ਸੜਕਾਂ 'ਤੇ ਲੱਗੇ ਲਾਲ-ਪੀਲੇ ਨਿਸ਼ਾਨਾਂ ਤੋਂ ਸਿਵਲ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਅਣਜਾਣ
ਮਲੌਦ, 4 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਉੱਪਰ ਲੱਗੇ ਪੀਲੇ ਤੇ ਲਾਲ ਰੰਗਾਂ ਦੇ ਨਿਸ਼ਾਨਾਂ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ, ਇਨ੍ਹਾਂ ਨਿਸ਼ਾਨਾਂ ਤੋਂ ਕਿਸਾਨ ਵਰਗ ਵਿੱਚ ਆਪਣੀਆਂ ਉਪਜਾਊ ਜ਼ਮੀਨਾਂ ਪ੍ਰਤੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਬਲਵੰਤ ਸਿੰਘ ਨੇ ਦੱਸਿਆ ਕਿ ਸੜਕਾਂ ਉੱਪਰ ਲੱਗੇ ਇਹ ਨਿਸ਼ਾਨ ਪੀਲੇ ਰੰਗ ਉੱਪਰ ਲਾਲ ਰੰਗ ਦੇ ਕੱਪੜੇ ਦੇ ਟੁਕੜੇ ਵਿਚ ਲੋਹੇ ਦੀ ਪੱਤੀ ਤੇ ਮੇਖ ਲਗਾਈ ਹੋਈ ਹੈ | ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀ ਪਰ ਕਿਸੇ ਪਾਸੇ ਤੋਂ ਕੋਈ ਵੀ ਥਹੁ ਪਤਾ ਨਹੀਂ ਲੱਗ ਸਕਿਆ | ਲੋਕਾਂ ਵਿਚ ਇਸ ਗੱਲ ਦਾ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਸਬੰਧਿਤ ਵਿਭਾਗ ਨੂੰ ਪਿੰਡਾਂ ਅੰਦਰ ਗ੍ਰਾਮ ਪੰਚਾਇਤਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ | ਬਲਕਿ ਇਹ ਨਿਸ਼ਾਨ ਲਗਾਉਣ ਵਾਲੀ ਸਰਵੇ ਟੀਮ ਵਲੋਂ ਸਾਰਾ ਕੁੱਝ ਗੁਪਤ ਰੱਖਿਆ ਜਾ ਰਿਹਾ ਹੈ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ | ਇਹ ਨਿਸ਼ਾਨ ਪਿੰਡ ਨਿਜ਼ਾਮਪੁਰ, ਜਲਾਜਣ ਅਤੇ ਘੁਡਾਣੀ ਆਦਿ ਪਿੰਡਾਂ ਵਿੱਚ ਵੇਖੇ ਗਏ | ਕਿਸਾਨ ਆਗੂਆਂ ਨੇ ਕਿਹਾ ਕਿ ਸਰਵੇ ਕਰਨ ਵਾਲੀ ਟੀਮ ਬਾਰੇ ਪ੍ਰਸ਼ਾਸਨ ਵੀ ਅਣਜਾਣਤਾ ਪ੍ਰਗਟਾ ਰਿਹਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਨਿਸ਼ਾਨ ਚੋਰੀ ਛਿਪੇ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਨਿਸ਼ਾਨ ਲਗਾਉਣ ਵਾਲਾ ਵਿਭਾਗ ਇਸ ਬਾਰੇ ਜਾਣੂ ਕਰਵਾਏ ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਕਿਸਾਨਾਂ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਜਦੋਂ ਇਸ ਸੰਬੰਧੀ ਐੱਸ. ਡੀ. ਐਮ ਪਾਇਲ ਪ੍ਰਦੀਪ ਸਿੰਘ ਬੈਂਸ ਤੇ ਲੋਕ ਨਿਰਮਾਣ ਵਿਭਾਗ ਲੁਧਿਆਣਾ ਦੇ ਐਕਸੀਅਨ ਨਿਰਪਾਲ ਸਿੰਘ ਕੋਲੋਂ ਜਾਨਣਾ ਚਾਹਿਆ ਤਾਂ ਉਹਨਾਂ ਵੀ ਸੜਕਾਂ ਉੱਪਰ ਲੱਗੇ ਨਿਸ਼ਾਨਾਂ ਬਾਰੇ ਅਣਜਾਣਤਾ ਪ੍ਰਗਟਾਈ ਹੈ |
ਸੜਕਾਂ 'ਤੇ ਸਰਵੇ ਦੇ ਲੱਗੇ ਪੀਲੇ ਤੇ ਲਾਲ ਰੰਗ ਦੇ ਨਿਸ਼ਾਨਾਂ ਕਾਰਨ ਕਿਸਾਨਾਂ 'ਚ ਸਹਿਮ ਦਾ ਮਾਹੌਲ
ਅਜੀਤ ਡੈਸਕ
05-02-2026