ਮਾਛੀਵਾੜਾ ਸਾਹਿਬ, 25 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਪਿੰਡ ਸੈਂਸੋਵਾਲ ਦੇ ਸਰਪੰਚ ਤੇ 'ਆਪ' ਆਗੂ ਭੁਪਿੰਦਰ ਸਿੰਘ ਰਾਠੌਰ ਨੂੰ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਬੀ. ਸੀ. ਵਿੰਗ ਦਾ ਜ਼ਿਲ੍ਹਾ ਦਿਹਾਤੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ | 'ਆਪ' ਵਲੋਂ ਜਾਰੀ ਸੂਚੀ ਅਨੁਸਾਰ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਦੇਖਦਿਆਂ ਭੁਪਿੰਦਰ ਸਿੰਘ ਰਾਠੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਇਸ ਨਿਯੁਕਤੀ ਦਾ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਨਗਿੰਦਰਪਾਲ ਮੱਕੜ, ਰਣਜੀਤ ਸਿੰਘ ਜੀਤੀ, ਗੁਰਵੀਰ ਸਿੰਘ ਖੇੜਾ, ਨਵਜੀਤ ਸਿੰਘ ਉਟਾਲਾਂ, ਅਭਿਸ਼ੇਕ ਕੁਮਾਰ ਵਲੋਂ ਸਵਾਗਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਰਾਠੌਰ ਨੇ ਕਿਹਾ ਕਿ ਉਹ 'ਆਪ' ਹਾਈਕਮਾਂਡ ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧੰਨਵਾਦੀ ਹਨ ਜਿਨ੍ਹਾਂ ਦੀ ਬਦੌਲਤ ਇਹ ਵੱਡਾ ਮਾਣ ਮਿਲਿਆ ਹੈ |