ਖੰਨਾ, 3 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ, ਖੰਨਾ ਵਿੱਚ ਰਾਈਨੋ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਦੋ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ, ਜਿਸ ਦਾ ਵਿਸ਼ਾ 'ਆਨਲਾਈਨ ਵਰਲਡ ਮਾਈਾਡਸੈਟ ਤੋਂ ਬੁੱਕ ਵਰਲਡ ਤੱਕ' ਸੀ" | ਇਸ ਪੁਸਤਕ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਜਗਾਉਣਾ ਅਤੇ ਕਿਤਾਬਾਂ ਰਾਹੀਂ ਸਿੱਖਣ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਸੀ | ਪੁਸਤਕ ਮੇਲੇ ਦਾ ਰਸਮੀ ਉਦਘਾਟਨ ਕਾਲਜ ਸਕੱਤਰ ਅਜੇ ਸੂਦ ਅਤੇ ਕਾਲਜ ਪਿ੍ੰਸੀਪਲ ਡਾ: ਕੇ. ਕੇ. ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਡਿਜੀਟਲ ਯੁੱਗ ਵਿੱਚ ਪੁਸਤਕਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੁਸਤਕਾਂ ਗਿਆਨ, ਕਦਰਾਂ-ਕੀਮਤਾਂ ਅਤੇ ਆਲੋਚਨਾਤਮਕ ਸੋਚ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਹਨ | ਮੇਲੇ ਵਿੱਚ ਆਮ ਗਿਆਨ, ਸਾਹਿਤ, ਪ੍ਰੇਰਨਾਦਾਇਕ ਪੁਸਤਕਾਂ, ਵਿਗਿਆਨ, ਕਲਾ ਸਮੇਤ ਵੱਖ-ਵੱਖ ਅਕਾਦਮਿਕ ਅਤੇ ਗੈਰ-ਅਕਾਦਮਿਕ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ | ਇਸ ਮੇਲੇ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪਹੁੰਚ ਕੇ ਪੁਸਤਕਾਂ ਪ੍ਰਤੀ ਵਿਸ਼ੇਸ਼ ਉਤਸ਼ਾਹ ਦਿਖਾਇਆ | ਡਾ. ਚਰਨ ਕੁਮਾਰ ਨੇ ਵਿਭਾਗੀ ਵਿਦਿਆਰਥੀਆਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਸੁਚਾਰੂ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਡਾ: ਦਿਨੇਸ਼ ਕੁਮਾਰ ਅਤੇ ਡਾ: ਮੋਹਿਤ ਕੁਮਾਰ ਵੀ ਹਾਜ਼ਰ ਸਨ | ਕਾਲਜ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ, ਮੀਤ ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ ਅਤੇ ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਰਵਪੱਖੀ ਵਿਕਾਸ ਲਈ ਸਾਰਥਿਕ ਕਦਮ ਦੱਸਿਆ |