ਦੋਰਾਹਾ, 10 ਮਾਰਚ (ਜਸਵੀਰ ਝੱਜ)- ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਬਲਵੀਰ ਸਿੰਘ, ਜਗਰੂਪ ਸਿੰਘ, ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਖੇਤਰ ਨਾਲ ਸਬੰਧਿਤ ਦੇਸ਼ ਦੀਆਂ ਕੇਂਦਰੀ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਦੱਸਿਆ ਗਿਆ ਕਿ 10 ਮਾਰਚ ਵਾਲੇ ਦਿਨ ਭਾਰਤ ਦੀ ਕੇਂਦਰੀ ਸਰਕਾਰ ਪਾਰਲੀਮੈਂਟ ਵਿੱਚ ਬਿਜਲੀ ਸੋਧ ਬਿੱਲ 2025 ਪੇਸ਼ ਕਰ ਸਕਦੀ ਹੈ | ਪੇਸ਼ ਕਰਨ ਉਪਰੰਤ ਇਸਨੂੰ ਪਾਸ ਕਰਕੇ ਬਿਜਲੀ ਕਾਨੂੰਨ 2026 ਵਜੋਂ ਕਾਨੂੰਨੀ ਮਾਨਤਾ ਮਿਲ ਜਾਵੇਗੀ | ਜਿਸ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਖੇਤਰ ਵਿਚ ਦਾਖਲ ਹੋ ਕੇ ਖਪਤਕਾਰਾਂ ਅਤੇ ਬਿਜਲੀ ਮੁਲਾਜ਼ਮਾਂ ਦੀ ਤਿੱਖੀ ਲੁੱਟ ਕਰਨ ਦੀ ਖੁੱਲ ਹਾਸਲ ਹੋ ਜਾਵੇਗੀ | ਇਉ ਇਹ ਨਵਾਂ ਬਿਜਲੀ ਕਾਨੂੰਨ ਜਿਥੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਚ ਥੋਕ ਵਾਧੇ ਦਾ ਅਧਾਰ ਸਿਰਜ ਕੇ ਬਿਜਲੀ ਖੇਤਰ ਦੇ ਮੁਕੰਮਲ ਨਿੱਜੀਕਰਨ ਲਈ ਹੋਰ ਵੱਧ ਸਹਾਈ ਹੋਵੇਗਾ ਉੱਥੇ ਇਹ ਬਿਜਲੀ ਖੇਤਰ ਦੇ ਖਪਤਕਾਰਾਂ, ਮੁਲਾਜ਼ਮਾਂ ਲਈ ਹੋਰ ਵੱਧ ਤਬਾਹੀ ਦਾ ਅਧਾਰ ਸਿਰਜੇਗਾ | ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕਾਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਪੰਜਾਬ ਵਲੋਂ ਇਸਦੇ ਵਿਰੋਧ ਵਿੱਚ ਜੁਆਇੰਟ ਫੋਰਮ ਅਤੇ ਏਕਤਾ ਮੰਚ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਦੇ ਇਸ ਲੋਕ, ਮੁਲਾਜ਼ਮ ਦੋਖੀ ਫੈਸਲੇ ਦਾ ਸਾਂਝੇ ਤੌਰ ਤੇ ਵਿਰੋਧ ਕਰਨ ਦੇ ਕੀਤੇ ਫ਼ੈਸਲੇ ਨੂੰ ਲਾਗੂ ਕਰਦੇ ਹੋਏ ਰੈਗੂਲਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਤੇ ਆਊਟਸੋਰਸਡ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਨੇ ਸਾਂਝੇ ਤੌਰ 'ਤੇ ਡਵੀਜ਼ਨ ਦੋਰਾਹਾ ਵਿਖੇ ਇਕੱਠ ਕਰਕੇ ਰੋਸ ਕਰਕੇ ਉਪਰੰਤ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ | ਇਸ ਰੋਸ ਰੈਲੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਸਵਿੰਦਰ ਸਿੰਘ ਲਖਵੀਰ ਸਿੰਘ, ਅਵਤਾਰ ਸਿੰਘ, ਸੁਖਜੀਤ ਸਿੰਘ, ਰਾਮਪਾਲ ਧਮੋਟ, ਧਰਮਪਾਲ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ |