ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਸਿਹਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ 55 ਮੈਡੀਕਲ ਅਫ਼ਸਰਾਂ ਨੂੰ ਤਰੱਕੀ ਦੇ ਕੇ ਸੀਨੀਅਰ ਮੈਡੀਕਲ ਅਫ਼ਸਰ (ਐਸ. ਐਮ. ਓ.) ਬਣਾਇਆ ਗਿਆ ਹੈ | ਇਸ ਸੂਚੀ ਵਿਚ ਸਰਕਾਰੀ ਹਸਪਤਾਲ ਖੰਨਾ ਦੇ ਦੋ ਮੈਡੀਕਲ ਅਫ਼ਸਰਾਂ ਦੇ ਨਾਮ ਵੀ ਸ਼ਾਮਲ ਹਨ, ਜੋ ਖੰਨਾ ਲਈ ਮਾਣ ਦੀ ਗੱਲ ਹੈ | ਤਰੱਕੀ ਹਾਸਲ ਕਰਨ ਵਾਲਿਆਂ ਵਿੱਚ ਡਾ. ਸ਼ਾਇਨੀ ਅਗਰਵਾਲ (ਐਮ. ਡੀ., ਮੈਡੀਸਨ) ਅਤੇ ਡਾ. ਜਨਪ੍ਰੀਤ ਸਿੰਘ (ਸਰਜਨ) ਸ਼ਾਮਲ ਹਨ | ਦੋਵਾਂ ਡਾਕਟਰਾਂ ਨੂੰ ਮਿਲੀ ਇਸ ਵੱਡੀ ਸਫਲਤਾ ਨਾਲ ਹਸਪਤਾਲ ਸਟਾਫ ਅਤੇ ਸ਼ਹਿਰ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ | ਡਾ. ਸ਼ਾਇਨੀ ਅਗਰਵਾਲ ਸਾਲ 2009 ਵਿੱਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ | ਲਗਭਗ ਸਾਢੇ ਤਿੰਨ ਸਾਲਾਂ ਤੋਂ ਉਹ ਸਰਕਾਰੀ ਹਸਪਤਾਲ ਖੰਨਾ ਵਿਖੇ ਐਮ. ਡੀ. ਮੈਡੀਸਨ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਆਪਣੀ ਮਿਹਨਤ, ਸਮਰਪਣ ਅਤੇ ਪੇਸ਼ੇਵਰ ਕਾਬਲੀਅਤ ਕਾਰਨ ਕਈ ਵਾਰ ਸਨਮਾਨਿਤ ਹੋ ਚੁੱਕੇ ਹਨ | ਉਨ੍ਹਾਂ ਨੇ ਹੁਣ ਤੱਕ ਹਾਰਟ ਅਟੈਕ ਦੇ 94 ਮਰੀਜ਼ਾਂ ਦੀ ਜਾਨ ਬਚਾ ਕੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ | ਇਸਦੇ ਲਈ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੇ ਹਨ | ਪੰਜਾਬ ਸਰਕਾਰ ਦੇ 'ਮਿਸ਼ਨ ਅੰਮਿ੍ਤ ਸਟੇਮੀ ਪੰਜਾਬ ਪ੍ਰੋਜੈਕਟ' ਅਧੀਨ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਟੀਕਾ ਕੀਮਤ ਵਾਲਾ ਜ਼ਰੂਰੀ ਟੀਕਾ ਮੁਫ਼ਤ ਲਗਾਇਆ ਗਿਆ | ਇਹ ਟੀਕੇ ਸਮੇਂ ਸਿਰ ਲੱਗਣ ਕਾਰਨ 94 ਮਰੀਜ਼ਾਂ ਦੀ ਜਾਨ ਬਚ ਸਕੀ | ਇਸ ਤਰ੍ਹਾਂ ਲੱਖਾਂ ਰੁਪਏ ਦੀ ਕੀਮਤ ਵਾਲੇ ਟੀਕੇ ਮੁਫ਼ਤ ਲਗਾ ਕੇ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ | ਡਾ. ਸ਼ਾਇਨੀ ਅਗਰਵਾਲ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਤੇਜ਼ੀ ਅਤੇ ਸੂਝ-ਬੂਝ ਨਾਲ ਕੰਮ ਕਰਦਿਆਂ ਇਹ ਸਫਲਤਾ ਹਾਸਲ ਕੀਤੀ | ਉੱਧਰ, ਡਾ. ਜਨਪ੍ਰੀਤ ਸਿੰਘ, ਜੋ ਕਿ ਸਰਜਨ ਹਨ, ਵੀ ਸਰਕਾਰੀ ਹਸਪਤਾਲ ਖੰਨਾ ਵਿੱਚ ਆਪਣੀ ਡਿਊਟੀ ਬਹੁਤ ਇਮਾਨਦਾਰੀ ਅਤੇ ਲਗਨ ਨਾਲ ਨਿਭਾਅ ਰਹੇ ਹਨ | ਉਹ ਜਟਿਲ ਸਰਜਰੀ ਮਾਮਲਿਆਂ ਵਿੱਚ ਮਾਹਿਰ ਮੰਨੇ ਜਾਂਦੇ ਹਨ ਅਤੇ ਸੈਂਕੜੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹਨ | ਉਨ੍ਹਾਂ ਦੀ ਮਿਹਨਤ, ਤਜਰਬੇ ਅਤੇ ਵਚਨਬੱਧਤਾ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਇਹ ਤਰੱਕੀ ਦਿੱਤੀ ਗਈ | ਇਸਦੇ ਨਾਲ ਹੀ ਡਾ. ਸ਼ਾਇਨੀ ਅਗਰਵਾਲ ਤੇ ਡਾ. ਜਨਪ੍ਰੀਤ ਸਿੰਘ ਨੇ ਆਪਣੀ ਤਰੱਕੀ ਦੇ ਲਈ ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦਾ ਧੰਨਵਾਦ ਵੀ ਕੀਤਾ, ਜਿਹਨਾਂ ਦੀ ਯੋਗ ਅਗਵਾਈ ਹੇਠ ਦੋਵੇਂ ਡਾਕਟਰ ਸਰਕਾਰੀ ਹਸਪਤਾਲ ਵਿਖੇ ਸੇਵਾਵਾਂ ਨਿਭਾਅ ਰਹੇ ਹਨ | ਡਾ. ਸ਼ਾਇਨੀ ਅਗਰਵਾਲ ਅਤੇ ਡਾ. ਜਨਪ੍ਰੀਤ ਸਿੰਘ ਦੇ ਐਸ. ਐਮ. ਓ. ਬਣਨ 'ਤੇ ਸਰਕਾਰੀ ਹਸਪਤਾਲ ਖੰਨਾ ਦੇ ਸਮੂਹ ਸਟਾਫ ਵੱਲੋਂ ਦੋਵਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਖੰਨਾ ਦੇ ਐੱਸ. ਐੱਮ. ਓ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਦੋਵਾਂ ਡਾਕਟਰਾਂ ਦੀ ਤਰੱਕੀ ਨੌਜਵਾਨ ਡਾਕਟਰਾਂ ਲਈ ਪ੍ਰੇਰਣਾ ਸਰੋਤ ਹੈ |