ਮਾਛੀਵਾੜਾ ਸਾਹਿਬ, 26 ਫਰਵਰੀ (ਮਨੋਜ ਕੁਮਾਰ)-ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਦੇ ਹਜ਼ਾਰਾਂ ਖਪਤਕਾਰਾਂ ਵੱਲ ਪਾਵਰਕਾਮ ਦਾ ਕਰੋੜਾਂ ਰੁਪਏ ਬਕਾਏ ਦੇ ਤੌਰ 'ਤੇ ਚੱਲ ਰਿਹਾ ਹੈ ਤੇ ਹਾਲਾਤ ਇਹ ਹਨ ਕਿ ਅਧਿਕਾਰੀਆਂ ਵਲੋਂ ਕਈ ਵਾਰ ਸਖ਼ਤ ਹਦਾਇਤ ਦੇ ਬਾਵਜੂਦ ਬਿਜਲੀ ਖਪਤਕਾਰਾਂ 'ਤੇ ਬਿਜਲੀ ਦੇ ਬਕਾਏ ਦਾ ਭੁਗਤਾਨ ਕਰਨ ਲਈ ਜੂੰ ਤੱਕ ਨਹੀਂ ਸਰਕੀ | ਹੁਣ ਮਜਬੂਰਨ ਵਿਭਾਗ ਨੇ ਅਜਿਹੇ ਖਪਤਕਾਰਾਂ 'ਤੇ ਸ਼ਿਕੰਜਾ ਕੱਸਿਆ ਹੈ ਤੇ 58 ਦੇ ਕਰੀਬ ਅਜਿਹੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਕੇ ਮੀਟਰ ਉਤਾਰ ਕੇ ਕਬਜ਼ੇ ਵਿਚ ਲਏ ਹਨ | ਮਾਛੀਵਾੜਾ ਉਪ ਮੰਡਲ ਵਿਚ ਤਾਇਨਾਤ ਐੱਸ. ਡੀ. ਓ. ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਕਰੀਬ 6 ਕਰੋੜ 46 ਲੱਖ ਰੁਪਏ ਦੀ ਵੱਡੀ ਰਕਮ ਅਜਿਹੇ ਡਿਫਾਲਟਰ ਖਪਤਕਾਰਾਂ ਵੱਲ ਬਕਾਇਆ ਪਈ ਹੈ | ਇਸ ਵਿਚ 50 ਹਜ਼ਾਰ ਤੋਂ ਉੱਪਰ ਵਾਲੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਮੀਟਰ ਉਤਾਰ ਲਏ ਗਏ ਹਨ | ਇਸ ਤੋਂ ਇਲਾਵਾ 10 ਹਜ਼ਾਰ ਤੋਂ ਉੱਪਰ ਬਿਜਲੀ ਬਕਾਏ ਦੀ ਗੱਲ ਕਰੀਏ ਤਾਂ ਇਸ ਵਿਚ 2200 ਖਪਤਕਾਰ ਆਉਂਦੇ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਦੀ ਡਿਫਾਲਟਰ ਲਿਸਟ ਵਿਚ ਦਰਜ ਹਨ | ਅਸਲ ਵਿਚ ਇਨ੍ਹਾਂ ਡਿਫਾਲਟਰਾਂ ਦੇ ਪੂਰੇ ਅੰਕੜੇ 'ਤੇ ਨਜ਼ਰ ਮਾਰੀ ਜਾਵੇ ਤਾਂ ਕੁੱਲ 7400 ਅਜਿਹੇ ਖਪਤਕਾਰ ਹਨ, ਜਿਨ੍ਹਾਂ ਵੱਲ ਪਾਵਰਕਾਮ ਦਾ ਬਕਾਇਆ ਖੜਾ ਹੈ | ਜੇਕਰ ਪਾਵਰਕਾਮ ਅਧੀਨ ਆਉਂਦੇ ਖਪਤਕਾਰਾਂ ਦੀ ਸੰਖਿਆ 'ਤੇ ਨਜ਼ਰ ਮਾਰੀਏ ਤਾਂ ਕੁੱਲ 35 ਹਜ਼ਾਰ ਖਪਤਕਾਰਾਂ ਨੂੰ ਇਸ ਉਪ ਮੰਡਲ ਰਾਹੀਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ |