ਡੇਹਲੋਂ, 5 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਜੇਲ ਵਿਚੋਂ ਬਾਹਰ ਆ ਜਾਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅੰਦਰ ਜੋਸ਼ ਭਰਿਆ ਹੈ, ਜਿਸ ਨਾਲ ਪਾਰਟੀ ਹੁਣ ਵਧੇਰੇ ਮਜ਼ਬੂਤੀ ਵੱਲ ਵਧੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਬਰੈਂਪਟਨ ਤੋਂ 'ਅਜੀਤ' ਨਾਲ ਵਿਸ਼ੇਸ਼ ਗੱਲ ਕਰਦਿਆਂ ਕੀਤਾ | ਜ਼ਿਕਰਯੋਗ ਹੈ ਕਿ ਸਰਕਲ ਪ੍ਰਧਾਨ ਲਹਿਰਾ ਬੀਤੇ ਕੁੱਝ ਦਿਨਾਂ ਤੋਂ ਕੈਨੇਡਾ ਦੌਰੇ 'ਤੇ ਹਨ, ਜਿੱਥੇ ਉਹ ਪਾਰਟੀ ਵਰਕਰਾਂ ਨਾਲ ਮਿਲ ਕੇ ਪੰਜਾਬ ਅੰਦਰ ਪਾਰਟੀ ਦੀ ਸਰਕਾਰ ਲਿਆਉਣ ਲਈ ਵਿਚਾਰ ਵਟਾਂਦਰਾ ਕਰਨ ਵਿਚ ਰੁੱਝੇ ਹੋਏ ਹਨ, ਨੇ ਅੱਗੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਮਜੀਠੀਆ ਨਾਲ ਸੂਬੇ ਦੀ ਆਪ ਸਰਕਾਰ ਨੇ ਨਜਾਇਜ਼ ਪਰਚੇ ਦਰਜ਼ ਕੀਤੇ ਪਰ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ਬਾਅਦ ਆਪ ਆਗੂਆਂ ਨੂੰ ਮੂੰਹ ਦੀ ਖਾਣੀ ਪਈ ਹੈ | ਸਰਕਲ ਪ੍ਰਧਾਨ ਲਹਿਰਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਏਗਾ, ਜਿਸ ਲਈ ਪਿੰਡਾਂ ਅੰਦਰ ਸਾਰੇ ਵਰਗਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਮੇਂ ਗੁਰਪ੍ਰੀਤ ਸਿੰਘ ਪੀਤਾ ਆਲਮਗੀਰ, ਸਿਮਰਨਜੀਤ ਸਿੰਘ ਮਾਨ, ਗੁਲਸ਼ਨ ਸਿੰਘ ਸਿੱਧੂ, ਰਾਹੁਲ ਸ਼ਰਮਾ ਸਮੇਤ ਹੋਰ ਹਾਜ਼ਰ ਸਨ |