ਮਲੌਦ, 6 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮਲੌਦ ਬਲਾਕ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ | ਬਲਾਕ ਆਗੂਆਂ ਦਵਿੰਦਰ ਸਿੰਘ ਸਿਰਥਲਾ, ਨਾਜ਼ਰ ਸਿੰਘ ਸਿਆੜ੍ਹ, ਰਾਜਪਾਲ ਸਿੰਘ ਦੁਧਾਲ, ਧਰਮ ਸਿੰਘ ਮਾਲੋਦੌਦ, ਜਗਦੇਵ ਸਿੰਘ ਸਿਹੌੜਾ, ਲਖਵਿੰਦਰ ਸਿੰਘ ਲਾਡੀ ਉਕਸੀ ਆਦਿ ਦੀ ਅਗਵਾਈ ਹੇਠ ਮਲੌਦ ਦਾਣਾ ਮੰਡੀ ਤੋਂ ਤਕਰੀਬਨ ਸੈਂਕੜੇ ਮੋਟਰਸਾਈਕਲ ਦਾ ਕਾਫਲਾ 'ਬਿਜਲੀ ਬਿੱਲ 2025 ਵਾਪਿਸ ਲਓ, ਬੀਜ ਬਿੱਲ ਵਾਪਸ ਲਓ, ਮਨਰੇਗਾ ਸਕੀਮ 'ਤੇ ਹਮਲੇ ਵਾਪਸ ਲਓ ਆਦਿ ਜੋਰਦਾਰ ਨਾਅਰੇਬਾਜ਼ੀ ਕਰਦਾ ਹੋਇਆ ਰਵਾਨਾ ਹੋਇਆ | ਰਵਾਨਗੀ ਸਮੇਂ ਦਾਣਾ ਮੰਡੀ 'ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਤੇ ਬਲਵੰਤ ਸਿੰਘ ਘੁਡਾਣੀ ਨੇ ਦੱਸਿਆ ਕਿ ਅੱਜ ਦਾ ਮੋਟਰਸਾਈਕਲ ਮਾਰਚ ਨਿੱਜੀਕਰਨ ਦੇ ਹਮਲਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਜਾ ਰਿਹਾ ਹੈ | ਇਨਾਂ ਹਮਲਿਆਂ ਖ਼ਿਲਾਫ਼ 16 ਜਨਵਰੀ ਨੂੰ ਮੁਲਕ ਪੱਧਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਧਰਨੇ-ਪ੍ਰਦਰਸ਼ਨਾਂ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਦਾ ਹੋਕਾ ਦੇਵੇਗਾ | ਅੱਜ ਦੇ ਮਾਰਚ ਵਿਚ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸਿਹੋੜਾ, ਸਵਰਨ ਸਿੰਘ ਸਿਰਥਲਾ, ਸੁਖਦੇਵ ਸਿੰਘ ਨਵਾਂ ਪਿੰਡ, ਮਨਜੀਤ ਸਿੰਘ ਸੀਹਾਂਦੌਦ, ਗੁਰਜਾਪ ਸਿੰਘ ਰੋੜੀਆਂ, ਨੌਜਵਾਨ ਭਾਰਤ ਸਭਾ ਤੋਂ ਸੈਰੀ ਸਿਹੌੜਾ, ਪਾਵੇਲ, ਜਸਕੀਰਤ ਸਿਹੋੜਾ ਆਦਿ ਨੇ ਸ਼ਿਰਕਤ ਕੀਤੀ |