ਮਾਛੀਵਾੜਾ ਸਾਹਿਬ, 24 ਫਰਵਰੀ (ਮਨੋਜ ਕੁਮਾਰ)-ਸਥਾਨਕ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਨੰਦਿਨੀ ਵੈਦ ਦੀ ਯੋਗ ਅਗਵਾਈ ਹੇਠ ਅਤੇ ਵਾਇਸ ਪਿ੍ੰਸੀਪਲ ਪ੍ਰੋ. ਪਰਦੀਪ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਤਨਾਮ ਸਿੰਘ ਸੱਲੋਪੁਰੀ ਦਾ ਨੈਤਿਕ ਸਿੱਖਿਆ ਅਤੇ ਸ਼ਖ਼ਸੀਅਤ ਦੀ ਉਸਾਰੀ ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮਹੱਤਵਪੂਰਨ ਲੈਕਚਰ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਰਾਜਕੁਮਾਰ ਵੱਲੋਂ ਸਤਨਾਮ ਸਿੰਘ ਸੱਲੋਪੁਰੀ ਦੀ ਜਾਣ ਪਛਾਣ ਨਾਲ ਹੋਈ | ਸਤਨਾਮ ਸਿੰਘ ਸੱਲੋਪੁਰੀ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਨੈਤਿਕ ਕਦਰਾਂ ਕੀਮਤਾਂ ਵਾਲੀ ਜੀਵਨ ਜਾਚ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਡਾ. ਸਾਹਿਬ ਸਿੰਘ ਦੀ ਉਦਾਹਰਨ ਨਾਲ ਸਮਝਾਇਆ ਜਿਨਾਂ ਨੇ ਗਰੀਬੀ 'ਚੋਂ ਪੜ੍ਹਾਈ ਕੀਤੀ ਅਤੇ ਸਿੱਖ ਸਮਾਜ ਨੂੰ ਸਿੱਖ ਸਿਧਾਂਤਾਂ ਦੀਆਂ ਦਾਰਸ਼ਨਿਕ ਕਿਤਾਬਾਂ ਦਿੱਤੀਆਂ |