਮਾਜਸੇਵੀ ਜਥੇਬੰਦੀਆਂ ਦੀ ਮੀਟਿੰਗ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਹੋਈ | ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਕੇਂਦਰੀ ਆਗੂ ਯੂਨਾਈਟਿਡ ਟਰੇਡਜ਼ ਯੂਨੀਅਨ ਕਾਂਗਰਸ ਨੇ ਦੱਸਿਆ ਕਿ ਬੁੱਲੇਪੁਰ (ਖੰਨਾ) ਸਾਈਡ ਹੜ੍ਹ-ਪ੍ਰਭਾਵਿਤ ਅਤੇ ਅਣਉੱਚਿਤ ਜ਼ਮੀਨ 'ਤੇ ਨਵੀਆਂ ਕਚਹਿਰੀਆਂ ਬਣਾਉਣ ਦੇ ਲੋਕ ਵਿਰੋਧੀ ਫ਼ੈਸਲੇ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਜਾਇਜ਼ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀਆਂ ਕਿਸਾਨ, ਮਜ਼ਦੂਰ ਅਤੇ ਸਮਾਜਸੇਵੀ ਜਥੇਬੰਦੀਆਂ ਵਲੋਂ ਮਾਣਯੋਗ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਉਪ ਮੰਡਲ ਮੈਜਿਸਟਰੇਟ ਖੰਨਾ ਰਾਹੀਂ ਤਹਿਸੀਲਦਾਰ ਖੰਨਾ ਨੂੰ ਸੌਂਪਿਆ ਗਿਆ ਸੀ | ਮੰਗ ਪੱਤਰ ਵਿਚ ਸਪਸ਼ਟ ਤੌਰ 'ਤੇ ਹੜ੍ਹ ਪ੍ਰਭਾਵਿਤ ਜ਼ਮੀਨ 'ਤੇ ਕਚਹਿਰੀਆਂ ਬਣਾਉਣ ਦੇ ਫ਼ੈਸਲੇ ਨੂੰ ਤੁਰੰਤ ਰੱਦ ਕਰਨ ਅਤੇ ਖੰਨਾ ਨੂੰ ਉਸ ਦੀ ਆਬਾਦੀ, ਪ੍ਰਸ਼ਾਸਕੀ ਲੋੜਾਂ ਅਤੇ ਭਵਿੱਖੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਪੂਰਨ ਜ਼ਿਲ੍ਹਾ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ | ਪਰੰਤੂ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਜਵਾਬ ਜਾਂ ਰਾਹਤ ਨਹੀਂ ਦਿੱਤੀ ਗਈ | ਸਰਕਾਰ ਦੀ ਇਸ ਚੁੱਪੀ ਅਤੇ ਅਣਦੇਖੀ ਤੋਂ ਖ਼ਫ਼ਾ ਹੋ ਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 5 ਜਨਵਰੀ 2026 ਤੋਂ ਉਪ ਮੰਡਲ ਮੈਜਿਸਟਰੇਟ ਖੰਨਾ ਦੇ ਦਫ਼ਤਰ ਦੇ ਬਾਹਰ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ | ਆਗੂਆਂ ਨੇ ਦੋ ਟੋਕ ਕਿਹਾ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਲੋਕਤੰਤਰਿਕ ਹੋਵੇਗਾ | ਪਰ ਜੇਕਰ ਫਿਰ ਵੀ ਸਰਕਾਰ ਵਲੋਂ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਅਣਦੇਖਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਪੂਰੇ ਪੰਜਾਬ ਪੱਧਰ 'ਤੇ ਫੈਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਲ ਸਿੰਘ ਨਾਗਰਾ ਆਗੂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬਲਜੀਤ ਸਿੰਘ ਸੰਧੂ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਸੋਹਣ ਸਹੋਤਾ, ਹਰਦੀਪ ਸਿੰਘ ਖ਼ਾਲਸਾ, ਸ਼ਮਸ਼ੇਰ ਸਿੰਘ ਖ਼ਾਲਸਾ, ਅਭਿਸ਼ੇਕ ਸਿੰਘ, ਸਾਹਿਲ ਸਿੰਘ, ਕਿਰਪਾਲ ਸਿੰਘ ਖ਼ਾਲਸਾ ਆਦਿ ਮੌਜੂਦ ਸਨ |
ਹੜ੍ਹ ਪ੍ਰਭਾਵਿਤ ਜ਼ਮੀਨ 'ਤੇ ਕਚਹਿਰੀਆਂ ਬਣਾਉਣ ਦੇ ਵਿਰੋਧ 'ਚ 5 ਜਨਵਰੀ ਤੋਂ ਖੰਨਾ 'ਚ ਭੁੱਖ ਹੜਤਾਲ
ਅਜੀਤ ਡੈਸਕ
03-01-2026