ਮਾਛੀਵਾੜਾ ਸਾਹਿਬ, 26 ਫਰਵਰੀ (ਮਨੋਜ ਕੁਮਾਰ)-ਜ਼ਿਲ੍ਹਾ ਪੱਧਰ ਦੀਆਂ ਅੰਡਰ-14 ਦੋੜਾਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਐਥਲੀਟ ਮਨਤੇਜਵੀਰ ਸਿੰਘ ਦਾ ਪਿੰਡ ਉੱਪਲਾਂ ਦੇ ਵਾਸੀਆਂ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਨੌਜਵਾਨ ਨੇ ਅਥਲੈਟਿਕ ਮੀਟ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ਼ ਸੋਨੇ ਦਾ ਤਗਮਾ ਜਿੱਤਿਆ, ਬਲਕਿ ਕਾਂਸੀ ਦਾ ਇੱਕ ਤਗਮਾ ਵੀ ਹਾਸਲ ਕੀਤਾ | ਇਸ ਤੋਂ ਇਲਾਵਾ ਜ਼ਿਲ੍ਹਾ ਰਿਲੇਅ ਦੋੜਾਂ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦੇ ਤਗਮੇ 'ਤੇ ਵੀ ਆਪਣੀ ਮੋਹਰ ਲਗਾਈ | ਜ਼ਿਲ੍ਹਾ ਚੈਂਪੀਅਨਸ਼ਿਪ ਦੋੜਾਂ ਵਿਚ ਦੂਸਰਾ ਸਥਾਨ ਹਾਸਲ ਕਰ ਕੇ ਦੋ ਚਾਂਦੀ ਦੇ ਤਗਮੇ ਵੀ ਜਿੱਤੇ ਤੇ ਇਸ ਦੇ ਨਾਲ ਹੀ ਪੰਜਾਬ ਪੱਧਰ ਦੀਆਂ ਦੌੜਾਂ ਵਿਚ ਚੌਥਾ ਸਥਾਨ ਪ੍ਰਾਪਤ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਕਬੱਡੀ ਖੇਡ ਵਿਚ ਮਨਤੇਜਵੀਰ ਸਿੰਘ ਨੂੰ ਪੂਰੇ ਪੰਜਾਬ ਵਿਚੋਂ ਸਭ ਤੋਂ ਵਧੀਆ ਰੇਡਰ ਚੁਣਿਆ ਗਿਆ ਅਤੇ ਉਸ ਦੀ ਚੋਣ ਨੈਸ਼ਨਲ ਪੱਧਰ ਮੁਕਾਬਲਿਆਂ ਲਈ ਕੀਤੀ ਗਈ | ਇਸ ਉਪਲਬਧੀ 'ਤੇ ਆਪਣੀਆਂ ਸ਼ੱਭ ਇੱਛਾਵਾਂ ਦਿੰਦਿਆਂ ਗਰਾਮ ਪੰਚਾਇਤ ਪਿੰਡ ਉੱਪਲਾਂ ਅਤੇ ਇਲਾਕਾ ਵਾਸੀਆਂ ਵਿਚ ਖ਼ੁਸ਼ੀ ਦੀ ਵੱਖਰੀ ਲਹਿਰ ਦਿਖਾਈ ਦੇ ਰਹੀ ਹੈ ਅਤੇ ਮਨਤੇਜਵੀਰ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਪਿੰਡ ਦੇ ਸਮਾਜ ਸੇਵੀ ਸਰਪੰਚ ਜਸਦੀਪ ਸਿੰਘ ਜੱਜ, ਆਪ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਭਿੰਦਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਅਮਰੀਕ ਸਿੰਘ ਪੰਚ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ, ਸਤਵਿੰਦਰ ਸਿੰਘ, ਫਤਿਹ ਸਿੰਘ ਸਿਵੀਆ, ਤਰਨਦੀਪ ਸਿੰਘ ਆਦਿ ਮੌਜੂਦ ਸਨ |