ਖੰਨਾ, 28 ਮਾਰਚ (ਹਰਜਿੰਦਰ ਸਿੰਘ ਲਾਲ)-ਪਹਿਲਾਂ ਜੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਵਿਚ ਦੇਸ਼ ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾ ਚੁੱਕੇ ਡਾ. ਰਣਜੀਤ ਸਿੰਘ ਵਲੋਂ ਹੁਣ ਲੁਧਿਆਣਾ ਵਿਚ ਏ. ਆਈ. ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫ਼ਲ ਸਰਜਰੀਆਂ ਕਰ ਕੇ ਇਤਿਹਾਸ ਸਿਰਜਿਆ ਜਾ ਰਿਹਾ ਹੈ | ਡਾ. ਰਣਜੀਤ ਸਿੰਘ ਨੇ ਹਾਲ ਹੀ ਵਿਚ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 65 ਸਾਲਾ 100 ਕਿੱਲੋ ਵਜਨੀ ਮਹਿਲਾ ਭੁਪਿੰਦਰ ਕੌਰ ਦੀ ਐਸ. ਪੀ. ਐਸ. ਹਸਪਤਾਲ, ਲੁਧਿਆਣਾ ਵਿਚ ਦੋਵੇਂ ਗੋਡਿਆਂ ਦੀ ਸਫ਼ਲ ਸਰਜਰੀ ਕੀਤੀ ਹੈ | ਇਸ ਸਰਜਰੀ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਇਸ ਤੋਂ ਪਹਿਲਾਂ ਵਰਤੀ ਜਾਂਦੀ ਰੋਬੋਟਿਕ ਤਕਨੀਕ ਇਕ ਪਰੰਪਰਾਗਤ ਪ੍ਰਕਿਰਿਆ ਬਣ ਚੁੱਕੀ ਸੀ | ਜਿਸ ਵਿਚ ਅਪ੍ਰੇਸ਼ਨ ਦੌਰਾਨ ਮਰੀਜ ਦੀ ਲੱਤ ਵਿਚ ਚਾਰ ਵੱਡੇ ਕਿੱਲ ਹੱਡੀ ਵਿਚ ਡਿ੍ੱਲ ਕਰ ਕੇ ਲਗਾਏ ਜਾਂਦੇ ਸਨ | ਇਸ ਤੋਂ ਬਾਅਦ ਸਰਜਰੀ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ, ਜਿਸ ਵਿਚ ਲਗਪਗ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ | ਇਸ ਨਾਲ ਲੰਬੇ ਕੱਟ ਕਾਰਨ ਵੱਧ ਖੂਨ ਵਹਿਣ ਦੀ ਸੰਭਾਵਨਾ ਵੀ ਰਹਿੰਦੀ ਸੀ | ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਟਰਾਂਸਪਲਾਂਟ ਠੀਕ ਢੰਗ ਨਾਲ ਹੁੰਦਾ ਹੈ | ਪਰ ਇਸ ਨਾਲ ਕਈ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਸਭ ਤੋਂ ਪਹਿਲਾਂ ਕਿੱਲ ਲਗਾਉਣ ਕਾਰਨ ਹੱਡੀਆਂ ਦੇ ਫਰੈਕਚਰ ਦਾ ਖਤਰਾ, ਇਨਫ਼ੈਕਸ਼ਨ ਅਤੇ ਇੱਥੋਂ ਤੱਕ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਵੀ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖਤਰਿਆਂ ਕਰ ਕੇ ਮਰੀਜ ਅਕਸਰ ਰੋਬੋਟਿਕ ਸਰਜਰੀ ਤੋਂ ਕਤਰਾਉਂਦੇ ਹਨ | ਡਾ. ਰਣਜੀਤ ਨੇ ਕਿਹਾ ਕਿ ਇੰਨ੍ਹਾਂ ਹੀ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਏ. ਆਈ. ਪਾਵਰਡ ਰੋਬੋਲੈਂਸ ਥ੍ਰੀ ਡੀ ਤਕਨੀਕ ਰਾਹੀਂ ਸਹੀ ਅਤੇ ਸਟੀਕ ਰੀਪਲੇਸਮਾੈਟ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਸਿਰਫ਼ 20 ਮਿੰਟ ਵਿਚ ਹੋ ਜਾਂਦੀ ਹੈ ਅਤੇ ਮਰੀਜ ਨੂੰ ਕਿਸੇ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ | ਇਸ ਤੋਂ ਇਲਾਵਾ ਮਰੀਜ ਸਰਜਰੀ ਕਰਵਾਉਣ ਤੋਂ ਕੇਵਲ ਦੋ ਘੰਟੇ ਬਾਅਦ ਆਪਣੇ ਪੈਰਾਂ ਤੇ ਚੱਲਣ ਫਿਰਨ ਦੇ ਯੋਗ ਹੋ ਜਾਂਦਾ ਹੈ | ਇਸ ਲਈ ਡਾ. ਰਣਜੀਤ ਸਿੰਘ ਨੇ ਏ. ਆਈ. ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨੂੰ ਸਰਜਰੀ ਲਈ ਸਭ ਤੋਂ ਵਧੀਆ ਤੇ ਕਾਰਗਰ ਦੱਸਿਆ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਸਰਜਰੀ ਕਰਵਾਉਣ ਤੋਂ ਬਾਅਦ ਹੁਣ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਚੌਂਕੜੀ ਮਾਰ ਕੇ ਬੈਠ ਸਕਦੀ ਹੈ | ਸਰਜਰੀ ਕਰਵਾਉਣ ਤੋਂ ਬਾਅਦ ਮਹਿਲਾ ਮਰੀਜ ਭੁਪਿੰਦਰ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ. ਰਣਜੀਤ ਸਿੰਘ ਦਾ ਧੰਨਵਾਦ ਕੀਤਾ |