ਸਮਰਾਲਾ, 7 ਅਪ੍ਰੈਲ (ਗੋਪਾਲ ਸੋਫਤ)-ਇੱਥੋਂ ਨਜ਼ਦੀਕੀ ਪਿੰਡ ਰਾਜੇਵਾਲ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਢਿੱਲੋਂ ਦੇ ਸਵਰਗੀ ਪਿਤਾ ਅਵਤਾਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਉਟਾਲਾਂ, ਜਿਨਾ ਦਾ 27 ਮਾਰਚ ਨੂੰ ਦਿਹਾਂਤ ਹੋ ਗਿਆ ਸੀ, ਨੂੰ ਅੱਜ ਰਾਜੇਵਾਲ ਵਿਖੇ ਅੰਤਿਮ ਅਰਦਾਸ ਉਪਰੰਤ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਨੇ ਢਿੱਲੋਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵਰਗੀ ਸਰਦਾਰ ਢਿੱਲੋਂ ਸਮਰਾਲਾ ਹਲਕੇ ਦੀ ਅਕਾਲੀ ਰਾਜਨੀਤੀ ਵਿੱਚ ਅਹਿਮ ਸਥਾਨ ਰੱਖਦੇ ਸਨ ਅਤੇ ਉਨਾਂ ਦੀ ਅਗਾਂਹਵਧੂ ਸੋਚ ਸਦਕਾ ਉਨਾਂ ਨੇ ਆਪਣੇ ਪਰਿਵਾਰ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉੱਚ ਸਿੱਖਿਆ ਦੇ ਨਾਲ ਨਾਲ ਸਮਾਜ ਵਿੱਚ ਸੇਵਾ ਭਾਵਨਾ ਨਾਲ ਜੁੜੇ ਰਹਿਣ ਦੀ ਸੇਧ ਵੀ ਦਿੱਤੀ ਸੀ | ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਕੌਂਸਲਰ ਲਾਲਾ ਮੰਗਤ ਰਾਏ ਮਾਲਵਾ ਅਤੇ ਹਰ ਸੁਰਮੁਖ ਸਿੰਘ ਚੇਅਰਮੈਨ ਖੇਤੀ ਵਿਕਾਸ ਬੈਂਕ ਸਮੇਤ ਅਨੇਕਾ ਰਾਜਸੀ, ਧਾਰਮਿਕ ਅਤੇ ਸਮਾਜਸੇਵੀ ਆਗੂ ਵੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ |
ਖੀਰਨੀਆਂ, ਢਿੱਲੋਂ, ਗਿੱਲ, ਪੂਰਬਾ ਅਤੇ ਪਰਮਜੀਤ ਢਿੱਲੋਂ ਵਲੋਂ ਅਵਤਾਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਟ
ਅਜੀਤ ਡੈਸਕ
08-04-2026