ਰਾੜਾ ਸਾਹਿਬ, 11 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘੁਡਾਣੀ ਕਲਾਂ ਵਿੱਚ ਸਮਾਜ ਭਲਾਈ ਸੰਸਥਾ ਵਲੋਂ ਧਰਮਸ਼ਾਲਾ ਪੱਤੀ ਹਿੰਦੋ ਵਿਖੇ ਪ੍ਰਸਿੱਧ ਵਾਤਾਵਰਣ ਕਾਰਕੁਨ, ਖੇਤੀਬਾੜੀ ਮਾਹਿਰ, ਲੇਖਕ ਤੇ ਕਾਲਮ-ਨਵੀਸ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬਿ੍ਜ ਮੋਹਨ ਭਾਰਦਵਾਜ ਦਾ ਲੈਕਚਰ ਕਰਵਾਇਆ ਗਿਆ | ਸੰਸਥਾ ਦੇ ਮੈਂਬਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਸੰਸਥਾ ਨੂੰ ਕਾਰਜ ਕਰਦਿਆਂ ਹੁਣ ਦੱਸ ਸਾਲ ਪੂਰੇ ਹੋ ਚੁੱਕੇ ਹਨ | ਸੰਸਥਾ ਦੁਆਰਾ ਸਾਫ਼ ਸਫ਼ਾਈ ਅਤੇ ਬੂਟੇ ਲਗਵਾਉਣ ਦਾ ਦੇ ਕਾਰਜ ਲਗਾਤਾਰ ਕੀਤੇ ਜਾਂਦੇ ਹਨ | ਇਸ ਤੋਂ ਬਿਨਾਂ ਕਈ ਹੋਰ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾਂਦੇ ਹਨ | ਪ੍ਰਧਾਨ ਕੈਪਟਨ ਹਰਜੀਤ ਸਿੰਘ, ਮੀਤ ਪ੍ਰਧਾਨ ਮੋਹਣ ਸਿੰਘ, ਸਰਪੰਚ ਗੁਰਿੰਦਰ ਸਿੰਘ, ਸਰਪ੍ਰਸਤ ਗੁਰਬਚਨ ਸਿੰਘ, ਕੈਸ਼ੀਅਰ ਰਜਿੰਦਰ ਸਿੰਘ, ਮਾਸਟਰ ਗੁਰਮੀਤ ਸਿੰਘ, ਮਾਸਟਰ ਕਰਨੈਲ ਸਿੰਘ ਤੇ ਮੈਂਬਰਾਂ ਨੇ ਮਹਿਮਾਨਾਂ ਦਾ ਬੂਟਿਆਂ ਨਾਲ ਸਵਾਗਤ ਕੀਤਾ | ਡਾ. ਬਿ੍ਜ ਮੋਹਨ ਭਾਰਦਵਾਜ ਨੇ ਕਿਹਾ ਕਿ ਵਾਤਾਵਰਨ ਸੁਰੱਖਿਆ ਲਈ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚੋਂ ਡਿਸਪੋਜ਼ੇਬਲ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੀਏ | ਉਨ੍ਹਾਂ ਨੇ ਪਿੰਡਾਂ ਦੇ ਛੱਪੜਾਂ ਦੀ ਸਾਫ਼ ਸਫ਼ਾਈ ਨੂੰ ਇਸ ਪੱਖੋਂ ਜ਼ਰੂਰੀ ਪੱਖ ਕਿਹਾ | ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਕਿਹਾ ਵਾਤਾਵਰਨ ਦਾ ਵਿਗਾੜ ਅਸਲ ਵਿੱਚ ਸਾਡੀ ਜੀਵਨ ਜਾਚ ਦੇ ਵਿਗੜਨ ਦਾ ਹੀ ਸਿੱਟਾ ਹੈ | ਸਾਡੇ ਕੋਲ ਪੇਂਡੂ ਜੀਵਨ ਜਾਚ ਦਾ ਇੱਕ ਸਾਦਾ ਮਾਡਲ ਪਹਿਲਾਂ ਹੀ ਮੌਜੂਦ ਹੈ, ਜਿਸਨੂੰ ਦੁਬਾਰਾ ਅਪਣਾਉਣ ਦੀ ਵੱਡੀ ਲੋੜ ਹੈ | ਉਨ੍ਹਾਂ ਅਨੇਕ ਉਦਾਹਰਨਾਂ ਨਾਲ ਆਪਣੀ ਗੱਲ ਬਹੁਤ ਵਿਸਥਾਰ ਨਾਲ ਹਾਜ਼ਰ ਲੋਕਾਂ ਦੇ ਸਨਮੁੱਖ ਪੇਸ਼ ਕੀਤੀ | ਮਹਿਮਾਨ ਸ਼ਖ਼ਸੀਅਤਾਂ ਦਾ ਮੋਮੈਂਟੋ ਤੇ ਦੁਸ਼ਾਲੇ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਮਾਸਟਰ ਰਤਨ ਸਿੰਘ, ਪ੍ਰੀਤਮ ਸਿੰਘ, ਗਾਇਕ ਗੁਰਪ੍ਰੀਤ ਬਿੱਲਾ, ਸ਼ਰਨਜੀਤ ਸਿੰਘ, ਰਮਜ਼ਾਨ ਮੁਹੰਮਦ, ਸੁਖਵੰਤ ਸਿੰਘ, ਬਿੱਟਾ ਕੈਸ਼ਪ, ਸੁਸ਼ੀਲ ਕੁਮਾਰ ਸ਼ੰਭੂ ਬਲਜੀਤ ਕੌਰ, ਸੁਨੀਤਾ ਰਾਣੀ, ਸਿੰਦਰ ਕੌਰ ਆਦਿ ਸਮੇਤ ਪਿੰਡ ਵਿਚੋਂ ਸੌ ਦੇ ਲਗਪਗ ਪਤਵੰਤੇ ਲੋਕ ਹਾਜ਼ਰ ਸਨ |