ਦੋਰਾਹਾ, 28 ਮਾਰਚ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਦੇ ਨੇੜਲੇ ਪਿੰਡ ਅਜਨੌਦ ਨਹਿਰ ਪੁਲ ਨੇੜੇ ਇੱਕ ਕਾਰ ਨਹਿਰ ਵਿੱਚ ਡਿਗ ਗਈ | ਕਾਰ ਚਾਲਕ ਕਾਰ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ | ਘਟਨਾ ਦੀ ਜਾਣਕਾਰੀ ਮਿਲਣ 'ਤੇ ਦੋਰਾਹਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ, ਕਾਰ ਚਾਲਕ ਗੌਰਵ ਵਰਮਾ ਨੇ ਦੱਸਿਆ ਕਿ ਉਹ ਟਿੱਬਾ ਪੁਲ ਤੋਂ ਨਾਲਾਗੜ੍ਹ ਵੱਲ ਜਾ ਰਿਹਾ ਸੀ ਤਾਂ ਇੱਕ ਹੋਰ ਕਾਰ ਦੇ ਸਵਾਰਾਂ ਨੇ ਉਸਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹ ਕਹਿ ਕਿ ਉਹ ਬੈਂਕ ਤੋਂ ਹਨ, ਅਤੇ ਉਸਨੂੰ ਗੱਡੀ ਸਾਈਡ ਤੇ ਖੜ੍ਹੀ ਕਰਨ ਲਈ ਕਿਹਾ | ਗੌਰਵ ਨੇ ਇਹ ਵੀ ਦੱਸਿਆ ਕਿ ਕਾਰ ਵਿੱਚ ਚਾਰ ਤੋਂ ਪੰਜ ਲੋਕ ਸਨ | ਜਿਹਨਾ ਨੂੰ ਦੇਖ ਕੇ ਉਸਨੇ ਸੋਚਿਆ ਕਿ ਉਹ ਲੁਟੇਰੇ ਹਨ ਅਤੇ ਉਸ ਨੰੂ ਲੁੱਟਣ ਆਏ ਹਨ | ਅਤੇ ਇਹ ਦੇਖ ਕੇ ਉਸ ਨੇ ਤੇਜ਼ੀ ਨਾਲ ਆਪਣੀ ਕਾਰ ਭਜਾ ਲਈ ਅਤੇ ਓਹ ਆਦਮੀ ਉਸਦਾ ਪਿੱਛਾ ਕਰਦੇ ਸਨ | ਜਿਵੇਂ ਹੀ ਪੀੜਤ ਅਜਨੌਦ ਪੁਲ ਦੇ ਨੇੜੇ ਪਹੁੰਚਿਆ, ਉਸਦੇ ਪਿੱਛੇ ਕਾਰ ਦੇ ਸਵਾਰਾਂ ਨੇ ਉਸਦੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਾਰ ਤੋਂ ਬਚਣ ਦੀ ਕੋਸ਼ਿਸ਼ ਵਿੱਚ, ਗੌਰਵ ਕਾਰ ਸਮੇਤ ਨਹਿਰ ਵਿੱਚ ਡਿੱਗ ਗਏ | ਇਸ ਤੋਂ ਬਾਅਦ ਕਾਰ ਚਾਲਕ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਨਹਿਰ ਵਿਚੋਂ ਬਾਹਰ ਆ ਕੇ ਆਪਣੀ ਜਾਨ ਬਚਾਈ | ਘਟਨਾ ਦੀ ਜਾਣਕਾਰੀ ਮਿਲਣ 'ਤੇ ਦੋਰਾਹਾ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ |