ਜਗਰਾਉਂ, 11 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਗਵਾੜ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਮੀਟਿੰਗ ਹੋਈ | ਇਹ ਮੀਟਿੰਗ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਵਰਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ | ਭਾਈ ਦਲੇਰ ਸਿੰਘ ਲੁਧਿਆਣਾ ਅਤੇ ਮਨਿੰਦਰ ਸਿੰਘ ਮਨੀ ਕੈਲਪੁਰ ਨੇ ਦੱਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਤਿੰਨ ਰੋਜ਼ਾ ਸਮਾਗਮ 27 ਮਾਰਚ 2026 ਤੋਂ ਸ਼ੁਰੂ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਕਰਵਾਉਣਾ ਸ਼ੁਰੂ ਕੀਤਾ ਸੀ ਜੋ ਹੁਣ ਉਨ੍ਹਾਂ ਦੇ ਸਪੁੱਤਰ ਅਤੇ ਵਰੋਸਾਏ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ | ਇੰਨ੍ਹਾਂ ਦੇ ਭੋਗ 29 ਮਾਰਚ ਸਵੇਰੇ 9 ਵਜੇ ਪਾਏ ਜਾਣਗੇ | ਇਸ ਉਪਰੰਤ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ , ਕੀਰਤਨੀ, ਕਵੀਸ਼ਰੀ ਤੇ ਢਾਡੀ ਜਥਿਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਸੰਸਥਾਵਾਂ ਦੇ ਆਗੂ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣਗੇ | ਇਸ ਮੌਕੇ ਜਰਨੈਲ ਸਿੰਘ ਜੋਧਾਂ, ਰਣਜੀਤ ਸਿੰਘ ਡੱਲਾ, ਅਵਤਾਰ ਸਿੰਘ ਬਿੱਟਾ, ਪਰਮਜੀਤ ਸਿੰਘ ਨਕੋਦਰ, ਰਵੀ ਕਪੂਰ ਨਕੋਦਰ, ਕੁਲਵੰਤ ਸਿੰਘ, ਦੇਵ ਦੱਤ ਕਪੂਰ ਆਦਿ ਹਾਜ਼ਰ ਸਨ |