ਮਾਛੀਵਾੜਾ ਸਾਹਿਬ, 6 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਮਸ਼ਾਨ ਘਾਟ ਵਿਚ ਇੱਕ ਮਿ੍ਤਕ ਵਿਅਕਤੀ ਦੇ ਅੰਤਿਮ ਸਸਕਾਰ ਤੋਂ ਬਾਅਦ ਪਰਿਵਾਰ ਅਸਥੀਆਂ ਲੈਣ ਗਿਆ ਤਾਂ ਉੱਥੋਂ ਦਾ ਮਾਹੌਲ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ ਹੈ | ਜਾਣਕਾਰੀ ਅਨੁਸਾਰ ਮਾਛੀਵਾੜਾ ਵਿਖੇ ਵਾਲਮੀਕੀ ਭਾਈਚਾਰੇ ਨਾਲ ਸਬੰਧਿਤ ਤੇ ਸਫ਼ਾਈ ਯੂਨੀਅਨ ਦੇ ਪ੍ਰਧਾਨ ਰਹੇ ਪ੍ਰੇਮ ਸਾਗਰ ਦਾ 4 ਅਪ੍ਰੈਲ ਨੂੰ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ | ਕੱਲ੍ਹ ਸ਼ਾਮ ਸਾਢੇ 4 ਵਜੇ ਪਰਿਵਾਰ ਤੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਮਾਛੀਵਾੜਾ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਸਵੇਰੇ ਕਰੀਬ 9 ਵਜੇ ਜਦੋਂ ਪਰਿਵਾਰਕ ਮੈਂਬਰ ਸ਼ਮਸ਼ਾਨ ਘਾਟ ਵਿਖੇ ਅਸਥੀਆਂ ਇਕੱਤਰ ਕਰਨ ਗਏ ਤਾਂ ਉੱਥੋਂ ਦਾ ਦਿ੍ਸ਼ ਦੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਜਦੋਂ ਚਿਖਾ ਵਿਚ ਅਸਥੀਆਂ ਮੌਜੂਦ ਨਹੀਂ ਸਨ, ਪਰ ਨਾਲ ਹੀ ਇੱਕ ਥਾਲ ਅਸਥੀਆਂ ਦੀ ਭਰੀ ਹੋਈ ਪਈ ਸੀ | ਪਰਿਵਾਰ ਹੈਰਾਨ ਹੋਇਆ ਦੁਬਿਧਾ ਵਿਚ ਫਸ ਗਿਆ ਕਿ ਇਹ ਅਸਥੀਆਂ ਕੌਣ ਇਕੱਠੀਆਂ ਕਰ ਗਿਆ ਅਤੇ ਜੋ ਥਾਲ ਵਿਚ ਅਸਥੀਆਂ ਪਈਆਂ ਹਨ ਉਨ੍ਹਾਂ ਦੇ ਪਿਤਾ ਦੀਆਂ ਹਨ ਜਾਂ ਕਿਸੇ ਹੋਰ ਦੀਆਂ | ਇਸ ਘਟਨਾ ਸਬੰਧੀ ਜਦੋਂ ਬਾਕੀ ਵਾਲਮੀਕੀ ਭਾਈਚਾਰੇ ਨੂੰ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ 'ਚ ਇਕੱਤਰ ਹੋ ਗਏ ਅਤੇ ਸਥਿਤੀ ਤਣਾਅਪੂਰਨ ਹੋ ਗਈ ਕਿ ਇਨ੍ਹਾਂ ਅਸਥੀਆਂ ਨਾਲ ਸ਼ਰਾਰਤ ਕਿਸ ਵਿਅਕਤੀ ਨੇ ਕੀਤੀ ਹੈ | ਮੌਕੇ 'ਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਆ ਕੇ ਹਾਲਾਤ ਦੇਖੇ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਜਿਸ ਵਿਚ ਅਸਥੀਆਂ ਇਕੱਤਰ ਕਰਨ ਤੋਂ ਕੁੱਝ ਸਮਾਂ ਪਹਿਲਾਂ ਤਿੰਨ ਵਿਅਕਤੀ ਸ਼ੱਕੀ ਹਾਲਤ ਵਿਚ ਨਜ਼ਰ ਆਏ | ਪਰਿਵਾਰ ਤੇ ਪ੍ਰਬੰਧਕ ਕਮੇਟੀ ਵਲੋਂ ਸ਼ੰਕਾ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਅਕਤੀਆਂ ਵਲੋਂ ਹੀ ਨਾ ਕਿਸੇ ਤਾਂਤਰਿਕ ਵਿੱਦਿਆ ਜਾਂ ਹੋਰ ਕੰਮ ਲਈ ਅਸਥੀਆਂ ਨਾਲ ਛੇੜਛਾੜ ਕੀਤੀ ਗਈ ਹੋਵੇ | ਇਸ ਮੌਕੇ ਮੌਜੂਦ ਮਿ੍ਤਕ ਪ੍ਰੇਮ ਸਾਗਰ ਦੇ ਲੜਕੇ ਧਰਮਵੀਰ ਪਾਮੇ, ਨੰਬਰਦਾਰ ਰੌਸ਼ਨ ਹੰਸ, ਸਾਬਕਾ ਕੌਂਸਲਰ ਮੰਗਤ ਰਾਏ ਨੇ ਕਿਹਾ ਕਿ ਅਸਥੀਆਂ ਨਾਲ ਛੇੜਛਾੜ ਹੋਣਾ ਬਹੁਤ ਮੰਦਭਾਗਾ ਹੈ, ਇਹ ਸਾਡੇ ਬਜ਼ੁਰਗ ਦੀ ਚਿਖਾ ਦੀ ਬੇਅਦਬੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਮੰਦਿਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਤੇ ਸਮੂਹ ਕਮੇਟੀ ਵਲੋਂ ਜੋ ਪੁਲਿਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਉਸ ਵਿਚ ਸਵ. ਪ੍ਰੇਮ ਸਾਗਰ ਦੀਆਂ ਅਸਥੀਆਂ ਨਾਲ ਕੀਤੀ ਛੇੜਛਾੜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਨਾਲ ਹੀ ਪੁਲਿਸ ਤੋਂ ਮੰਗ ਕੀਤੀ ਕਿ ਜਿਨ੍ਹਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਗਿ੍ਫ਼ਤਾਰ ਕੀਤਾ ਜਾਵੇ |