ਮਾਛੀਵਾੜਾ ਸਾਹਿਬ, 4 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਬਲਾਕ ਮਾਛੀਵਾੜਾ-1 ਦੇ 13 ਪਿੰਡਾਂ ਵਿਚ ਅਜਿਹੇ ਸਰਕਾਰੀ ਪ੍ਰਾਇਮਰੀ ਸਕੂਲ ਹਨ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ | ਇਨ੍ਹਾਂ ਪਿੰਡਾਂ 'ਚ ਸ਼ੇਰਗੜ੍ਹ, ਸਲਾਣਾ ਬੇਟ, ਚੱਕਲ਼ੀ ਮੰਗਾਂ, ਚੱਕਲ਼ੀ ਆਦਲ, ਰੋਡ ਮਾਜਰੇ, ਰਾਜੇਵਾਲ-ਰਾਜਪੂਤਾਂ, ਖੇੜਾ, ਗੌਂਸਗੜ੍ਹ, ਈਸਾਪੁਰ, ਮੰਡ ਝੜੌਦੀ, ਧੁੱਲੇਵਾਲ, ਮਿਲਕੋਵਾਲ, ਮਿੱਠੇਵਾਲ ਸ਼ਾਮਲ ਹਨ ਜਿੱਥੇ ਕਿ ਕੋਈ ਵੀ ਅਧਿਆਪਕ ਨਹੀਂ | ਪਰ ਇੱਥੇ ਕਿਵੇਂ ਨਾ ਕਿਵੇਂ ਸਿੱਖਿਆ ਵਿਭਾਗ ਵਲੋਂ ਪ੍ਰਬੰਧ ਕਰ ਕੇ ਆਰਜ਼ੀ ਅਧਿਆਪਕ ਤਾਇਨਾਤ ਕੀਤੇ ਗਏ ਹਨ | ਜਦੋਂ ਮਾਛੀਵਾੜਾ ਬਲਾਕ ਦੇ ਪ੍ਰਾਇਮਰੀ ਸਕੂਲਾਂ ਦਾ ਸਰਵੇਖਣ ਕੀਤਾ ਗਿਆ ਤਾਂ ਇੱਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਨਹੀਂ ਹਨ | ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਜੋ ਅੰਕੜੇ ਪ੍ਰਾਪਤ ਹੋਏ ਤਾਂ ਉਹ ਬਹੁਤ ਹੈਰਾਨੀਜਨਕ ਸਾਹਮਣੇ ਆਏ ਕਿ ਮਾਛੀਵਾੜਾ ਬਲਾਕ-1 ਵਿਚ 60 ਪ੍ਰਾਇਮਰੀ ਸਕੂਲ ਹਨ ਜਿਨ੍ਹਾਂ 'ਚੋਂ 13 ਸਰਕਾਰੀ ਸਕੂਲ ਅਜਿਹੇ ਹਨ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ | 38 ਅਜਿਹੇ ਪ੍ਰਾਇਮਰੀ ਸਕੂਲ ਹਨ ਜਿੱਥੇ ਪ੍ਰੀ-ਨਰਸਰੀ, ਨਰਸਰੀ ਅਤੇ ਪੰਜਵੀਂ ਜਮਾਤ ਤੱਕ ਕੁੱਲ 8 ਕਲਾਸਾਂ ਨੂੰ ਪੜ੍ਹਾਉਣ ਲਈ ਕੇਵਲ 1-1 ਅਧਿਆਪਕ ਮੌਜੂਦ ਹਨ | ਸਰਕਾਰ ਵਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ ਅਸੀਂ ਸਕੂਲਾਂ ਦੀਆਂ ਇਮਾਰਤਾਂ ਵਧੀਆ ਬਣਾ ਦਿੱਤੀਆਂ, ਐੈੱਲ. ਈ. ਡੀ. ਤੇ ਪ੍ਰੋਜੈਕਟਰ ਲਗਾ ਕੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ਹਾਂ, ਪਰ ਇਹ ਸਮਾਰਟ ਸਕੂਲ ਕਿਸ ਕੰਮ ਦੇ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਮੌਜੂਦ ਨਹੀਂ ਹਨ | ਮਾਛੀਵਾੜਾ ਬਲਾਕ ਦੇ 60 ਪ੍ਰਾਇਮਰੀ ਸਕੂਲਾਂ ਵਿਚ 3562 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਜਿਨ੍ਹਾਂ ਸਕੂਲਾਂ ਵਿਚ ਅਧਿਆਪਕ ਹੀ ਨਹੀਂ ਹਨ ਜਾਂ ਇੱਕ-ਇੱਕ ਅਧਿਆਪਕ ਹੈ ਤਾਂ ਉੱਥੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਕਿਵੇਂ ਮੁਹੱਈਆ ਕਰਵਾਈ ਜਾ ਸਕੇਗੀ | ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ 25 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਜ਼ਰੂਰੀ ਹੈ ਅਤੇ ਜਿੱਥੇ ਵਿਦਿਆਰਥੀ ਵੱਧ ਹਨ ਤਾਂ ਉੱਥੇ ਅਧਿਆਪਕ ਹੀ ਵੱਧ ਹੋਣੇ ਚਾਹੀਦੇ ਹਨ | ਪਰ ਮਾਛੀਵਾੜਾ ਬਲਾਕ ਦੇ ਪ੍ਰਾਇਮਰੀ ਸਕੂਲਾਂ ਵਿਚ ਹਾਲਾਤ ਇਹ ਹਨ ਕਿ ਜੇਕਰ ਇੱਕ ਅਧਿਆਪਕ ਵਾਲੇ ਸਕੂਲ 'ਚੋਂ ਉਸ ਨੂੰ ਛੁੱਟੀ 'ਤੇ ਜਾਣਾ ਪਵੇ ਤਾਂ ਉੱਥੇ ਸਿੱਖਿਆ ਵਿਭਾਗ ਵਲੋਂ ਬਦਲਵੇਂ ਪ੍ਰਬੰਧ ਕੀਤੇ ਜਾਂਦੇ ਹਨ | ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕ ਨਾ ਹੋਣ ਕਾਰਨ ਉੱਥੇ ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਲਈ ਮਜਬੂਰ ਹਨ | ਜਦੋਂ ਇਸ ਸਬੰਧੀ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਫ਼ਸਰ ਮਨੋਜ ਕੁਮਾਰ ਨਾਲ ਜਦੋਂ ਬਲਾਕ ਮਾਛੀਵਾੜਾ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਜਿਸ ਸਬੰਧੀ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਖਾਲੀ ਪੋਸਟਾਂ 'ਤੇ ਅਧਿਆਪਕ ਤਾਇਨਾਤ ਕਰ ਦਿੱਤੇ ਜਾਣਗੇ | ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਵਿਚ ਸਰਕਾਰੀ ਸਮਾਰਟ ਸਕੂਲ ਖੋਲ੍ਹਣ ਦੇ ਦਾਅਵੇ ਤਾਂ ਕਰ ਰਹੀ ਹੈ ਪਰ ਅਜਿਹੇ ਸਕੂਲਾਂ ਦਾ ਕੀ ਫ਼ਾਇਦਾ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਹਨ |