ਜਗਰਾਉਂ, 2 ਜਨਵਰੀ (ਗੁਰਦੀਪ ਸਿੰਘ ਮਲਕ)-ਸਹਿਕਾਰੀ ਸਭਾ ਡੱਲਾ ਨੂੰ ਯੂਰੀਆ ਖਾਦ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਸਥਾਨਕ ਮਾਰਕਫੈੱਡ ਦਫ਼ਤਰ ਮੂਹਰੇ ਧਰਨਾ ਲਾ ਦਿੱਤਾ | ਕਈ ਘੰਟੇ ਧਰਨਾ ਲਾਉਣ ਤੇ ਘਿਰਾਓ ਕਰਨ ਤੋਂ ਬਾਅਦ ਵੀ ਸੁਣਵਾਈ ਨਾ ਹੋਣ ਤੋਂ ਅੱਕੇ ਇਹ ਕਿਸਾਨ ਸਾਢੇ ਪੰਜ ਘੰਟੇ ਦੇ ਧਰਨੇ ਮਗਰੋਂ ਸ਼ੇਰਪੁਰਾ ਰੋਡ 'ਤੇ ਆ ਕੇ ਰੇਲਵੇ ਫਾਟਕਾਂ ਮੂਹਰੇ ਚੱਕਾ ਜਾਮ ਕਰਕੇ ਬੈਠ ਗਏ | ਇਸ 'ਤੇ ਸੋਮਵਾਰ ਤੱਕ ਯੂਰੀਆ ਖਾਦ ਦੇ ਦੋ ਟਰੱਕ ਮੁਹੱਈਆ ਕਰਵਾਏ ਜਾਣ ਦੇ ਭਰੋਸੇ ਮਗਰੋਂ ਇਹ ਧਰਨਾ ਚੁੱਕਿਆ ਗਿਆ | ਧਰਨੇ ਵਿਚ ਸ਼ਾਮਿਲ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ, ਕਿਸਾਨ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਡੱਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਸਹਿਕਾਰੀ ਸਭਾ ਨੂੰ ਮਾਰਕਫੈੱਡ ਵਲੋਂ ਪਿਛਲੇ ਦਿਨਾਂ ਤੋਂ ਯੂਰੀਆ ਖਾਦ ਦੀ ਸਪਲਾਈ ਨਹੀਂ ਸੀ ਦਿੱਤੀ ਜਾ ਰਹੀ | ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਨਾ ਦੇ ਕੇ ਰੋਕੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਗਈ | ਇਹ ਸਪਲਾਈ ਚਾਲੂ ਨਾ ਹੋਣ ਦੇ ਰੋਸ ਵਜੋਂ ਉਹ ਅੱਜ ਸਵੇਰੇ ਕਰੀਬ ਗਿਆਰਾਂ ਵਜੇ ਸਥਾਨਕ ਮਾਰਕਫੈੱਡ ਦਫ਼ਤਰ ਮੂਹਰੇ ਆ ਕੇ ਦਰੀਆਂ ਵਿਛਾ ਕੇ ਧਰਨੇ 'ਤੇ ਬੈਠ ਗਏ | ਦੋ ਘੰਟੇ ਤੋਂ ਵੱਧ ਸਮਾਂ ਸਰਕਾਰ, ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਮਾਰਕਫੈੱਡ ਖ਼ਿਲਾਫ਼ ਨਾਅਰੇਬਾਜ਼ੀ ਕਰਨ ਮਗਰੋਂ ਧਰਨਾਕਾਰੀ ਦਫ਼ਤਰ ਦੇ ਦਰਵਾਜ਼ੇ ਮੂਹਰੇ ਘਿਰਾਓ ਕਰਕੇ ਬੈਠ ਗਏ |